ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਕੁਆਲਿਟੀ ਕੰਟਰੋਲ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਕੁਝ ਸਮਾਂ ਪਹਿਲਾਂ ਸੀਮੈਂਟ ਨਾਲ ਬਣੀ ਲੋਹਾਰਾ ਮੇਨ ਰੋਡ ਅਚਾਨਕ ਉਖੜ ਗਈ, ਜਿਸ ਕਾਰਨ ਨਿਗਮ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਪ੍ਰੀਮਿਕਸ ਸੜਕਾਂ ਦੇ ਮੁਕਾਬਲੇ ਵੱਧ ਖਰਚ ਕਰਕੇ ਸੀਮੈਂਟ ਵਾਲੀਆਂ ਸੜਕਾਂ ਇਸ ਦਾਅਵੇ ਨਾਲ ਬਣਾਈਆਂ ਜਾ ਰਹੀਆਂ ਹਨ ਕਿ ਇਹ ਜ਼ਿਆਦਾ ਮਜ਼ਬੂਤ ਅਤੇ ਲੰਬੀ ਉਮਰ ਵਾਲੀਆਂ ਹੁੰਦੀਆਂ ਹਨ। ਪਰ ਜ਼ਮੀਨੀ ਹਕੀਕਤ ਇਸਦੇ ਉਲਟ ਨਜ਼ਰ ਆ ਰਹੀ ਹੈ ਅਤੇ ਆਏ ਦਿਨ ਸੀਮੈਂਟ ਦੀਆਂ ਸੜਕਾਂ ਦੇ ਟੁੱਟਣ ਅਤੇ ਉਖੜਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਤਾਜ਼ਾ ਮਾਮਲਾ ਜੋਨ ਸੀ ਅਧੀਨ ਆਉਂਦੀ ਲੋਹਾਰਾ ਮੇਨ ਰੋਡ ਦਾ ਹੈ, ਜਿੱਥੇ ਕੁਝ ਸਮਾਂ ਪਹਿਲਾਂ ਹੀ ਬਣੀ ਸੀਮੈਂਟ ਦੀ ਸੜਕ ਅਚਾਨਕ ਉਖੜ ਗਈ। ਮੰਨਿਆ ਜਾ ਰਿਹਾ ਹੈ ਕਿ ਸੜਕ ਨਿਰਮਾਣ ਦੌਰਾਨ ਘਟੀਆ ਮਟੀਰੀਅਲ ਦੀ ਵਰਤੋਂ ਇਸਦਾ ਮੁੱਖ ਕਾਰਨ ਹੈ। ਜਾਣਕਾਰੀ ਮੁਤਾਬਕ, ਸੜਕ ਵਿੱਚ ਸੀਮੈਂਟ ਅਤੇ ਸਰਿਆ ਨਿਰਧਾਰਿਤ ਮਾਤਰਾ ਵਿੱਚ ਨਹੀਂ ਵਰਤੇ ਗਏ ਅਤੇ ਬੇਸ ਤਿਆਰ ਕਰਨ ਦਾ ਕੰਮ ਵੀ ਮਾਪਦੰਡਾਂ ਅਨੁਸਾਰ ਨਹੀਂ ਕੀਤਾ ਗਿਆ।
ਸੜਕ ਦੇ ਉਖੜਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਨਗਰ ਨਿਗਮ ਦੀ ਖੂਬ ਕਿਰਕਿਰੀ ਹੋ ਰਹੀ ਹੈ। ਇਸ ਤੋਂ ਪਹਿਲਾਂ ਹੀ ਠੇਕੇਦਾਰਾਂ ਨੂੰ ਭੁਗਤਾਨ ਜਾਰੀ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਉੱਧਰ ਮੇਅਰ, ਕਮਿਸ਼ਨਰ, ਐਸ.ਈ. ਅਤੇ ਬੀ ਐਂਡ ਆਰ ਬ੍ਰਾਂਚ ਦੇ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਚੁੱਪੀ ਸਾਧੀ ਹੋਈ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਤਾੜ-ਤਾੜ ਚੱਲੀਆਂ ਗੋਲੀਆਂ, ਪਿੰਡ 'ਚ ਦਹਿਸ਼ਤ ਦਾ ਮਾਹੌਲ
NEXT STORY