ਜਲੰਧਰ/ਨਵੀਂ ਦਿੱਲੀ (ਚਾਵਲਾ)— ਫਰਜ਼ੀ ਪੱਤਰ ਦੇ ਸਹਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ 'ਤੇ ਕਬਜ਼ੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰਹੈੱਡ 'ਤੇ ਮਨਜੀਤ ਸਿੰਘ ਜੀ. ਕੇ. ਦੇ ਜਾਅਲੀ ਦਸਤਖਤ ਕਰਨ ਦੇ ਮਾਮਲੇ 'ਚ ਜੀ. ਕੇ. ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਖਿਲਾਫ ਥਾਣਾ ਨਾਰਥ ਐਵੀਨਿਊ 'ਚ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਸਖਤ ਧਾਰਾਵਾਂ 'ਚ ਤਿੰਨਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ।
ਆਪਣੀ ਸ਼ਿਕਾਇਤ 'ਚ ਜੀ. ਕੇ. ਨੇ 2.99 ਏਕੜ 'ਚ ਸਥਾਪਿਤ ਲਗਭਗ 500 ਕਰੋੜ ਰੁਪਏ ਦੀ ਕੀਮਤ ਦੇ ਉਕਤ ਸਕੂਲ 'ਤੇ ਕਬਜ਼ੇ ਲਈ ਸਿਰਸਾ ਦੀ ਨੀਅਤ 'ਚ ਖੋਟ ਹੋਣ ਦਾ ਦਾਅਵਾ ਕੀਤਾ।
ਸਿਰਸਾ ਦੇ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਕੀਨੀਆ ਨਿਵਾਸੀ ਆਜ਼ਾਦੀ ਘੁਲਾਟੀਏ ਮੱਖਣ ਸਿੰਘ ਦੀ ਪੰਜਾਬੀ ਬਾਗ਼ ਸਥਿਤ ਕੋਠੀ 'ਤੇ ਨਕਲੀ ਜੀ. ਪੀ. ਏ. ਦੇ ਸਹਾਰੇ ਕਬਜ਼ਾ ਕਰਨ ਦੇ ਮਾਮਲੇ 'ਚ ਹੋਈ 2 ਸਾਲ ਦੀ ਸਜ਼ਾ ਦਾ ਹਵਾਲਾ ਦਿੰਦਿਆਂ ਜੀ. ਕੇ. ਨੇ ਸਿਰਸਾ ਦੀ ਕਾਰਜਪ੍ਰਣਾਲੀ ਸ਼ੱਕੀ ਦੱਸਣ ਦੇ ਨਾਲ ਹੀ ਜ਼ਮੀਨਾਂ 'ਤੇ ਕਬਜ਼ੇ ਨੂੰ ਸਿਰਸਾ ਦਾ ਪੁਸ਼ਤੈਨੀ ਧੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਿਰਸਾ ਨੇ ਤੀਸ ਹਜ਼ਾਰੀ ਕੋਰਟ 'ਚ ਵਹਿਸਲ ਬਲੋਅਰ ਬਣਨ ਦਾ ਡਰਾਮਾ ਮਜਬੂਰੀ ਵਿਚ ਕੀਤਾ ਸੀ, ਜਦੋਂ ਕਿ ਸਿਰਸਾ ਦੀ ਨਿਗਰਾਨੀ 'ਚ ਹਿਤ ਦੇ ਬਿਆਨ ਦੇ ਨਾਲ ਇਸ ਫਰਜ਼ੀ ਪੱਤਰ ਨੂੰ ਸੁਦੀਪ ਨੇ 23 ਫਰਵਰੀ 2020 ਨੂੰ ਮੀਡੀਆ ਵਿਭਾਗ ਦੀ ਅਧਿਕਾਰਕ ਈ-ਮੇਲ ਆਈ. ਡੀ. ਤੋਂ ਮੀਡੀਆ ਨੂੰ ਜਾਰੀ ਕੀਤਾ ਸੀ। ਕਮੇਟੀ ਵੱਲੋਂ ਮੀਡੀਆ ਨੂੰ ਜਾਰੀ ਬਿਆਨ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ ਕਥਿਤ ਪੱਤਰ ਅਨੁਸਾਰ ਮੈਂ 4 ਅਪ੍ਰੈਲ 2016 ਨੂੰ ਸਕੂਲ ਹਿਤ ਦੀ ਸੋਸਾਇਟੀ ਨੂੰ ਦੇ ਦਿੱਤਾ ਸੀ।
ਜਦੋਂ ਅਸੀਂ ਉਸੇ ਸ਼ਾਮ ਪੱਤਰ ਨੂੰ ਫਰਜ਼ੀ ਦੱਸ ਦਿੱਤਾ ਤਾਂ 24 ਫਰਵਰੀ ਨੂੰ ਸਿਰਸਾ ਨੇ ਵੀ ਪੱਤਰ ਨੂੰ ਫਰਜ਼ੀ ਮੰਨ ਲਿਆ ਸੀ। ਜੀ. ਕੇ. ਨੇ ਦਾਅਵਾ ਕੀਤਾ ਕਿ ਸਿਰਸਾ ਅਤੇ ਹਿਤ ਨੇ ਮੇਰੇ ਜਾਅਲੀ ਦਸਤਖਤ ਦੇ ਸਹਾਰੇ ਸਕੂਲ ਨੂੰ ਹੜੱਪਣ ਦੀ ਚਾਲ ਚੱਲੀ ਸੀ, ਨਾਲ ਹੀ ਦੋਵਾਂ ਦੀ ਇੱਛਾ ਮੇਰੇ 'ਤੇ ਇਸ ਦਾ ਦੋਸ਼ ਪਾਉਣ ਦੀ ਸੀ ਕਿਉਂਕਿ 14 ਫਰਵਰੀ 2020 ਨੂੰ ਮੀਡੀਆ ਦੇ ਸਾਹਮਣੇ ਮੈਂ ਖੁਲਾਸਾ ਕੀਤਾ ਸੀ ਕਿ ਸਿਰਸਾ ਨੇ ਹਿਤ ਨੂੰ ਚੁੱਪ-ਚੁਪੀਤੇ ਸਕੂਲ ਦੇ ਦਿੱਤਾ ਹੈ, ਜਿਸ ਤੋਂ ਬਾਅਦ ਇਨ੍ਹਾਂ ਨੇ ਫਰਜ਼ੀ ਪੱਤਰ ਦੀ ਕਥਿਤ ਉਸਾਰੀ ਕਰ ਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਫਸ ਆਪ ਗਏ। ਜੇਕਰ ਸਿਰਸਾ ਖੁਦ ਮੰਨਦੇ ਹਨ ਕਿ ਪੱਤਰ ਫਰਜ਼ੀ ਹੈ ਤਾਂ ਫਿਰ ਮੀਡੀਆ ਵਿਭਾਗ ਨੇ ਕਿਸ ਦੇ ਕਹਿਣ 'ਤੇ ਇਸ ਨੂੰ ਅਸਲੀ ਦੱਸ ਕੇ ਮੀਡੀਆ ਨੂੰ ਜਾਰੀ ਕੀਤਾ ਸੀ। ਸਿਰਸਾ ਨੂੰ ਇਹ ਦੱਸਣਾ ਚਾਹੀਦਾ ਹੈ। ਉਨ੍ਹਾਂ ਪੁਲਸ ਨੂੰ ਤਿੰਨਾਂ ਖਿਲਾਫ ਸਾਜ਼ਿਸ਼, ਠੱਗੀ, ਜਾਅਲਸਾਜ਼ੀ, ਬੇਵਿਸ਼ਵਾਸੀ, ਆਪਰਾਧਿਕ ਵਿਸ਼ਵਾਸਘਾਤ ਅਤੇ ਅਪਰਾਧਿਕ ਬੇਇੱਜ਼ਤੀ ਤਹਿਤ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਜੀ. ਕੇ. ਨੇ ਸ਼ਿਕਾਇਤ ਦੀ ਕਾਪੀ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੀ. ਬੀ. ਆਈ., ਦਿੱਲੀ ਪੁਲਸ ਕਮਿਸ਼ਨਰ, ਸੰਯੁਕਤ ਪੁਲਸ ਕਮਿਸ਼ਨਰ ਆਰਥਿਕ ਅਪਰਾਧ ਸ਼ਾਖਾ, ਡੀ. ਸੀ. ਪੀ. ਨਵੀਂ ਦਿੱਲੀ ਅਤੇ ਐੱਸ. ਪੀ. ਅਪਰਾਧ ਸ਼ਾਖਾ ਨੂੰ ਵੀ ਭੇਜੀ ਹੈ।
ਇਤਿਹਾਸ ਦੀ ਡਾਇਰੀ: ਮਜ਼ਦੂਰ ਧੀ ਦੇ ਵਿਸ਼ਵ ਦੀ ਨੰਬਰ ਇਕ ਬਾਕਸਿੰਗ ਚੈਂਪੀਅਨ ਬਣਨ ਦੀ ਕਹਾਣੀ (ਵੀਡੀਓ)
NEXT STORY