ਲੁਧਿਆਣਾ (ਸੰਨੀ)-ਤੈਅ ਸਮੇਂ ਤੋਂ 12 ਘੰਟੇ ਪਹਿਲਾਂ ਬੰਦ ਹੋਈ ਪੀ. ਬੀ. 10 ਜੀ. ਯੂ. ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ ਟ੍ਰਾਂਸਪੋਰਟ ਵਿਭਾਗ ਵੱਲੋਂ ਮੁਡ਼ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਬੋਲੀ ਮੁਡ਼ ਕਰਵਾਏ ਜਾਣ ਦੀ ਗੱਲ ਨੂੰ ਕਬੂਲ ਤਾਂ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੋਲੀ ਸਮੇਂ ਤੋਂ ਪਹਿਲਾਂ ਬੰਦ ਹੋਣ ਦਾ ਕੇਸ ਚੰਡੀਗਡ਼੍ਹ ਪੁੱਜਾ ਤਾਂ ਅਧਿਕਾਰੀਆਂ ਨੇ ਬੋਲੀ ਦਾ ਸੰਚਾਲਨ ਕਰਨ ਵਾਲੀ ਕੰਪਨੀ ਸਮਾਰਟਚਿਪ ਅਤੇ ਐੱਨ. ਆਈ. ਸੀ. ਤੋਂ ਇਸ ਸਬੰਧੀ ਰਿਪੋਰਟ ਮੰਗੀ। ਅਧਿਕਾਰੀਆਂ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਫਟਵੇਅਰ ਵਿਚ ਗਡ਼ਬਡ਼ ਕਾਰਨ ਫੈਂਸੀ ਨੰਬਰਾਂ ਦੀ ਬੋਲੀ 12 ਘੰਟੇ ਪਹਿਲਾਂ ਬੰਦ ਹੋ ਗਈ। ਹੁਣ ਟ੍ਰਾਂਸਪੋਰਟ ਵਿਭਾਗ ਆਪਣੀ ਸਾਖ ਬਚਾਉਣ ਲਈ ਉਕਤ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਮੁਡ਼ ਕਰਵਾ ਸਕਦਾ ਹੈ। ਇਸੇ ਦੌਰਾਨ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਹੋਣ ਕਾਰਨ ਅਗਲੀ ਕਾਰਵਾਈ ਮੰਗਲਵਾਰ ਨੂੰ ਹੋਵੇਗੀ। ਅਧਿਕਾਰੀ ਅਜੇ ਇਸ ਗੱਲ ਨੂੰ ਲੈ ਕੇ ਵੀ ਸ਼ਸ਼ੋਪੰਜ ਵਿਚ ਹਨ ਕਿ ਪੂਰੀ ਸੀਰੀਜ਼ ਦੇ 270 ਦੇ ਕਰੀਬ ਨੰਬਰਾਂ ਵਿਚੋਂ ਸਾਰੇ ਨੰਬਰਾਂ ਦੀ ਬੋਲੀ ਮੁਡ਼ ਕਰਵਾਈ ਜਾਵੇ ਜਾਂ ਫਿਰ ਉਨ੍ਹਾਂ ਨੰਬਰਾਂ ਦੀ, ਜਿਨ੍ਹਾਂ ਲਈ ਇਕ ਤੋਂ ਜ਼ਿਆਦਾ ਬਿਨੇਕਾਰ ਬੋਲੀ ਵਿਚ ਹਿੱਸਾ ਲੈ ਰਹੇ ਸਨ, ਨਾਲ ਹੀ ਕੁਝ ਬਿਨੇਕਾਰਾਂ ਦਾ ਕਹਿਣਾ ਸੀ ਕਿ ਵਿਭਾਗ ਨੇ ਆਪਣੇ ਹੀ ਬਣਾਏ ਨਿਯਮਾਂ ’ਤੇ ਅਮਲ ਨਹੀਂ ਕੀਤਾ ਅਤੇ ਬੋਲੀ ਨੂੰ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤਾ। ਬਿਨੇਕਾਰਾਂ ਦਾ ਕਹਿਣਾ ਸੀ ਕਿ ਜੇਕਰ ਵਿਭਾਗ ਨੇ ਆਪਣੀ ਗਲਤੀ ਨਹੀਂ ਸੁਧਾਰੀ ਤਾਂ ਉਹ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਮਾਣਯੋਗ ਅਦਾਲਤ ਦਾ ਸਹਾਰਾ ਵੀ ਲੈਣਗੇ।ਇਹ ਸੀ ਸਾਰਾ ਮਾਮਲਾ ਟ੍ਰਾਂਸਪੋਰਟ ਵਿਭਾਗ ਵੱਲੋਂ ਆਰ. ਟੀ. ਏ. ਲੁਧਿਆਣਾ ਦੀ ਸੀਰੀਜ਼ ਪੀ. ਬੀ. 10 ਜੀ. ਯੂ. ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ ਦੇ ਲਈ 15 ਤੋਂ 21 ਫਰਵਰੀ ਤੱਕ ਰਜਿਸਟ੍ਰੇਸ਼ਨ ਕੀਤੀ ਗਈ ਸੀ। ਇਸ ਤੋਂ ਬਾਅਦ 22 ਫਰਵਰੀ ਦੁਪਹਿਰ 12 ਵਜੇ ਤੋਂ ਲੈ ਕੇ 28 ਫਰਵਰੀ ਨੂੰ ਦੁਪਹਿਰ 12 ਵਜੇ ਤੱਕ ਆਨਲਾਈਨ ਤਰੀਕੇ ਨਾਲ ਬੋਲੀ ਚੱਲਣੀ ਸੀ ਪਰ ਵਿਭਾਗ ਵੱਲੋਂ ਨੰਬਰਾਂ ਦੀ ਬੋਲੀ 28 ਫਰਵਰੀ ਦੀ ਸਵੇਰ 12 ਵਜੇ ਤੈਅ ਸਮੇਂ ਤੋਂ 12 ਘੰਟੇ ਪਹਿਲਾਂ ਹੀ ਬੋਲੀ ਬੰਦ ਕਰ ਦਿੱਤੀ ਗਈ ਜਿਸ ਨਾਲ ਲੋਕਾਂ ਵਿਚ ਰੋਸ ਫੈਲ ਲਿਆ ਕਿਉਂਕਿ ਜ਼ਿਆਦਾਤਰ ਲੋਕ ਅੰਤਿਮ ਸਮੇਂ ਵਿਚ ਹੀ ਬੋਲੀ ਦਿੰਦੇ ਹੈ। ਬੋਲੀ ਸਮੇਂ ਤੋਂ ਪਹਿਲਾਂ ਬੰਦ ਹੋਣ ਦਾ ਕਾਰਨ ਇਹ ਸਾਹਮਣੇ ਆਇਆ ਕਿ ਕਈ ਮਹੱਤਵਪੂਰਨ ਨੰਬਰ ਘੱਟ ਕੀਮਤ ’ਤੇ ਹੀ ਵਿਕ ਸਕਣ।
ਹੌਜ਼ਰੀ ਕਾਰੋਬਾਰੀ ਦੇ ਘਰੋਂ 1.50 ਲੱਖ ਰੁਪਏ, 3 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ
NEXT STORY