ਹੁਸ਼ਿਆਰਪੁਰ (ਅਮਰਿੰਦਰ) : ਹੁਸ਼ਿਆਰਪੁਰ ਦੇ ਸ਼ਹਿਰ ਦੇ ਨਾਲ ਲੱਗਦੇ ਤੇ ਹਰਿਆਣਾ ਥਾਣਾ ਦੇ ਅਧੀਨ ਆਉਂਦੇ ਪਿੰਡ ਸੱਜਣਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਪੈਲੇਸ 'ਚ ਵਿਆਹ ਤੋਂ ਘਰ ਵਾਪਤ ਪਰਤੇ ਲਾੜੇ ਤੇ ਉਸ ਦੇ ਪਰਿਵਾਰ ਦੇ ਨਾਲ-ਨਾਲ ਸਹੁਰੇ ਵਾਲਿਆਂ 'ਤੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਬਾਅਦ 'ਚ ਮੌਕੇ 'ਤੇ ਪਹੁੰਚੀ ਹਰਿਆਣਾ ਪੁਲਸ ਦੂਜੇ ਪੱਖ ਨਾਲ ਸਬੰਧਤ ਕੈਨੇਡਾ 'ਚ ਰਹਿ ਰਹੇ ਲੋਕਾਂ ਨੂੰ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਲੈ ਪਹੁੰਚੀ ਤਾਂ ਵਿਰੋਧੀ ਪੱਖ ਨੇ ਸਿਵਲ ਹਸਪਤਾਲ ਦਫ਼ਤਰ 'ਚ ਹੀ ਉਸ ਦੀ ਗੱਡੀ 'ਤੇ ਹਮਲਾ ਬੋਲ ਦਿੱਤਾ।

ਮੌਕੇ 'ਤੇ ਹਰਿਆਣਾ ਪੁਲਸ ਦੀ ਮਦਦ ਲਈ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ ਇੰਸਪੈਕਟਰ ਨਰਿੰਦਰ ਕੁਮਾਰ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਵਾਉਣ 'ਚ ਜੁੱਟ ਗਏ। ਇਸੇ 'ਚ ਆਸਪਾਸ ਦੇ ਥਾਣਿਆਂ ਤੋਂ ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਅੱਜ ਸਵੇਰੇ ਹਰਿਆਣਾ ਪੁਲਸ ਨੇ ਸੱਜਣਾਂ ਪਿੰਡ ਦੇ ਕੈਨੇਡੀਅਨ ਨਾਗਰਿਕ ਸਮੇਤ ਕੁੱਲ ਅੱਧੇ ਦਰਜਨ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਮਾਮਲਾ
ਦੇਰ ਰਾਤ ਸੱਜਣਾਂ ਪਿੰਡ 'ਚ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਜਣਾਂ ਪਿੰਡ ਦੇ 24 ਸਾਲਾ ਦਵਿੰਦਰ ਸਿੰਘ ਪੁੱਤਰ ਮਾਨਵਿੰਦਰ ਸਿੰਘ ਦਾ ਵਿਆਹ ਕੈਨੇਡਾ 'ਚ ਰਹਿ ਰਹੀ ਹੁਸ਼ਿਆਰਪੁਰ ਦੇ ਅਸਲਾਮਬਾਦ ਦੀ ਲੜਕੀ ਨਾਲ ਬੀਤੇ ਦਿਨੀ ਹੁਸ਼ਿਆਰਪੁਰ ਸ਼ਹਿਰ ਦੇ ਨਿੱਜੀ ਪੈਲੇਸ 'ਚ ਹੋਇਆ। ਵਿਆਹ ਦੇ ਬਾਅਦ ਦੇਰ ਰਾਤ 9 ਵਜੇ ਦੇ ਕਰੀਬ ਦੁਲਹਾ ਦੁਲਹਣ ਦੀ ਡੋਲੀ ਦੇ ਨਾਲ ਰਿਸ਼ਤੇਦਾਰ ਵੀ ਸੱਜਣਾਂ ਪਿੰਡ ਆਏ ਸੀ। ਹਮਲੇ 'ਚ ਜ਼ਖਮੀ ਲਾੜਾ ਦਵਿੰਦਰ ਸਿੰਘ ਤੇ ਦਾਦੀ ਗੁਰਦੇਵ ਕੌਰ ਦੇ ਅਨੁਸਾਰ ਮਹਿਮਾਨ ਵੀ ਇੱਕਲੇ ਹੀ ਸੀ ਕਿ ਅਚਾਨਕ ਮੇਰੇ ਨਜ਼ਦੀਕੀ ਰਿਸ਼ਤੇਦਾਰ ਜਸਵੀਰ ਸਿੰਘ ਤੇ ਉਸ ਦਾ ਬੇਟਾ ਸੰਦੀਪ ਸਿੰਘ ਆਪਣੇ ਨਾਲ ਕੁਲਵਿੰਦਰ, ਨੌਕਰ ਸੁਰੇਸ਼ ਕੁਮਾਰ ਤੇ ਉਸ ਦੇ ਬੇਟੇ ਮੋਨੂੰ ਤੇ 3 ਹੋਰਾਂ ਸੇਮਤ ਵਿਹੜੇ 'ਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦ ਅਸੀਂ ਵਿਰੋਧ ਕੀਤਾ ਤਾਂ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ। ਦਵਿੰਦਰ ਸਿੰਘ ਦੇ ਅਨੁਸਾਰ ਖੂਨੀ ਹਮਲੇ ਦੌਰਾਨ ਹਮਲਾਵਰ ਦੋਸ਼ੀਆਂ ਨੇ ਮੇਰੀ ਸੱਸ ਸਤਨਾਮ ਕੌਰ ਪਤਨੀ ਮੁੱਖਤਿਆਰ ਸਿੰਘ, ਦੋਵੇਂ ਸਾਲੇ ਡਾ. ਤੇਜਵੀਰ ਸਿੰਘ ਤੇ ਅਮਰਿੰਦਰ ਸਿੰਘ ਧਾਲੀਵਾਲ ਤੇ ਹੋਰਾਂ ਨੂੰ ਜ਼ਖਮੀ ਕਰ ਦਿੱਤਾ।

ਕੀ ਕਹਿਣਾ ਦੋਵਾਂ ਪੱਖਾਂ ਦਾ
ਪੀੜਤ ਲਾੜੇ ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਦੋਸ਼ੀ ਜਸਵੀਰ ਸਿੰਘ ਤੇ ਸੰਦੀਪ ਸਿੰਘ ਕੈਨੇਡਾ 'ਚ ਰਹਿੰਦੇ ਹਨ ਤੇ ਇੰਨ੍ਹੀਂ ਦਿਨੀਂ ਪਿੰਡ ਆਇਆ ਹੈ। ਉਸ ਨੂੰ ਇਸ ਗੱਲ ਨੂੰ ਲੈ ਮੇਰੇ ਨਾਲ ਰੰਜਿਸ਼ ਸੀ ਕਿ ਕੈਨੇਡੀਅਨ ਐੱਨ.ਆਰ.ਆਈ ਲੜਕੀ ਦੇ ਨਾਲ ਮੇਰਾ ਵਿਆਹ ਹੋਣ ਤੋਂ ਬਾਅਦ ਮੈਂ ਵੀ ਕੈਨੇਡਾ ਜਾਵਾਂਗਾ। ਦੂਜੇ ਪਾਸੇ ਦੇਰ ਰਾਤ 12 ਵਜੇ ਦੇ ਕਰੀਬ ਸਿਵਲ ਹਸਪਤਾਲ 'ਚ ਹੰਗਾਮੇ ਦੌਰਾਨ ਵਿਰੋਧੀ ਪੱਖ ਦੇ ਜਸਵੀਰ ਸਿੰਘ ਤੇ ਸੰਦੀਪ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਵਿਆਹ ਦੇ ਬਾਅਦ ਵੀ ਦੇਰ ਰਾਤ ਤੱਕ ਜ਼ੋਰਦਾਰ ਆਵਾਜ਼ 'ਚ ਚੱਲ ਰਹੇ ਡੀ.ਜੇ ਨੂੰ ਬੰਦ ਕਰਨ ਨੂੰ ਕਿਹਾ ਤਾਂ ਸਾਡੇ ਉੱਪਰ ਹਮਲਾ ਕਰਕੇ ਸਾਨੂੰ ਜ਼ਖਮੀ ਕਰ ਦਿੱਤਾ ਹੈ।

ਕੀ ਕਹਿੰਦੀ ਹੈ ਪੁਲਸ
ਇਸ ਸਬੰਧੀ ਏ.ਐੱਸ.ਆਈ ਸੁਖਦੇਵ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੀੜਤ ਪੱਖ ਦੇ ਦਵਿੰਦਰ ਸਿੰਘ ਵਾਸੀ ਸੱਜਣਾ ਦੇ ਦੋਸ਼ 'ਤੇ ਪੁਲਸ ਨੇ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਉਸ ਦੇ ਬੇਟੇ ਸੰਦੀਪ ਸਿੰਘ ਵਾਸੀ ਸੱਜਣਾ, ਕੁਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਾਰੰਗਵਾਲ, ਨੌਕਰ ਸੁਰੇਸ਼ ਕੁਮਾਰ ਤੇ ਉਸ ਦੇ ਬੇਟੇ ਮੋਨੂੰ, ਸੋਢੀ ਤੇ 3 ਹੋਰ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਜਸਵੀਰ ਸਿੰਘ, ਸੰਦੀਪ ਸਿੰਘ, ਕੁਲਵਿੰਦਰ ਸਿੰਘ ਤੇ ਸੁਰੇਸ਼ ਕੁਮਾਰ ਨੂੰ ਹਿਰਾਸਤ 'ਚ ਲੈ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੈਦੀਆਂ ਦੀ ਰਿਹਾਈ ਸਬੰਧੀ ਨਕਸ਼ਾ ਪ੍ਰਣਾਲੀ ਸਰਲ ਹੋਵੇ
NEXT STORY