ਮੰਡੀ ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪੂਰੇ ਦੇਸ਼ ਵਿਚ ਇਸ ਸਮੇਂ ਛੋਟੀਆਂ ਬਾਲੜੀਆ ਨਾਲ ਜਬਰ ਜ਼ਨਾਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਹ ਘਟਨਾਵਾਂ ਇਸ ਸਮੇਂ ਦੀਆਂ ਸਰਕਾਰਾਂ, ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਕੰਟਰੋਲ 'ਚ ਨਹੀਂ ਹਨ, ਜਿਸ ਕਾਰਨ ਜਬਰ ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਇਸਦਾ ਕੋਈ ਡਰ ਨਹੀਂ ਹੈ। ਬੀਤੇ ਕੁਝ ਦਿਨ ਪਹਿਲਾਂ ਜੰਮੂ ਦੇ ਸ਼ਹਿਰ ਕਠੂਆ ਵਿਖੇ 8 ਸਾਲ ਦੀ ਬੱਚੀ ਆਸਫ਼ਾ ਨਾਲ ਕੀਤੇ ਜਬਰ ਜ਼ਨਾਹ ਦੀ ਘਟਨਾ ਨੇ ਸਮੁੱਚੇ ਦੇਸ਼ ਨੂੰ ਹਿਲਾ ਦਿੱਤਾ ਹੈ। ਇਸੇ ਵਿਸ਼ੇ ਨੂੰ ਲੈ ਕੇ ਸਮਾਜ ਵਿਚ ਵਿਚਰ ਰਹੀਆਂ ਵੱਖ ਔਰਤਾਂ ਦੇ ਵਿਚਾਰ ਲਏ ਗਏ ਹਨ ।
ਜਬਰ ਜ਼ਨਾਹ ਕਰਨ ਵਾਲਿਆਂ ਨੂੰ ਮੌਤ ਦੀ ਦਿੱਤੀ ਜਾਵੇ ਸਜ਼ਾ : ਹਰਗੋਬਿੰਦ ਕੌਰ
ਔਰਤ ਤੇ ਬੱਚਾ ਭਲਾਈ ਸੰਸਥਾਂ ਪੰਜਾਬ ਦੀ ਚੇਅਰਪਰਸਨ ਹਰਗੋਬਿੰਦ ਕੌਰ ਨੇ ਬਾਲੜੀਆਂ ਨਾਲ ਜਬਰ ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂ. ਪੀ. ਦੇ ਕਸਬੇ ਉਨਾਵ ਵਿਖੇ ਵੀ ਇਕ ਬਾਲੜੀ ਨੂੰ ਵੀ ਜਬਰ ਜ਼ਨਾਹ ਦਾ ਸ਼ਿਕਾਰ ਬਣਾਇਆ ਹੈ। ਅਜਿਹੀਆ ਘਟਨਾਵਾਂ ਸਾਡੇ ਸਮਾਜ ਲਈ ਬੇਹੱਦ ਖਤਰਨਾਕ ਸਾਬਿਤ ਹੋ ਰਹੀਆਂ ਹਨ ਪਰ ਸਮੇਂ ਦੀਆਂ ਸਰਕਾਰਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਫ਼ਲ ਸਾਬਿਤ ਹੋ ਰਹੀਆਂ ਹਨ।
ਪੰਜਾਬ ਸਰਕਾਰ ਵੀ ਸਖਤ ਬਿੱਲ ਪਾਸ ਕਰੇ : ਨਿਸ਼ਾ ਮੋਂਗਾ
ਸ੍ਰੀ ਸੁਰਿੰਦਰ ਕੁਮਾਰ ਗੁਪਤਾ ਸਰਵ ਹਿੱਤਕਾਰੀ ਵਿੱਦਿਆ ਮੰਦਰ ਦੀ ਪ੍ਰਿੰਸੀਪਲ ਨਿਸ਼ਾ ਮੋਂਗਾ ਨੇ ਕਿਹਾ ਹੈ ਕਿ ਜਿਵੇਂ ਗੁਆਂਢੀ ਰਾਜ ਰਾਜਸਥਾਨ ਤੇ ਹਰਿਆਣਾ ਨੇ ਜਬਰ ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਵਾਲਾ ਬਿੱਲ ਪਾਸ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਬਿੱਲ ਪਾਸ ਕਰ ਦੇਣਾ ਚਾਹੀਦਾ ਹੈ।
ਔਰਤਾਂ ਕਿਧਰੇ ਵੀ ਨਹੀਂ ਹਨ ਸੁਰੱਖਿਅਤ : ਡਾ. ਕਿਰਨਦੀਪ ਕੌਰ
ਐੱਸ. ਐੱਮ. ਓ. ਚੱਕ ਸ਼ੇਰੇਵਾਲਾ ਡਾ : ਕਿਰਨਦੀਪ ਕੌਰ ਨੇ ਕਿਹਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਇਥੇ ਔਰਤਾਂ ਸੁਰੱਖਿਅਤ ਨਹੀਂ ਹਨ। ਸਰਕਾਰਾਂ ਨੂੰ ਔਰਤਾਂ ਦੀ ਸੁਰੱਖਿਆ ਦੇ ਪ੍ਰਤੀ ਪੂਰੀ ਗੰਭੀਰਤਾ ਨਾਲ ਸੋਚ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸਮਾਜ ਵਿਚ ਔਰਤ ਦਾ ਬਹੁਤ ਵੱਡਾ ਰੋਲ ਹੈ। ਬੱਸਾਂ, ਕਾਰਾਂ, ਰੇਲ ਗੱਡੀਆ ਤੇ ਜਨਤਕ ਥਾਵਾਂ 'ਤੇ ਵੀ ਲੜਕੀਆਂ ਸੁਰੱਖਿਅਤ ਨਹੀਂ ਹਨ।
ਸਮਾਜ ਵੀ ਹੋਵੇ ਜਿੰਮੇਵਾਰ : ਕਿਰਨਦੀਪ ਕੌਰ ਢਿੱਲੋਂ
ਬਾਬਾ ਫਰੀਦ ਕਾਲਜ ਦਿਉਣ ਦੀ ਵਿਦਿਆਰਥਣ ਕਿਰਨਦੀਪ ਕੌਰ ਢਿੱਲੋਂ ਨੇ ਕਿਹਾ ਕਿ ਔਰਤ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ ਜੋ ਸਮਾਜ ਰੂਪੀ ਸਰੀਰ ਨੂੰ ਸਹਾਰਾ ਦਿੰਦੀ ਹੈ, ਜੇਕਰ ਉਸੇ ਸਮਾਜ ਦੇ ਕੁਝ ਅਨਸਰ ਇਸ ਰੀੜ 'ਤੇ ਹਮਲਾ ਕਰਨ ਤਾਂ ਇਸ ਤੋਂ ਮੰਦਭਾਗਾ ਹੋਰ ਕੁਝ ਨਹੀਂ। ਇਸ ਮਾਮਲੇ ਨੂੰ ਲੈ ਕੇ ਕਾਨੂੰਨ ਸਿਰਫ਼ ਸਖ਼ਤ ਹੀ ਨਹੀਂ ਹੋਣੇ ਚਾਹੀਦੇ ਬਲਕਿ ਕਾਨੂੰਨ ਨੂੰ ਲਾਗੂ ਕਰਨ ਦੀ ਨੀਅਤ ਵੀ ਸਾਫ਼ ਹੋਣੀ ਚਾਹੀਦੀ ਹੈ।
ਟਰਾਲੇ ਦੀ ਮੋਟਰਸਾਈਕਲ ਨਾਲ ਹੋਈ ਜ਼ਬਰਦਸਤ ਟੱਕਰ, 3 ਭੈਣਾਂ ਦੇ ਇਕਲੌਤੇ ਭਰਾ ਸਮੇਤ 2 ਦੀ ਮੌਤ
NEXT STORY