ਚੰਡੀਗੜ੍ਹ (ਲਲਨ) : 6 ਵਾਰ ਦੀ ਵਿਸ਼ਵ ਮਾਸਟਰਸ ਐਥਲੀਟ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ 105 ਸਾਲਾ ਮਾਨ ਕੌਰ ਨੂੰ ਨਾ ਤਾਂ ਪ੍ਰਸ਼ਾਸਨ ਅਤੇ ਨਾ ਪੰਜਾਬ ਸਰਕਾਰ ਵਲੋਂ ਅੰਤਿਮ ਸੰਸਕਾਰ ਵਿਚ ਕੋਈ ਸਰਕਾਰੀ ਸਨਮਾਨ ਮਿਲਿਆ, ਜਿਸ ਤੋਂ ਉਨ੍ਹਾਂ ਦਾ ਪੂਰਾ ਪਰਿਵਾਰ ਨਿਰਾਸ਼ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸੈਕਟਰ-25 ਸਥਿਤ ਸ਼ਮਸ਼ਾਨਘਾਟ ’ਚ ਕੀਤਾ ਗਿਆ ਪਰ ਇਸ ਦੌਰਾਨ ਨਾ ਤਾਂ ਪ੍ਰਸ਼ਾਸਨ ਵਲੋਂ ਅਤੇ ਨਾ ਹੀ ਪੰਜਾਬ ਸਰਕਾਰ ਵਲੋਂ ਕੋਈ ਅਧਿਕਾਰੀ ਇੱਥੇ ਪਹੁੰਚਿਆ। ਮਾਨ ਕੌਰ ਦੇ ਬੇਟੇ ਅਤੇ ਮਾਸਟਰ ਐਥਲੀਟ ਗੁਰਦੇਵ ਸਿੰਘ ਨੇ ਕਿਹਾ ਕਿ ਮਾਤਾ ਜੀ ਨੇ ਇੰਟਰਨੈਸ਼ਨਲ ਪੱਧਰ ’ਤੇ ਦੇਸ਼ ਲਈ ਕਈ ਮੈਡਲ ਜਿੱਤੇ, ਜਿਸ ਨਾਲ ਉਨ੍ਹਾਂ ਨੇ ਭਾਰਤ ਦਾ ਨਾਂ ਦੁਨੀਆ ਵਿਚ ਰੌਸ਼ਨ ਕੀਤਾ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ, ਉਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਨਹੀਂ ਦਿੱਤਾ ਗਿਆ। ਗੁਰਦੇਵ ਸਿੰਘ ਨੇ ਕਿਹਾ ਕਿ ਮਾਨ ਕੌਰ ਦਾ ਦਿਹਾਂਤ ਸ਼ਨੀਵਾਰ ਨੂੰ ਦੁਪਹਿਰ 1 ਵਜੇ ਹੋ ਗਿਆ ਸੀ, ਸਾਰਿਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰੀ ਸਨਮਾਨ ਨਾਲ ਅੰਤਮ ਵਿਦਾਈ ਨਹੀਂ ਦਿੱਤੀ ਗਈ, ਇਹ ਕਾਫ਼ੀ ਦੁਖਦ ਹੈ। ਇਸ ਦੌਰਾਨ ਸਿਆਸੀ ਹਸਤੀਆਂ ਵਿਚ ਸਿਰਫ਼ ਅਕਾਲੀ ਦਲ ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ ਮੌਜੂਦ ਸਨ।
ਜਿਨ੍ਹਾਂ ਨੂੰ ਦਿੱਤੀ ਸੀ ਟ੍ਰੇਨਿੰਗ, ਉਹ ਵੀ ਪੁੱਜੇ ਅੰਤਿਮ ਵਿਦਾਈ ਦੇਣ
ਮਾਸਟਰ ਐਥਲੀਟ ਗੋਲਡ ਮੈਡਲ ਜੇਤੂ ਮਾਨ ਕੌਰ ਜਿੱਥੇ ਖੁਦ ਬਿਹਤਰੀਨ ਐਥਲੀਟ ਸੀ, ਉਥੇ ਹੀ ਉਨ੍ਹਾਂ ਨੇ ਕੋਚਿੰਗ ਦੇ ਕੇ ਕਈ ਐਥਲੀਟ ਤਿਆਰ ਕੀਤੇ ਹਨ। ਪਟਿਆਲਾ ਦੇ ਰਹਿਣ ਵਾਲੇ ਅਤੇ ਰੇਲਵੇ ਵਿਚ ਤਾਇਨਾਤ ਐਥਲੀਟ ਵਿਸ਼ਨੂੰ ਵੀਰ ਵੀ ਮਾਨ ਕੌਰ ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੰੁਚੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਅੱਜ ਜੋ ਵੀ ਹਨ, ਉਹ ਮਾਤਾ ਮਾਨ ਕੌਰ ਦੀ ਬਦੌਲਤ ਹੀ ਹਨ। ਮਾਨ ਕੌਰ ਨੇ ਉਨ੍ਹਾਂ ਨੂੰ 2016 ਤੋਂ 2018 ਤੱਕ ਟ੍ਰੇਨਿੰਗ ਦਿੱਤੀ ਸੀ। ਉਨ੍ਹਾਂ ਨੇ ਨੈਸ਼ਨਲ ਵਿਚ 4 ਮੈਡਲ ਜਿੱਤੇ ਹਨ। ਇਸ ਦੇ ਨਾਲ ਹੀ 5 ਹਜ਼ਾਰ ਮੀਟਰ ਵਾਕ ਮੈਰਾਥਨ ਨੂੰ 14.50 ਮਿੰਟ ਵਿਚ ਪੂਰਾ ਕਰਕੇ ਰਿਕਾਰਡ ਬਣਾਇਆ ਸੀ। 10 ਹਜ਼ਾਰ ਮੀਟਰ ਵਾਕ ਮੈਰਾਥਨ ਨੂੰ 30.30 ਮਿੰਟ ਵਿਚ ਪੂਰਾ ਕਰਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ। ਉਨ੍ਹਾਂ ਕਿਹਾ ਕਿ ਮਾਨ ਕੌਰ ਦੇਸ਼ ਦੀ ਸਭ ਤੋਂ ਜ਼ਿਆਦਾ ਉਮਰ ਵਰਗ ਦੇ ਮੈਡਲ ਜੇਤੂ ਮਾਸਟਰ ਐਥਲੀਟ ਸਨ। ਉਹ ਸਨਮਾਨ ਦੇ ਵੀ ਹੱਕਦਾਰ ਸਨ।
ਮਾਨ ਕੌਰ ਦੇ ਬੇਟੇ ਦੀ ਪੋਤੀ ਅਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੜਨਾਨੀ ਤੋਂ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਦੇ ਚਿਹਰੇ ’ਤੇ ਕਦੇ ਨਿਰਾਸ਼ਾ ਨਹੀਂ ਵੇਖੀ, ਉਹ ਹਸਮੁਖ ਸਨ। ਉਹ ਸਾਡੇ ਪੂਰੇ ਪਰਿਵਾਰ ਦਾ ਆਧਾਰ ਸਨ। ਉਨ੍ਹਾਂ ਦਾ ਜੀਵਨ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗਾ। ਅਕਾਲੀ ਦਲ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਮਾਨ ਕੌਰ ਦੇ ਦਿਹਾਂਤ ’ਤੇ ਉਨ੍ਹਾਂ ਲਾਲ ਜੁੜਿਆ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਨਾਮ ’ਤੇ ਕੋਈ ਯਾਦਗਾਰ ਜਾਂ ਸਪੋਰਟਸ ਕੰਪਲੈਕਸ ਬਣਨਾ ਚਾਹੀਦਾ ਹੈ, ਜਿਸ ਨਾਲ ਕਿ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਖੇਡਾਂ ਨਾਲ ਜੁੜ ਸਕੇ।
ਨਸ਼ੇ ਵਾਲੇ ਟੀਕੇ ਲਗਾਉਣ ਨਾਲ ਨੌਜਵਾਨ ਦੀ ਮੌਤ, ਦੋ ਖ਼ਿਲਾਫ਼ ਕੇਸ ਦਰਜ
NEXT STORY