ਮਾਨਸਾ(ਅਮਰਜੀਤ)— ਸੋਸ਼ਲ ਮੀਡੀਆ ਉਹ ਪਲੇਟਫਾਰਮ ਹੈ, ਜਿੱਥੇ ਕੋਈ ਵੀ ਬਿਨਾਂ ਭੇਦਭਾਵ ਤੇ ਬਿਨਾਂ ਕਿਸੇ ਰੋਕ-ਟੋਕ ਦੇ ਆਪਣੀ ਆਈ.ਡੀ. ਬਣਾ ਸਕਦਾ ਹੈ। ਸ਼ਾਇਦ ਇਸੇ ਹੀ ਆਜ਼ਾਦੀ ਦਾ ਫਾਇਦਾ ਚੁੱਕ ਕੇ ਕੁੱਝ ਲੋਕ ਨਕਲੀ ਫੇਸਬੁੱਕ ਆਈ.ਡੀ. ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਫਿਲਹਾਲ ਨਕਲੀ ਫੇਸਬੁੱਕ ਆਈ. ਡੀ. ਦਾ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਤੁਹਾਨੂੰ ਹੈਰਾਨ-ਪਰੇਸ਼ਾਨ ਕਰ ਦੇਵੇਗਾ। ਕਿਉਂਕਿ ਇਹ ਨਕਲੀ ਫੇਸਬੁੱਕ ਆਈ. ਡੀ. ਕਿਸੇ ਹੋਰ ਦੀ ਨਹੀਂ ਸਗੋਂ ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਾਮ ਤੋਂ ਹੈ। ਦਰਅਸਲ ਕੁਝ ਸ਼ਰਾਰਤੀ ਅਨਸਰਾਂ ਨੇ ਮਾਨਸਾ ਦੀ ਡੀ.ਸੀ. ਅਪਨੀਤ ਰਿਆਤ ਦੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਨਕਲੀ ਆਈ. ਡੀ. ਬਣਾ ਦਿੱਤੀ ਤੇ ਕਈ ਲੋਕਾਂ ਨੂੰ ਫਰੈਂਡ ਰਿਕਵੈਸਟ ਭੇਜੀ। ਇੱਥੇ ਹੀ ਬੱਸ ਨਹੀਂ ਇਸ ਨਕਲੀ ਅਕਾਊਂਟ 'ਤੇ ਡੀ.ਸੀ. ਰਿਆਤ ਅਤੇ ਡੀ.ਸੀ. ਦਫਤਰ ਦੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ ਗਈਆਂ ਹਨ।
ਡੀ.ਸੀ. ਰਿਆਤ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਨਕਲੀ ਆਈ.ਡੀ. ਬਣਾਉਣ ਵਾਲਿਆਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਸਾਹਮਣੇ ਆਉਣ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੋਸ਼ੀਆਂ ਤੱਕ ਪਹੁੰਚ ਨਹੀਂ ਸਕੀ। ਡੀ.ਸੀ. ਅਪਨੀਤ ਰਿਆਤ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ 'ਤੇ ਸਵਾਲ ਚੁੱਕੇ ਹਨ ਪਰ ਇੱਥੇ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜੇ ਇਕ ਉੱਚ ਅਹੁਦੇ ਦੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਸੋਸ਼ਲ ਮੀਡੀਆ 'ਤੇ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਹੋਵੇਗੀ।
ਮਾਨਸਾ 'ਚ ਸਵਾਈਨ ਫਲੂ ਨਾਲ 50 ਸਾਲਾ ਵਿਅਕਤੀ ਦੀ ਮੌਤ
NEXT STORY