ਬਲਜਿੰਦਰ ਮਾਨ
ਅੱਜਕੱਲ ਪੂਰਾ ਭਾਰਤ ਲਾਕਡਾਊਨ ਜਾਂ ਕਰਫਿਊ ਕਾਰਨ ਘਰ ਬੈਠਾ ਹੈ। ਸਰਕਾਰੀ ਅਤੇ ਸਮਾਜ ਸੇਵੀ ਏਜੰਸੀਆਂ ਕੋਰੋਨਾ ਨਾਲ ਨਜਿੱਠਣ ਲਈ ਦਿਨ ਰਾਤ ਜੁਟੀਆਂ ਹੋਈਆਂ ਹਨ। ਕਿਤੇ ਕੋਈ ਕੋਰੋਨਾ ਮਹਾਮਾਰੀ ਤੋਂ ਪੀੜਤ ਹੈ ਅਤੇ ਕਿਤੇ ਕੋਈ ਘਰ ਬੈਠਾ ਭੁੱਖ ਨਾਲ ਜੂਝ ਰਿਹਾ ਹੈ। ਘਰਾਂ ਵਿਚ ਬੇਕਾਰ ਬੈਠੇ ਲੋਕ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਸਮਾਜਿਕ ਉਲਝਣਾ ਵਿਚ ਉਲਝੀ ਜਾ ਰਹੇ ਹਨ। ਅਜਿਹੀਆਂ ਹਾਲਤ ਨਾਲ ਦੋ ਚਾਰ ਹੋਣ ਲਈ ਹਰ ਕਿਸੇ ਕੋਲ ਰੁਝੇਵਾਂ ਹੋਣਾ ਜ਼ਰੂਰੀ ਹੈ। ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਆਪਣਾ ਰੁਝੇਵਾਂ ਬਣਾਈ ਰੱਖਣ ਲਈ ਘਰ ਵਿਚ ਟਾਈਮ ਟੇਬਲ ਬਣਾਕੇ ਪੜ੍ਹਾਈ ਕਰਨੀ ਅਜੋਕੇ ਸਮੇਂ ਦੀ ਮੰਗ ਬਣ ਗਈ ਹੈ। ਸਧਾਰਣ ਹਾਲਤਾਂ ਘਰ ਦਾ ਟਾਈਮ ਟੇਬਲ ਬਣਿਆ ਹੋਵੇ ਤਾਂ ਉਨ੍ਹਾਂ ਦੀ ਪ੍ਰਗਤੀ ਵਿਚ ਖਾਸ ਵਾਧਾ ਹੋ ਜਾਂਦਾ ਹੈ।
ਟਾਈਮ ਟੇਬਲ ਕਿਵੇਂ ਬਣਾਈਏ ?
ਟਾਈਮ ਟੇਬਲ ਬਣਾਉਣ ਦੀ ਸਮੱਸਿਆ ਦਾ ਹੱਲ ਕਰਦਿਆਂ ਅਧਿਆਪਕਾਂ ਨੇ ਲੋੜੀਂਦੀਆਂ ਸਾਈਟਸ ਅਤੇ ਗਰੁੱਪਾਂ ’ਤੇ ਟਾਈਮ ਟੇਬਲ ਨਿਰਧਾਰਤ ਕਰ ਦਿੱਤਾ ਹੈ। ਜਿਸ ਅਨੁਸਾਰ ਉਹ ਜੂਮ ਐਪ ਜਾਂ ਹੋਰ ਸਾਧਨਾ ਰਾਹੀਂ ਘਰ ਬੈਠਿਆਂ ਦੀ ਪੜ੍ਹਾਈ ਕਰਵਾ ਰਹੇ ਹਨ। ਕੁਝ ਇਲਾਕਿਆਂ ਵਿਚ ਨੈੱਟ ਜਾਂ ਸਮਾਰਟ ਫੋਨ ਦੀ ਕਮੀ ਕਾਰਨ ਵਿਦਿਆਰਥੀਆਂ ਤਕ ਇਸ ਦੀ ਪਹੁੰਚ ਯਕੀਨੀ ਨਹੀਂ ਬਣ ਰਹੀ। ਜਿਸ ਵਾਸਤੇ ਉਨ੍ਹਾਂ ਨੂੰ ਖੁਦ ਹਿੰਮਤ ਕਰਨੀ ਪੈਣੀ ਹੈ। ਇਸ ਵਾਸਤੇ ਉਨ੍ਹਾਂ ਨੂੰ ਸਵੇਰੇ ਨਾਹ ਧੋ ਕੇ ਆਪਣੀ ਪੜ੍ਹਾਈ ਦਾ ਆਰੰਭ ਸਵੇਰੇ ਨੌਂ ਵਜੇ ਤਕ ਜ਼ਰੂਰ ਕਰ ਦੇਣਾ ਚਾਹੀਦਾ ਹੈ।
ਜਮਾਤ ਦੇ ਨੌਂ ਵਿਸ਼ਿਆਂ ਦੀ ਪੜ੍ਹਾਈ ਲਈ ਜੇਕਰ ਅਸੀਂ ਹਰ ਵਿਸ਼ੇ ਨੂੰ ਚਾਲ੍ਹੀ ਮਿੰਟ ਵੀ ਦੇਈਏ ਤਾਂ ਛੇ ਘੰਟੇ ਬਣ ਜਾਂਦੇ ਹਨ। ਪੜ੍ਹਾਈ ਤਾਂ ਅਸੀਂ ਸਾਰੇ ਵਿਸ਼ਿਆਂ ਦੀ ਹੀ ਕਰਨੀ ਹੈ ਪਰ ਅਸੀਂ ਆਪਣੇ ਕਮਜ਼ੋਰ ਵਿਸ਼ਿਆਂ ਨੂੰ ਜ਼ਿਆਦਾ ਸਮਾਂ ਦੇ ਸਕਦੇ ਹਾਂ। ਘਰ ਵਿਚ ਪੜ੍ਹਾਈ ਲਈ ਕਿਸੇ ਨਿਵੇਕਲੀ ਥਾਂ ਦੀ ਚੋਣ ਵੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਆਪਣੀ ਸਮਾਂ ਸਾਰਣੀ ਤਿਆਰ ਕਰੋ, ਫਿਰ ਇਸ ਅਨੁਸਾਰ ਆਪਣੇ ਆਪ ਨੂੰ ਤਿਆਰ ਕਰ ਲਵੋ। ਇਕ ਹਫਤੇ ਦੀ ਲਗਾਤਾਰਤਾ ਨਾਲ ਹੀ ਤੁਹਾਡਾ ਮਨ ਇਸ ਪ੍ਰਕਿਰਿਆ ਵਿਚ ਢਲ ਜਾਵੇਗਾ।
ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ !
ਪੜ੍ਹੋ ਇਹ ਵੀ ਖਬਰ - ਪੰਜਾਬ ਡਾਇਰੀ 3 : ਲਹਿੰਦੇ ਪੰਜਾਬ ਦੀਆਂ ਮੁਹੱਬਤੀ ਤਸਵੀਰਾਂ
ਪੜ੍ਹੋ ਇਹ ਵੀ ਖਬਰ - World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ
ਘਰ ਵਿਚ ਕਿੱਥੇ ਬੈਠ ਕੇ ਪੜ੍ਹੀਏ
ਇਨ੍ਹਾਂ ਦਿਨਾਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਘਰ ਵਿਚ ਪੜ੍ਹਾਈ ਦਾ ਵਾਤਾਵਰਨ ਸਿਰਜਣ ਦੀ ਲੋੜ ਹੈ। ਹਰ ਘਰ ਵਿਚ ਅਲੱਗ-ਅਲੱਗ ਕਮਰੇ ਤਾਂ ਉਪਲੱਬਧ ਨਹੀਂ ਹੁੰਦੇ। ਫਿਰ ਵੀ ਸਾਨੂੰ ਚਾਹੀਦਾ ਹੈ ਕਿ ਅਸੀਂ ਘਰ ਦਾ ਇਕ ਸ਼ਾਂਤ ਕੋਨਾ ਜਾਂ ਕਮਰਾ ਇਸ ਵਾਸਤੇ ਚੁਣ ਲਈਏ। ਨਿਵੇਕਲੇ ਸਥਾਨ ’ਤੇ ਬੈਠ ਕੇ ਅਸੀਂ ਆਪਣੀ ਪੜ੍ਹਾਈ ਨੂੰ ਨਿਰਵਿਘਨ ਕਰ ਸਕਦੇ ਹਾਂ। ਸੋ ਘਰ ਵਿਚ ਪੜ੍ਹਨ ਵਾਸਤੇ ਇਕ ਨਿਵੇਕਲਾ ਸਥਾਨ ਚੁਣ ਲਵੋ, ਜਿੱਥੇ ਤੁਹਾਡੀ ਪੜ੍ਹਾਈ ਵਿਚ ਕੋਲ ਰੁਕਾਵਟ ਨਾ ਪਵੇ।
ਮਾਪੇ ਕਿਵੇਂ ਸਹਿਯੋਗ ਕਰਨ
ਲਾਕਡਾਊਨ ਦੇ ਦਿਨਾਂ ਵਿਚ ਵਿਦਿਆਰਥੀਆਂ ਪ੍ਰਤੀ ਸਭ ਤੋਂ ਵੱਖ ਜ਼ਿੰਮੇਵਾਰੀ ਮਾਪਿਆਂ ਦੀ ਹੈ। ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਵਿਚ ਹਰ ਤਰਾਂ ਸਹਿਯੋਗ ਅਤੇ ਅਗਵਾਈ ਕਰਨ ਦੀ ਵਿਸ਼ੇਸ਼ ਲੋੜ ਹੈ। ਜੇਕਰ ਮਾਪੇ ਉਨ੍ਹਾਂ ਦੀ ਪੜ੍ਹਾਈ ਵਿਚ ਮਦਦ ਨਹੀਂ ਕਰਦੇ ਤਾਂ ਉਹ ਪਿਛੜ ਸਕਦੇ ਹਨ। ਜੇਕਰ ਨੈਟ ਰਾਹੀਂ ਅਧਿਆਪਕਾਂ ਦੀ ਕਲਾਸ ਉਪਲੱਬਧ ਹੈ ਤਾਂ ਬਹੁਤ ਚੰਗੀ ਗੱਲ ਹੈ। ਜੇਕਰ ਇਸਦੀ ਕਮੀ ਹੈ ਤਾਂ ਮਾਪਿਆਂ ਨੂੰ ਅਧਿਆਪਕ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ। ਘਰ ਵਿਚ ਪੰਜ ਛੇ ਘੰਟੇ ਦੀ ਪੜ੍ਹਾਈ ਉਪਰੰਤ ਬੱਚਿਆਂ ਨੂੰ ਕਝ ਸਮਾਂ ਮਨੋਰੰਜਨ ਅਤੇ ਕਸਰਤ ਨੂੰ ਵੀ ਦੇਣਾ ਚਾਹੀਦਾ ਹੈ। ਘਰ ਦੇ ਕੰਮਾਂ ਵਿਚ ਖਾਸ ਕਰ ਕਲਾਤਮਿਕ ਅਤੇ ਕੁਕਿੰਗ ਆਦਿ ਕਾਰਜਾਂ ਰਾਹੀਂ ਆਪਣੀ ਕਲਾ ਨੂੰ ਵੀ ਵਿਕਸਤ ਕੀਤਾ ਜਾ ਸਕਦਾ ਹੈ।
ਵੱਡਿਆਂ ਦਾ ਸਹਿਯੋਗ ਜ਼ਰੂਰੀ
ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਵੱਡੇ ਭੈਣ ਭਰਾਵਾਂ ਦਾ ਆਪਣੀ ਪੜ੍ਹਾਈ ਵਿਚ ਸਹਿਯੋਗ ਜ਼ਰੂਰ ਲੈਣਾ ਚਾਹੀਦਾ ਹੈ। ਜੇਕਰ ਕੋਈ ਆਂਢੀ-ਗੁਆਂਢੀ ਵੀ ਇਸ ਵਿਚ ਸਹਾਇਤਾ ਕਰ ਸਕਦਾ ਹੈ। ਉਸ ਵਿਚ ਸਾਨੂੰ ਕਦੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਪਿਆਰ ਅਤੇ ਸਤਿਕਾਰ ਨਾਲ ਅਸੀਂ ਸਭ ਕੁਝ ਹਾਸਲ ਕਰ ਸਕਦੇ ਹਾਂ। ਸੋ ਅਜੋਕੇ ਸਮੇਂ ਵਿਚ ਆਪਣੇ ਸਮੇਂ ਦਾ ਸਹੀ ਇਸਤੇਮਾਲ ਟਾਈਮ ਟੇਬਲ ਅਨੁਸਾਰ ਪੜ੍ਹਾਈ ਕਰਕੇ ਹੀ ਕਰ ਸਕਦੇ। ਦੋਸਤੋ ਵੇਲਾ ਸੰਭਾਲੋ ਤੇ ਅੱਜ ਹੀ ਸਮਾਂ ਸਾਰਣੀ ਅਨੁਸਾਰ ਪੜ੍ਹਾਈ ਦਾ ਆਰੰਭ ਕਰ ਦੇਵੋ। ਜਿਸ ਤੋਂ ਵੀ ਅਗਵਾਈ ਮਿਲਦੀ ਹੈ, ਉਸਤੋਂ ਜ਼ਰੂਰ ਹਾਸਲ ਕਰੋ। ਹੌਸਲੇ ਅਤੇ ਦ੍ਰਿੜਤਾ ਨਾਲ ਘਰ ਵਿਚ ਰਹਿ ਕੇ ਪੜ੍ਹਨਾ ਹੈ ਅਤੇ ਕੋਵਿਡ-19 ਨੂੰ ਭਜਾਉਣਾ ਹੈ।
ਕਰਫਿਊ ਦੀ ਪਾਲਣਾ ਕਰਨ 'ਤੇ ਨਵ ਵਿਆਹੇ ਜੋੜੇ ਨੂੰ ਪੁਲਸ ਨੇ ਦਿੱਤਾ ਸਰਪ੍ਰਾਈਜ਼, ਇੰਝ ਕੀਤਾ ਸਨਮਾਨਤ
NEXT STORY