ਝਬਾਲ(ਹਰਬੰਸ ਲਾਲੂਘੁੰਮਣ)— ਪਿੰਡ ਜਗਤਪੁਰਾ ਤੋਂ ਸ਼ਨੀਵਾਰ ਨੂੰ 4 ਡਰੰਮ, 800 ਲੀਟਰ ਸ਼ਰਾਬ ਸਮੇਤ ਕਾਬੂ ਕੀਤੇ ਗਏ ਦੋ ਦੋਸ਼ੀਆਂ 'ਚੋਂ ਇਕ ਦੋਸ਼ੀ ਨੂੰ ਨਾਟਕੀ ਢੰਗ ਨਾਲ ਛੱਡੇ ਜਾਣ ਦਾ ਮਾਮਲਾ ਜਿੱਥੇ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਹੀ ਐਕਸਾਈਜ਼ ਵਿਭਾਗ ਵੱਲੋਂ ਵੀ ਉਕਤ ਮਾਮਲੇ 'ਤੇ ਥਾਣਾ ਝਬਾਲ ਦੀ ਪੁਲਸ ਤੋਂ ਜੁਆਬ ਤਲਬੀ ਕਰਦਿਆਂ ਤਿੱਖਾ ਨੋਟਿਸ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਥਾਣਾ ਝਬਾਲ ਦੀ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਸ਼ਨੀਵਾਰ ਪਿੰਡ ਜਗਤਪੁਰਾ ਵਿਖੇ ਸੂਚਨਾ ਦੇ ਆਧਾਰ 'ਤੇ ਛਾਪਾ ਮਾਰੀ ਕਰਦਿਆਂ ਇਕ ਮੋਟਰ (ਬੰਬੀ) ਤੋਂ 4 ਡਰੰਮ, 800 ਲੀਟਰ ਅਲਕੋਹਲ (ਪ੍ਰਤੀ ਡਰੰਮ 200 ਲੀਟਰ) ਬਰਾਮਦ ਕਰਨ ਦੇ ਨਾਲ ਦੋ ਦੋਸ਼ੀਆਂ ਨੂੰ ਬਕਾਇਦਾ ਗ੍ਰਿਫਤਾਰ ਵੀ ਕੀਤਾ ਗਿਆ ਸੀ ਪਰ ਰਾਤੋਂ-ਰਾਤ ਪੁਲਸ ਵੱਲੋਂ ਉਕਤ ਮਾਮਲੇ 'ਚ ਕਾਬੂ ਕੀਤੇ ਇਕ ਦੋਸ਼ੀ ਨੂੰ ਰਹੱਸਮਈ ਢੰਗ ਨਾਲ ਛੱਡ ਦਿੱਤਾ ਗਿਆ ਹੈ।
ਸ਼ਰਾਬ ਤਸਕਰੀ ਦੇ ਮਾਮਲੇ 'ਚ ਪਿੰਡ ਜਗਤਪੁਰਾ ਪੁਲਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਲੋਕਾਂ ਵੱਲੋਂ ਪੁਲਸ 'ਤੇ ਕਈ ਸਵਾਲ ਵੀ ਚੁੱਕੇ ਰਹੇ ਹਨ ਕਿ ਆਖਿਰ ਪੁਲਸ ਦੇ ਨੱਕ ਹੇਠਾਂ ਸ਼ਰਾਬ ਦਾ ਧੰਦਾ ਕਿਸ ਤਰ੍ਹਾਂ ਪ੍ਰਫੁੱਲਤ ਹੋ ਰਿਹਾ ਹੈ। ਜਦਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ਐਕਸਾਈਜ਼ ਐਕਟ ਅਧੀਨ ਹੋਣ ਕਰਕੇ ਐਕਸਾਈਜ਼ ਵਿਭਾਗ ਦੇ ਕੰਟਰੌਲ ਹੇਠਾਂ ਹੁੰਦੀ ਹੈ 'ਤੇ ਫਿਰ ਐਨੀ ਵੱਡੀ ਤਦਾਦ 'ਚ ਸ਼ਰਾਬ ਦੀ ਬਾਹਰ ਸ਼ਰੇਆਮ ਵਿਕਰੀ ਹੋਣਾ, ਇਹ ਗੱਲ ਐਕਸਾਈਜ਼ ਵਿਭਾਗ ਨੂੰ ਵੱਡੇ ਸਵਾਲਾਂ ਦੇ ਕਟਿਹਰੇ 'ਚ ਖੜੀ ਕਰਦੀ ਹੈ। ਜਿਸ ਦੀ ਪੁਸ਼ਟੀ ਬੀਤੇ ਕੁਝ ਦਿਨ ਪਹਿਲਾਂ 1200 ਲੀਟਰ ਅਲਕੋਹਲ ਸਮੇਤ ਗ੍ਰਿਫਤਾਰ ਕੀਤੇ ਗਏ ਇਸੇ ਪਿੰਡ ਦੇ ਇਕ ਨੌਜਵਾਨ ਨੇ ਗੱਲਬਾਤ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸ਼ਰਾਬ ਦੀ ਸਮੱਗਲਿੰਗ ਕਥਿਤ ਮਿਲੀਭੁਗਤ ਨਾਲ ਰਾਜਪੁਰਾ ਦੇ ਇਕ ਢਾਬੇ ਤੋਂ ਜਗਤਪੁਰਾ ਤੱਕ ਹੋ ਰਹੀ ਹੈ। ਲੋਕਾਂ ਦਾ ਵੱਡਾ ਸਵਾਲ ਇਹ ਹੈ ਕਿ ਪੁਲਸ ਅਤੇ ਐਕਸਾਈਜ਼ ਵਿਭਾਗ ਦੇ ਨੱਕ ਹੇਠਾਂ ਆਖਿਰ ਪਿੰਡ ਜਗਤਪੁਰਾ 'ਚ ਅਲਕੋਹਲ ਦਾ ਧੰਦਾ ਪ੍ਰਫੁੱਲਤ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਆਖਿਰ ਕਿਸ ਦੀ ਸਰਪ੍ਰਸਤੀ ਅਤੇ ਛੱਤਰ ਸਾਇਆ ਹੈ।
ਕੀ ਕਹਿਣਾ ਈ.ਟੀ. ਓ. ਕੁਲਬੀਰ ਸਿੰਘ ਦਾ
ਈ. ਟੀ. ਓ. ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਪੁਲਸ ਵੱਲੋਂ 800 ਲੀਟਰ ਅਲਕੋਹਲ ਸਮੇਤ ਗ੍ਰਿਫਤਾਰ ਦੋ ਦੋਸ਼ੀਆਂ ਚੋਂ ਸੁਖਜਿੰਦਰ ਸਿੰਘ ਨਾਮੀ ਵਿਅਕਤੀ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਮੁੱਖੀ ਝਬਾਲ ਤੋਂ ਜਾਣਕਾਰੀ ਮੰਗਵਾਈ ਗਈ ਹੈ ਅਤੇ ਜੇਕਰ ਪੁਲਸ ਵੱਲੋਂ ਦੋਸ਼ੀ ਸੁਖਜਿੰਦਰ ਸਿੰਘ ਨੂੰ ਤਰੁੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਮਾਮਲਾ ਐੱਸ. ਐੱਸ. ਪੀ. ਤਰਨ ਤਾਰਨ ਦੇ ਧਿਆਨ 'ਚ ਵੀ ਲਿਆਂਉਣਗੇ।
ਕੀ ਕਹਿਣਾ ਥਾਣਾ ਮੁਖੀ ਹਰਿਤ ਸ਼ਰਮਾ ਦਾ
ਥਾਣਾ ਮੁਖੀ ਝਬਾਲ ਹਰਿਤ ਸ਼ਰਮਾ ਨੂੰ ਜਦੋਂ ਅਲਕੋਹਲ ਸਮੇਤ ਗ੍ਰਿਫਤਾਰ ਕੀਤੇ ਗਏ ਦੋਸ਼ੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਰਾਜਬੀਰ ਸਿੰਘ ਉਰਫ ਗੋਜੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਗਤਪੁਰਾ ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਜਦੋਂ ਕਿ ਦੂਜੇ ਵਿਅਕਤੀ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪੜਤਾਲ ਕਰਵਾਉਣਗੇ।
ਕਾਰ ਮੋਟਰਸਾਈਕਲ ਦੀ ਟੱਕਰ 'ਚ ਪੰਜ ਸਾਲਾ ਲੜਕੀ ਦੀ ਮੌਤ, ਤਿੰਨ ਜ਼ਖਮੀ
NEXT STORY