ਲੌਂਗੋਵਾਲ,(ਵਸ਼ਿਸ਼ਟ)- ਸ਼ਹਿਰ 'ਚ ਵਾਪਰੇ ਸਕੂਲ ਵੈਨ ਅਗਨੀ ਕਾਂਡ 'ਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਲਈ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਥੇ ਸ਼ਰਧਾਂਜਲੀ ਮਾਰਚ ਕੱਢ ਕੇ ਹਾਦਸੇ ਦੌਰਾਨ ਵਿਛੜੇ ਨੰਨ੍ਹੇ ਮੁੰਨਿਆਂ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ । ਉੱਥੇ ਹੀ ਇਸ ਘਟਨਾ ਦੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦਿਵਾਉਣ ਤੋਂ ਇਲਾਵਾ ਜ਼ਖ਼ਮੀ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਸਹਾਇਤਾ ਰਾਸ਼ੀ ਦੇਣ ਦੀ ਮੰਗ ਨੂੰ ਲੈ ਕੇ ਭਲਕੇ ਰਸਤਾ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ।
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਇਹ ਮਾਰਚ ਦੇਸ਼ ਭਗਤ ਯਾਦਗਾਰ ਤੋਂ ਸ਼ੁਰੂ ਹੋ ਕੇ ਕਸਬੇ ਦੇ ਵੱਖ-ਵੱਖ ਮਹੱਲਿਆਂ ਤੇ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਸ਼ੁੱਕਰਵਾਰ ਸ਼ਾਮ ਨੂੰ ਬੱਸ ਸਟੈਂਡ 'ਤੇ ਆ ਕੇ ਸਮਾਪਤ ਹੋਇਆ ਹੈ। ਜਿੱਥੇ ਸੈਂਕੜੇ ਲੋਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਸੋਮਾ ਨੇ ਅੱਗੇ ਕਿਹਾ ਕਿ ਇਸ ਘਟਨਾ ਦਾ ਦੋਸ਼ੀ ਕੋਈ ਇਕ ਵਿਅਕਤੀ ਨਹੀਂ ਬਲਕਿ ਪੂਰਾ ਸਰਕਾਰੀ ਤੰਤਰ ਹੀ ਇਸ ਘਟਨਾ ਦਾ ਦੋਸ਼ੀ ਹੈ ਕਿਉਂਕਿ ਘਟਨਾ ਤੋਂ ਬਾਅਦ ਸਰਕਾਰ ਵਲੋ ਜਾਰੀ ਕੀਤੇ ਹੁਕਮਾਂ ਦੇ ਤਹਿਤ ਸੈਂਕੜੇ ਹੀ ਸਕੂਲੀ ਵਾਹਨਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਬੰਦ ਕਰ ਦਿੱਤਾ ਗਿਆ ਹੈ । ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੀ ਨਾਲਾਇਕੀ ਕਾਰਨ ਕਿੰਨੇ ਸਕੂਲ ਵਾਹਨ ਸੜਕਾਂ ਤੇ ਸਕੂਲੀ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਫਿਰ ਰਹੇ ਹਨ । ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸਹਿਮਤ ਹੋਣ ਜਾਂ ਨਾ ਹੋਣ ਪਰ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਪਰਿਵਾਰ ਨੂੰ ਜੋ ਸਰਕਾਰ ਵੱਲੋਂ ਤੁੱਛ ਰਾਸ਼ੀ ਐਲਾਨੀ ਗਈ ਹੈ ਉਸ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ । ਉਨ੍ਹਾਂ ਕਿਹਾ ਕਿ ਘੱਟੋ-ਘੱਟ 50-50 ਲੱਖ ਰੁਪਏ ਦੀ ਰਾਸ਼ੀ ਹਰ ਪੀੜਤ ਪਰਿਵਾਰ ਨੂੰ ਸਰਕਾਰ ਮੁਆਵਜ਼ੇ ਵਜੋਂ ਦੇਵੇ ਅਤੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਭਲਕੇ ਚੱਕਾ ਜਾਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ ਤਰਕਸ਼ੀਲ ਸੁਸਾਇਟੀ ਦੇ ਆਗੂ ਕਮਲਜੀਤ ਸਿੰਘ ਵਿੱਕੀ, ਦੇਸ਼ ਭਗਤ ਯਾਦਗਰ ਦੇ ਜੁਝਾਰ ਸਿੰਘ ਲੌਂਗੋਵਾਲ, ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਬਲਵੀਰ ਚੰਦ ਲੌਂਗੋਵਾਲ, ਕਿਸਾਨ ਆਗੂ ਅਮਰ ਸਿੰਘ ਵਡਿਆਣੀ, ਅਜੈਬ ਸਿੰਘ ਕਾਮਰੇਡ ਸੱਤਪਾਲ ਸੱਤਾ ਆਰ ਸੀ. ਪੀ. ਆਈ ਦੇ ਕਾਮਰੇਡ ਮੰਗਤ ਰਾਮ ਲੌਂਗੋਵਾਲ, ਚਮਕੌਰ ਸਿੰਘ ਸ਼ਾਹਪੁਰ, ਮੱਖਣ ਸਿੰਘ ਸ਼ਾਹਪੁਰ, ਮਨਪ੍ਰੀਤ ਸਿੰਘ ਨਮੋਲ, ਅੰਮ੍ਰਿਤਪਾਲ ਸਿੰਗਲਾ ਅਤੇ ਸ਼ਿਸ਼ਨਪਾਲ ਗਰਗ ਆਦਿ ਵੀ ਹਾਜ਼ਰ ਸਨ ।
ਸਿੱਖਾਂ ਨੂੰ ਸ਼ਾਮਲ ਕਰਨ ਲਈ ਅਮਰੀਕੀ ਹਵਾਈ ਫੌਜ ਨੇ 'ਡ੍ਰੈਸ ਕੋਡ' 'ਚ ਕੀਤਾ ਬਦਲਾਅ
NEXT STORY