ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਫਲ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਚੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਸਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੱਧੂ ਡਟੇ ਹੋਏ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਖਜ਼ਾਨਚੀ ਤੇ ਬੁਲਾਰੇ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਰਾਜ ਦੇ ਲੋਕ ਇਹ ਜਾਣਦੇ ਹਨ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜਿੱਤ ਸਿਰਫ ਕੈਪਟਨ ਅਮਰਿੰਦਰ ਸਿੰਘ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਲੀਡਰਸ਼ਿਪ ਖਿਲਾਫ ਲਏ ਜਾਂਦੇ ਸਟੈਂਡ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਜ ਵਿਚ ਦੋ ਕੈਬਨਿਟ ਮੰਤਰੀ ਕੰਮ ਕਰ ਰਹੇ ਹਨ, ਉਸ ਤੋਂ ਅਜਿਹਾ ਇਸ਼ਾਰਾ ਮਿਲ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਅਸਫਲ ਕਰਨ ਲਈ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਸ਼ਰਮਾ ਨੇ ਕਿਹਾ ਕਿ ਕਿਸੇ ਵੀ ਰਾਜ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਜਿਹੜੇ ਵਿਭਾਗ ਮੁੱਖ ਮੰਤਰੀ ਦੇ ਅਧੀਨ ਚੱਲ ਰਹੇ ਹੋਣ, ਉਨ੍ਹਾਂ 'ਤੇ ਕੋਈ ਕੈਬਨਿਟ ਮੰਤਰੀ ਟਿੱਪਣੀ ਕਰੇ ਤੇ ਵਿਭਾਗ ਉਸ ਨੂੰ ਦੇਣ ਦੀ ਮੰਗ ਕਰਦਿਆਂ ਦਾਅਵਾ ਕਰੇ ਕਿ ਉਹ ਇਨ੍ਹਾਂ 'ਚ ਸੁਧਾਰ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਜੇਕਰ ਪੁਲਸ ਵਿਭਾਗ ਉਸ ਨੂੰ ਦੇ ਦਿੱਤਾ ਜਾਵੇ ਤਾਂ ਉਹ ਇਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਵਿਚੋਂ ਨਸ਼ਾ ਖਤਮ ਕਰ ਦੇਣਗੇ। ਸ਼ਰਮਾ ਨੇ ਕਿਹਾ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਵਿਚ ਨਸ਼ਾ ਖਤਮ ਕਰਨ ਵਿਚ ਅਸਫਲ ਰਹੇ ਹਨ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਹੀ ਮਾਮਲਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹੈ, ਜੋ ਲਗਾਤਾਰ ਅਜਿਹੇ ਫੈਸਲੇ ਲੈਂਦੇ ਹਨ, ਜੋ ਮੁੱਖ ਮੰਤਰੀ ਦੇ ਐਲਾਨ ਤੋਂ ਉਲਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਕਰਜ਼ਾ ਮੁਆਫੀ ਦੇ ਮਾਮਲੇ 'ਤੇ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਸਰਕਾਰ ਚੋਣ ਵਾਅਦੇ ਅਨੁਸਾਰ 10.50 ਲੱਖ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਮੁਆਫ ਕਰੇਗੀ ਤੇ ਇਹ ਰਕਮ 21000 ਕਰੋੜ ਰੁਪਏ ਬਣਦੀ ਹੈ ਪਰ ਅਗਲੇ ਹੀ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ 1500 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਮਨਪ੍ਰੀਤ ਨੇ ਇਹ 1500 ਕਰੋੜ ਦੀ ਰਾਹਤ ਦੇਣ ਵਾਸਤੇ ਕਿਸਾਨਾਂ ਸਿਰ 1100 ਕਰੋੜ ਰੁਪਏ ਦੇ ਟੈਕਸ ਮੜ੍ਹ ਦਿੱਤੇ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਕਿਸਾਨਾਂ ਤੋਂ 1100 ਕਰੋੜ ਲੈ ਕੇ ਮਨਪ੍ਰੀਤ ਉਨ੍ਹਾਂ ਨੂੰ 1500 ਕਰੋੜ ਦੀ ਰਾਹਤ ਦੇਣਗੇ। ਉਨ੍ਹਾਂ ਕਿਹਾ ਕਿ ਇਕ ਹੋਰ ਹੈਰਾਨੀਜਨਕ ਐਲਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ ਜਿਨ੍ਹਾਂ ਆਖਿਆ ਹੈ ਕਿ ਜੇਕਰ ਭ੍ਰਿਸ਼ਟਾਚਾਰ ਖਤਮ ਨਾ ਹੋਇਆ ਤਾਂ ਇਕ ਮਹੀਨੇ ਵਿਚ ਉਹ ਅਸਤੀਫਾ ਦੇ ਦੇਣਗੇ।
ਪੰਜਾਬ ਪੁਲਸ ਕਰਵਾਏਗੀ ਆਪਣੇ ਹੀ ਸਟਾਫ ਦੀ ਜਾਸੂਸੀ
NEXT STORY