ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਦੇ ਵਾਰਡ ਨੰ. 11 ਅਧੀਨ ਸ਼ਹਿਰ ਦੀ ਪਾਸ਼ ਕਾਲੋਨੀ ਬਸੰਤ ਵਿਹਾਰ 'ਚ ਚੱਲ ਰਹੇ ਵਿਕਾਸ ਕਾਰਜ ਵਿਨਾਸ਼ ਦਾ ਕਾਰਨ ਸਾਬਤ ਹੋ ਰਹੇ ਹਨ। ਬਸੰਤ ਵਿਹਾਰ 'ਚ ਪੁੱਡਾ ਸਾਈਟ ਨੇੜੇ ਨਗਰ ਨਿਗਮ ਵੱਲੋਂ ਨਵਾਂ ਟਿਊਬਵੈੱਲ ਲਾਇਆ ਗਿਆ ਹੈ।
ਟਿਊਬਵੈੱਲ ਨੂੰ ਬਿਜਲੀ ਦੀ ਸਪਲਾਈ ਦੇਣ ਲਈ ਖੰਭਾ ਲਾਉਣ ਵਾਸਤੇ ਡਰਿੱਲ ਨਾਲ ਡੂੰਘਾ ਟੋਇਆ ਪੁੱਟਿਆ ਗਿਆ। ਟੋਇਆ ਪੁੱਟਣ ਸਮੇਂ ਪਾਣੀ ਦਾ ਫੁਹਾਰਾ ਚੱਲ ਪਿਆ, ਕਿਉਂਕਿ ਉਥੋਂ ਵਾਟਰ ਸਪਲਾਈ ਦੀ ਮੇਨ ਲਾਈਨ ਲੰਘਦੀ ਹੈ, ਜੋ ਨੁਕਸਾਨੀ ਗਈ ਸੀ। ਉਦੋਂ ਤੋਂ ਉਕਤ ਪਾਈਪ ਲਾਈਨ ਵਿਖੋਂ ਪਾਣੀ ਲੀਕ ਕਰ-ਕਰ ਕੇ ਇਲਾਕੇ ਦੀਆਂ ਸੜਕਾਂ 'ਤੇ ਵਹਿ ਰਿਹਾ ਹੈ। ਖਾਸ ਗੱਲ ਇਹ ਹੈ ਕਿ ਵਾਟਰ ਸਪਲਾਈ ਦੀ ਪਾਈਪ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੇ ਇਸ ਦੀ ਮੁਰੰਮਤ ਲਈ ਨਗਰ ਨਿਗਮ ਨੂੰ ਸੂਚਿਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
ਇਲਾਕੇ ਵਿਚ ਪਾਣੀ ਦੀ ਸਪਲਾਈ ਠੱਪ
ਇਲਾਕਾ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਤਵਾਰ ਦੁਪਹਿਰ ਤੋਂ ਆਲੇ-ਦੁਆਲੇ ਦੇ ਘਰਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੈ ਕਿਉਂਕਿ ਕਾਫੀ ਜ਼ਿਆਦਾ ਲੀਕੇਜ ਹੋਣ ਕਾਰਨ ਪਾਣੀ ਦੀ ਸਪਲਾਈ ਅਸੰਭਵ ਹੈ। ਵਾਟਰ ਸਪਲਾਈ ਦੀ ਪਾਈਪ ਨੂੰ ਨੁਕਸਾਨ ਪਹੁੰਚਿਆਂ 48 ਘੰਟੇ ਬੀਤ ਚੁੱਕੇ ਹਨ ਪਰ ਅਜੇ ਤੱਕ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਨੇ ਇਲਾਕੇ ਦੀ ਸੁੱਧ ਨਹੀਂ ਲਈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।
ਟੁੱਟ-ਭੱਜ ਰਹੀਆਂ ਹਨ ਸੜਕਾਂ
ਪੀਣ ਵਾਲੇ ਪਾਣੀ ਦੀ ਤੰਗੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਤਾਂ ਹੋ ਹੀ ਰਹੀ ਹੈ, ਨਾਲ ਹੀ ਇਲਾਕੇ ਵਿਚ ਸੜਕਾਂ ਵੀ ਟੁੱਟ-ਭੱਜ ਰਹੀਆਂ ਹਨ। ਦਿਨ-ਰਾਤ ਲੀਕ ਹੋ ਰਿਹਾ ਪਾਣੀ ਸੜਕਾਂ 'ਤੇ ਜਮ੍ਹਾ ਹੋਣ ਕਾਰਨ ਇਨ੍ਹਾਂ ਦਾ ਟੁੱਟਣਾ ਸੁਭਾਵਿਕ ਹੈ। ਬੜੇ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਫੰਡਾਂ ਦੀ ਕਮੀ ਕਾਰਨ ਸ਼ਹਿਰ 'ਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ, ਦੂਜੇ ਪਾਸੇ ਚੰਗੀਆਂ-ਭਲੀਆਂ ਸੜਕਾਂ ਨੂੰ ਬਚਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਕੀ ਕਹਿੰਦੇ ਹਨ ਸਬੰਧਤ ਕੌਂਸਲਰ- ਸੰਪਰਕ ਕਰਨ 'ਤੇ ਇਲਾਕੇ ਦੀ ਕੌਂਸਲਰ ਰਣਜੀਤ ਚੌਧਰੀ ਨੇ ਕਿਹਾ ਕਿ ਮੈਨੂੰ ਇਸ ਬਾਰੇ ਕਿਸੇ ਨੇ ਸੂਚਿਤ ਨਹੀਂ ਕੀਤਾ। ਉਹ ਤੁਰੰਤ ਨਿਗਮ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਲੀਕ ਹੋ ਰਹੀ ਪਾਈਪ ਦੀ ਮੁਰੰਮਤ ਕਰਵਾ ਕੇ ਅਜਾਈਂ ਜਾ ਰਹੇ ਪਾਣੀ ਨੂੰ ਰੋਕਣ ਦਾ ਹਰ ਸੰਭਵ ਯਤਨ ਕਰਨਗੇ।
ਬਚਾਇਆ ਜਾਵੇ ਬਰਬਾਦ ਹੋ ਰਿਹਾ ਪਾਣੀ
ਇਲਾਕਾ ਵਾਸੀ ਸਰਵੇਅਰ ਵਿਸ਼ਾਲ ਸੈਣੀ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹ ਬਾਜ਼ਾਰੋਂ ਮਿਨਰਲ ਵਾਟਰ ਦੀਆਂ ਬੋਤਲਾਂ ਲਿਆ ਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਨੁਕਸਾਨੀ ਗਈ ਪਾਈਪ ਨੂੰ ਜਲਦ ਤੋਂ ਜਲਦ ਠੀਕ ਕਰਵਾ ਕੇ ਹਜ਼ਾਰਾਂ ਲੀਟਰ ਬਰਬਾਦ ਹੋ ਰਿਹਾ ਪਾਣੀ ਬਚਾਇਆ ਜਾਵੇ।
'9 ਮਹੀਨਿਆਂ ਦੀਆਂ ਪੈਨਸ਼ਨਾਂ ਦਾ ਇਕ ਹਜ਼ਾਰ ਕਰੋੜ ਬਕਾਇਆ ਦੇਵੇ ਸਰਕਾਰ'
NEXT STORY