ਚੰਡੀਗੜ੍ਹ/ਜਲੰਧਰ : ਲੋਹੜੀ ਦਾ ਤਿਉਹਾਰ ਪੂਰੇ ਦੇਸ਼ 'ਚ ਬੜੇ ਚਾਵਾਂ 'ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦਾ ਸਭ ਤੋਂ ਜ਼ਿਆਦਾ ਚਾਅ ਛੋਟੇ-ਛੋਟੇ ਬੱਚਿਆਂ ਨੂੰ ਹੁੰਦਾ ਹੈ, ਜੋ ਟੋਲੀਆਂ ਬਣਾ ਕੇ ਘਰ-ਘਰ ਗੀਤ ਗਾ ਕੇ ਲੋਹੜੀ ਮੰਗਦੇ ਹਨ। ਰਾਤ ਵੇਲੇ ਕੁੜੀਆਂ, ਮੁੰਡੇ ਆਪੋ-ਆਪਣੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਨਿਕਲਦੇ ਹਨ ਤਾਂ ਹਰ ਪਾਸੇ ਲੋਹੜੀ ਦੇ ਗੀਤਾਂ ਦੀ ਗੂੰਜ ਸੁਣਨ ਨੂੰ ਮਿਲਦੀ ਹੈ। ਲੋਹੜੀ 'ਤੇ ਗਾਏ ਜਾਣ ਵਾਲੇ ਹੋਰ ਵੀ ਬਹੁਤ ਸਾਰੇ ਗੀਤ ਹਨ, ਜੋ ਇਸ ਤਰ੍ਹਾਂ ਹਨ—
ਸੁੰਦਰ-ਮੁੰਦਰੀਏ
ਸੁੰਦਰ-ਮੁੰਦਰੀਏ
ਤੇਰਾ ਕੌਣ ਵਿਚਾਰਾ
ਦੁੱਲਾ ਭੱਟੀ ਵਾਲਾ
ਦੁੱਲੇ ਨੇ ਧੀ ਵਿਆਹੀ
ਸੇਰ ਸ਼ੱਕਰ ਪਾਈ
ਕੁੜੀ ਦਾ ਲਾਲ ਪਟਾਕਾ
ਕੁੜੀ ਦਾ ਸ਼ਾਲੂ ਪਾਟਾ
ਸ਼ਾਲੂ ਕੌਣ ਸਮੇਟੇ
ਚਾਚਾ ਗਾਲੀ ਦੇਸੇ
ਚਾਚੇ ਚੂਰੀ ਕੁੱਟੀ
ਜਿਮੀਂਦਾਰਾ ਲੁੱਟੀ
ਜਿਮੀਂਦਾਰਾ ਸਦਾਏ
ਗਿਣ-ਗਿਣ ਪੋਲੇ ਲਾਏ
ਇਕ ਪੋਲਾ ਘਿਸ ਗਿਆ, ਜਿਮੀਂਦਾਰ ਵਹੁਟੀ ਲੈ ਕੇ ਨੱਸ ਗਿਆ
ਮਾਮਾ ਆਇਆ ਸੀ
ਚਾਰ ਅੰਬ ਲਿਆਇਆ ਸੀ
ਇਕ ਅੰਬ ਕਾਣਾ
ਲੋਹੜੀ ਲੈ ਕੇ ਜਾਣਾ
ਡੂੰਘਾ-ਡੂੰਘਾ-ਡੂੰਘਾ
ਡੂੰਘੇ ਵਿੱਚ ਸਾਗ
ਸਾਗ ਵਿਚ ਮਿਰਚ
ਮਿਰਚ ਲੱਗੀ ਕੌੜੀ
ਦੇ ਮਾਈ ਲੋਹੜੀ
ਕੁੜੀਆਂ ਦੇ ਗੀਤ
ਪਾ ਨੀ ਮਾਈ ਪਾਥੀ ਤੇਰਾ ਪੁੱਤ ਚੜ੍ਹੇਗਾ ਹਾਥੀ
ਹਾਥੀ ਉੱਤੇ ਜੌਂ, ਤੇਰੇ ਪੁੱਤ-ਪੋਤਰੇ ਨੌਂ
ਨੌਵਾਂ ਦੀ ਕਮਾਈ, ਤੇਰੀ ਝੋਲੀ ਵਿਚ ਪਾਈ
ਟੇਰ ਨੀ ਮਾਂ ਟੇਰ ਨੀ
ਲਾਲ ਚਰਖਾ ਫੇਰ ਨੀ
ਬੁੱਢੀ ਸੱਸ ਲੈਂਦੀ ਹੈ
ਉੱਤੋਂ ਰਾਤ ਪੈਂਦੀ ਹੈ
ਅੰਦਰ ਵੱਟੇ ਨਾ ਖੜਕਾਓ
ਸਾਨੂੰ ਦੂਰੋਂ ਨਾ ਡਰਾਓ
ਚਾਰਕ ਦਾਣੇ ਖਿੱਲਾਂ ਦੇ
ਪਾਥੀ ਲੈ ਕੇ ਹਿੱਲਾਂਗੇ
ਕੋਠੇ ਉੱਤੇ ਮੋਰ
ਸਾਨੂੰ ਪਾਥੀ ਦੇ ਕੇ ਤੋਰ
ਤੇਰੇ ਕੋਠੇ 'ਤੇ ਪਰਨਾਲਾ
ਸਾਨੂੰ ਉੱਤੋਂ ਲੱਗਦਾ ਪਾਲਾ
ਤੇਰੇ ਕੋਠੇ ਉੱਤੇ ਮੋਰ
ਸਾਨੂੰ ਛੇਤੀ-ਛੇਤੀ ਤੋਰ
ਸਾਡੇ ਪੈਰਾਂ ਹੇਠਾਂ ਰੋੜ
ਸਾਨੂੰ ਛੇਤੀ-ਛੇਤੀ ਤੋਰ
ਸਾਡੇ ਪੈਰਾਂ ਹੇਠ ਦਹੀਂ
ਅਸੀਂ ਮਿਲਣਾ ਵੀ ਨਹੀਂ
ਸਾਡੇ ਪੈਰਾਂ ਹੇਠ ਪਰਾਤ
ਸਾਨੂੰ ਉੱਤੋਂ ਪੈ ਗਈ ਰਾਤ
ਸ੍ਰੀ ਦਰਬਾਰ ਸਹਿਬ ਦੇ ਅਲੌਕਿਕ ਜਲੌਅ ਨੇ ਕੀਲੇ ਸ਼ਰਧਾਲੂ (ਵੀਡੀਓ)
NEXT STORY