ਜਲੰਧਰ (ਰਵਿੰਦਰ ਸ਼ਰਮਾ)— ਮਕਸੂਦਾਂ ਥਾਣੇ 'ਤੇ ਬੰਬ ਨਾਲ ਹਮਲੇ ਤੋਂ ਬਾਅਦ ਦੇਸ਼ ਭਰ ਦੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਥਾਣੇ 'ਤੇ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਆਪਣੀ ਜਾਂਚ ਨੂੰ ਵੀ ਤੇਜ਼ ਕਰ ਦਿੱਤਾ ਹੈ। ਇਕ ਪਾਸੇ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਹਮਲੇ ਦੀ ਜ਼ਿੰਮੇਵਾਰੀ ਲੈ ਰਹੀ ਹੈ ਤਾਂ ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ। ਫਿਲਹਾਲ ਪੁਲਸ ਅਧਿਕਾਰੀ ਇਸ ਅੱਤਵਾਦੀ ਹਮਲੇ ਨੂੰ ਲੈ ਕੇ ਚੁੱਪ ਬੈਠੇ ਹੋਏ ਹਨ।
ਸਵਾਲ ਇਹ ਉਠਦਾ ਹੈ ਕਿ ਜੇਕਰ ਇਹ ਅੱਤਵਾਦੀ ਹਮਲਾ ਸੀ ਤਾਂ ਇਹ ਪੁਲਸ ਪ੍ਰਸ਼ਾਸਨ ਅਤੇ ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ ਹੈ। ਖੁਫੀਆ ਏਜੰਸੀ ਕੋਲ ਜਲੰਧਰ ਦੇ ਕਿਸੇ ਥਾਣੇ 'ਤੇ ਹਮਲੇ ਦਾ ਕੋਈ ਇਨਪੁਟ ਨਹੀਂ ਸੀ। ਜੇਕਰ ਇਹ ਅੱਤਵਾਦੀ ਹਮਲਾ ਸੀ ਤਾਂ ਇਹ ਪੁਲਸ ਪ੍ਰਸ਼ਾਸਨ ਦੀ ਚੌਕਸੀ ਦੀਆਂ ਧੱਜੀਆਂ ਉਡਾਉਣ ਵਾਲਾ ਟਾਰਗੈੱਟ ਸੀ ਕਿਉਂਕਿ ਜਿਸ ਆਸਾਨੀ ਨਾਲ ਥਾਣੇ ਦੇ ਅੰਦਰ ਚਾਰ ਬੰਬ ਸੁੱਟਣ ਤੋਂ ਬਾਅਦ ਮੁਲਜ਼ਮ ਭੱਜਣ 'ਚ ਸਫਲ ਰਹੇ ਹਨ, ਉਸ ਨਾਲ ਪੁਲਸ ਪ੍ਰਸ਼ਾਸਨ ਦੀ ਚੌਕਸੀ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲੇ ਦੇ 24 ਘੰਟੇ ਬਾਅਦ ਵੀ ਪੁਲਸ ਕੋਲ ਹਮਲਾ ਕਰਨ ਵਾਲਿਆਂ ਨੂੰ ਲੈ ਕੇ ਕੋਈ ਇਨਪੁਟ ਨਹੀਂ ਹੈ। ਪੂਰਾ ਦਿਨ ਸੁਰੱਖਿਆ ਏਜੰਸੀਆਂ ਸਿਰਫ ਇਸ ਗੱਲ ਨੂੰ ਲੈ ਕੇ ਜਾਂਚ 'ਚ ਜੁਟੀਆਂ ਰਹੀਆਂ ਕਿ ਇਹ ਅੱਤਵਾਦੀ ਹਮਲਾ ਸੀ ਅਤੇ ਹਮਲੇ 'ਚ ਕਿਸ ਤਰ੍ਹਾਂ ਦੇ ਬੰਬ ਦਾ ਇਸਤੇਮਾਲ ਕੀਤਾ ਗਿਆ ਸੀ।
ਕੁਝ ਦਿਨ ਪਹਿਲਾਂ ਵੀ ਪੁਲਸ ਨੇ ਪੀ. ਵੀ. ਆਰ. ਮਾਲ ਵਿਚ ਮੌਕ ਡ੍ਰਿਲ ਕੀਤੀ ਸੀ। ਪੁੱਛਣ 'ਤੇ ਪੁਲਸ ਅਧਿਕਾਰੀਆਂ ਦਾ ਦਾਅਵਾ ਸੀ ਕਿ ਖੁਫੀਆ ਏਜੰਸੀ ਤੋਂ ਅੱਤਵਾਦੀ ਹਮਲਿਆਂ ਦਾ ਇਨਪੁਟ ਮਿਲਿਆ ਹੈ। ਇਸ ਤੋਂ ਅੱਗੇ ਪੁਲਸ ਅਧਿਕਾਰੀ ਕੁਝ ਵੀ ਨਹੀਂ ਦੱਸ ਸਕੇ। ਇਸ ਅੱਤਵਾਦੀ ਹਮਲੇ ਨੂੰ ਰੋਕਣ ਲਈ ਪੁਲਸ ਨੇ ਮੌਕ ਡ੍ਰਿਲ ਦੀ ਤਿਆਰੀ ਕੀਤੀ ਸੀ ਪਰ ਇਸ ਮੌਕ ਡ੍ਰਿਲ ਤੋਂ ਬਾਅਦ ਜਲੰਧਰ ਦੀ ਪੁਲਸ ਪੂਰੀ ਤਰ੍ਹਾਂ ਸੌਂ ਰਹੀ ਸੀ।
ਖਸਤਾ ਹਾਲਤ ਇਮਾਰਤ ਨੂੰ ਮਲੀਆਮੇਟ ਕਰਨ ਦਾ ਇਰਾਦਾ
ਮਕਸੂਦਾਂ ਥਾਣਾ ਸ਼ਹਿਰ ਦਾ ਸਭ ਤੋਂ ਖਸਤਾ ਹਾਲਤ ਇਮਾਰਤ 'ਚ ਚੱਲਣ ਵਾਲਾ ਥਾਣਾ ਹੈ। ਆਧੁਨਿਕ ਥਾਣਿਆਂ ਦੇ ਰੂਪ 'ਚ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਸੀ ਪਰ ਇਕੱਲਾ ਮਕਸੂਦਾਂ ਥਾਣਾ ਹੀ ਅਜਿਹਾ ਹੈ ਜੋ ਪੁਰਾਣੀ ਇਮਾਰਤ 'ਚ ਚੱਲ ਰਿਹਾ ਸੀ। ਜੇਕਰ ਇਹ ਅੱਤਵਾਦੀ ਹਮਲਾ ਸੀ ਤਾਂ ਮਕਸੂਦਾਂ ਥਾਣੇ ਦੀ ਇਮਾਰਤ ਨੂੰ ਮਲੀਆਮੇਟ ਕਰਨਾ ਉਨ੍ਹਾਂ ਦੇ ਸਭ ਤੋਂ ਸਾਫਟ ਟਾਰਗੈੱਟ 'ਤੇ ਸੀ। ਹਮਲਾਵਰਾਂ ਦਾ ਇਰਾਦਾ ਇਸ ਖਸਤਾ ਹਾਲਤ ਇਮਾਰਤ ਨੂੰ ਮਲੀਆਮੇਟ ਕਰਕੇ ਦਹਿਸ਼ਤ ਫੈਲਾਉਣਾ ਸੀ। ਦੂਜਾ ਮਕਸੂਦਾਂ ਥਾਣਾ ਇਸ ਲਈ ਵੀ ਹਮਲਾਵਰਾਂ ਲਈ ਸਾਫਟ ਟਾਰਗੈੱਟ ਸੀ ਕਿ ਬਾਹਰੀ ਇਲਾਕੇ 'ਚ ਹੋਣ ਕਾਰਨ ਹਮਲਾਵਰਾਂ ਲਈ ਵਾਰਦਾਤ ਤੋਂ ਬਾਅਦ ਭੱਜਣਾ ਅਸਾਨ ਸੀ। ਹਮਲੇ ਤੋਂ ਬਾਅਦ ਜਾਂ ਤਾਂ ਮੁਲਜ਼ਮ ਬਿਧੀਪੁਰ ਫਾਟਕ ਵੱਲ ਭੱਜੇ ਜਾਂ ਫਿਰ ਭਗਤ ਸਿੰਘ ਕਾਲੋਨੀ ਫਲਾਈਓਵਰ ਵੱਲ ਭੱਜੇ ਹੋਣਗੇ। ਜਦੋਂ ਤਕ ਪੁਲਸ ਨੂੰ ਕੁਝ ਸਮਝ ਆਉਂਦਾ ਉਨ੍ਹਾਂ ਲਈ ਹਾਈਵੇ ਦੇ ਰਾਹ 'ਤੇ ਭੱਜਣਾ ਆਸਾਨ ਹੁੰਦਾ।
ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ ਲਈ ਕਬਜ਼ੇ 'ਚ
ਸੁਰੱਖਿਆ ਏਜੰਸੀਆਂ ਨੇ ਜਲੰਧਰ ਤੋਂ ਪਠਾਨਕੋਟ, ਜਲੰਧਰ ਤੋਂ ਅੰਮ੍ਰਿਤਸਰ ਅਤੇ ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੇ ਰਾਹ 'ਤੇ ਪੈਣ ਵਾਲੇ ਸਾਰੇ ਟੋਲ ਪਲਾਜ਼ਿਆਂ ਦੀਆਂ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ 'ਚ ਲੈ ਲਈਆਂ ਹਨ।
ਪੁਲਸ ਪ੍ਰਸ਼ਾਸਨ ਹਰ ਮੋਰਚੇ 'ਤੇ ਫੇਲ : ਭਾਜਯੁਮੋ
ਮਕਸੂਦਾਂ ਥਾਣੇ 'ਤੇ ਹਮਲੇ ਨੂੰ ਲੈ ਕੇ ਭਾਜਯੁਮੋ ਨੇ ਵੀ ਸਰਕਾਰ ਤੇ ਪੁਲਸ ਪ੍ਰਸ਼ਾਸਨ 'ਤੇ ਹਮਲਾ ਬੋਲਿਆ ਹੈ। ਸੂਬਾ ਭਾਜਯੁਮੋ ਦੇ ਸਕੱਤਰ ਹਨੀ ਕੰਬੋਜ ਦਾ ਕਹਿਣਾ ਹੈ ਕਿ ਜੇ ਇਹ ਅੱਤਵਾਦੀ ਹਮਲਾ ਸੀ ਤਾਂ ਸਰਕਾਰ ਅਤੇ ਪੁਲਸ ਦੀ ਭਾਰੀ ਅਸਫਲਤਾ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਹੀ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ। ਉਪਰ ਤੋਂ ਸ਼ਰੇਆਮ ਜਿਸ ਤਰ੍ਹਾਂ ਨਾਲ ਥਾਣੇ 'ਤੇ ਬੰਬ ਨਾਲ ਹਮਲਾ ਕੀਤਾ ਗਿਆ ਹੈ, ਉਸ ਤੋਂ ਕਾਨੂੰਨ ਵਿਵਸਥਾ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਥਾਣਾ ਮਕਸੂਦਾਂ ਏਰੀਆ ਡਿਵੀਜ਼ਨ ਨੰ. 1 ਦਾ, ਹਮਲਾ ਦਿਹਾਤੀ ਥਾਣੇ 'ਚ, ਜਾਂਚ ਕਰੇਗੀ ਕਮਿਸ਼ਨਰੇਟ ਪੁਲਸ
ਸ਼ਹਿਰ ਦੇ ਥਾਣਿਆਂ ਦੀ ਹੱਦਬੰਦੀ ਇਸ ਤਰ੍ਹਾਂ ਹੈ ਕਿ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਇਸ ਨੂੰ ਲੈ ਕੇ ਹੈਰਾਨ ਨਜ਼ਰ ਆਏ। ਜਿਸ ਮਕਸੂਦਾਂ ਥਾਣੇ 'ਚ ਹਮਲਾ ਹੋਇਆ ਉਹ ਥਾਣਾ ਤਾਂ ਦਿਹਾਤੀ ਪੁਲਸ ਦੇ ਅਧੀਨ ਆਉਂਦਾ ਹੈ ਪਰ ਇਸ ਦੀ ਹੱਦਬੰਦੀ ਕਮਿਸ਼ਨਰੇਟ ਪੁਲਸ ਦੇ ਥਾਣਾ ਨੰਬਰ 1 ਦੇ ਅਧੀਨ ਆਉਂਦੀ ਹੈ, ਇਸ ਲਈ ਥਾਣੇ 'ਤੇ ਹੋਏ ਹਮਲੇ ਦੀ ਜਾਂਚ ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਦੋਵਾਂ ਨੂੰ ਮਿਲ ਕੇ ਕਰਨੀ ਹੋਵੇਗੀ। ਹਮਲਾ ਦਿਹਾਤੀ ਥਾਣੇ 'ਚ ਹੋਇਆ ਅਤੇ ਕੇਸ ਸ਼ਹਿਰੀ ਥਾਣਿਆਂ 'ਚ ਦਰਜ ਕਰਨਾ ਪਿਆ। ਜਿਸ ਤਰ੍ਹਾਂ ਨਾਲ ਖਸਤਾ ਹਾਲਤ ਇਮਾਰਤ ਵਿਚ ਥਾਣਾ ਚਲਾਇਆ ਜਾ ਰਿਹਾ ਸੀ ਉਸ ਦੀ ਹਾਲਤ 'ਤੇ ਖੁਦ ਡੀ. ਜੀ. ਪੀ. ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਡੀ. ਜੀ. ਪੀ. ਦੀ ਇਸ ਚਿੰਤਾ ਤੋਂ ਇਸ ਗੱਲ ਦਾ ਸਬਕ ਮਿਲਦਾ ਹੈ ਕਿ ਜ਼ਿਲਾ ਪੱਧਰ 'ਤੇ ਥਾਣਿਆਂ ਦੀ ਦੁਰਦਸ਼ਾ ਬਾਰੇ ਨਾ ਤਾਂ ਪੁਲਸ ਮੁਖੀ ਨੂੰ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਰਕਾਰ ਨੂੰ ਕੁਝ ਦੱਸਿਆ ਜਾਂਦਾ ਹੈ।
ਸੁਖਬੀਰ ਬਾਦਲ-ਮਜੀਠੀਆ 'ਤੇ ਦਾਦੂਵਾਲ ਦਾ ਖੁਲਾਸਾ
NEXT STORY