ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਆਈਏਐੱਸ, ਆਈਪੀਐੱਸ ਤੇ ਪੀਸੀਐੱਸ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਚੰਡੀਗੜ੍ਹ ਵਿਖੇ ਨਿਸ਼ਚੈ ਅਕੈਡਮੀ ਖੋਲ੍ਹੀ ਗਈ ਹੈ, ਜਿਸ ਦਾ ਚੰਡੀਗੜ੍ਹ ਦੇ ਇਕ ਇੰਸਟੀਚਿਊਟ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਤਹਿਤ ਹਰ ਸਾਲ 25 ਗੁਰਸਿੱਖ ਬੱਚਿਆਂ ਦਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਇਆ ਕਰੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਥੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਕੀਤਾ।
ਇਹ ਵੀ ਪੜ੍ਹੋ : ਖਣਨ ਮੰਤਰੀ ਮੀਤ ਹੇਅਰ ਦਾ ਕਮਰਸ਼ੀਅਲ ਰੇਤ ਖੱਡਾਂ ਨੂੰ ਲੈ ਕੇ ਅਹਿਮ ਬਿਆਨ, ਜਾਣੋ ਕੀ ਬੋਲੇ
ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ 25 ਗੁਰਸਿੱਖ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਉਕਤ ਅਕੈਡਮੀ ਅੰਦਰ ਮੈਰਿਟ ਅਨੁਸਾਰ ਤਿਆਰੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਕਾਰਜ ਇਸੇ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਹਰ ਸਾਲ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ 25 ਬੱਚਿਆਂ ਤੋਂ ਇਲਾਵਾ 10 ਹੋਰ ਬੱਚਿਆਂ ਦਾ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਦੇ ਆਗੂ ਭਾਈ ਰਾਮ ਸਿੰਘ ਵੱਲੋਂ ਖਰਚਾ ਚੁੱਕਣ ਦੀ ਸਹਿਮਤੀ ਦਿੱਤੀ ਗਈ ਹੈ, ਜਿਸ ਅਨੁਸਾਰ ਪਹਿਲੇ ਸਾਲ 35 ਗੁਰਸਿੱਖ ਬੱਚੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਇਸ ਦਾ ਮੰਤਵ ਗੁਰਸਿੱਖ ਬੱਚਿਆਂ ਨੂੰ ਉੱਚ ਅਹੁਦਿਆਂ ’ਤੇ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ : ਕਰਤਾਰਪੁਰ ਕਾਰੀਡੋਰ ਨੇ 75 ਸਾਲਾਂ ਬਾਅਦ ਫਿਰ ਮਿਲਾਇਆ ਭਾਰਤ ਤੇ ਪਾਕਿਸਤਾਨ 'ਚ ਰਹਿੰਦੇ ਵਿਛੜੇ ਭਰਾਵਾਂ ਨੂੰ
ਐਡਵੋਕੇਟ ਧਾਮੀ ਨੇ ਅੰਤ੍ਰਿੰਗ ਕਮੇਟੀ ਦੇ ਹੋਰ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 28 ਮਾਰਚ ਨੂੰ ਸੱਦਣ ਦਾ ਫ਼ੈਸਲਾ ਹੋਇਆ ਹੈ। ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1 ਵਜੇ ਹੋਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਟਰੱਸਟ, ਜਨਰਲ ਬੋਰਡ ਫੰਡ, ਗੁਰਦੁਆਰਾ ਸਾਹਿਬਾਨ, ਪ੍ਰੈੱਸਾਂ, ਵਿਦਿਅਕ ਅਦਾਰਿਆਂ ਆਦਿ ਦਾ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਸਬੰਧੀ ਬਣਾਈ ਗਈ ਸਬ-ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਦੇ ਦਿੱਤੀਆਂ ਹਨ, ਜਿਸ ਅਨੁਸਾਰ ਬਜਟ ਤਰਜੀਹਾਂ ਨਿਰਧਾਰਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੀ ਮਿਲੀ ਸਜ਼ਾ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਜੇਲ੍ਹ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਸਰਕਾਰਾਂ ਵੱਲੋਂ ਸਿੱਖ ਮਸਲਿਆਂ 'ਚ ਸਿੱਧੀ-ਅਸਿੱਧੀ ਦਖ਼ਲਅੰਦਾਜ਼ੀ ਦਾ ਵੀ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਸਿੱਖ ਮਾਮਲਿਆਂ ਨੂੰ ਗਲਤ ਰੰਗਤ ਦੇ ਰਹੇ ਹਨ। ਹਾਲ ਹੀ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਗੁਰੂ ਡਾਂਗਮਾਰ ਸਿੱਕਮ ਦੇ ਇਤਿਹਾਸ ਨੂੰ ਰੱਦ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਇਸ ਗੁਰਦੁਆਰਾ ਸਾਹਿਬ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਿੱਧਾ ਸਬੰਧ ਹੈ ਅਤੇ ਇਥੇ ਗੁਰੂ ਸਾਹਿਬ 1515-16 ਦੌਰਾਨ ਤੀਜੀ ਉਦਾਸੀ ਵੇਲੇ ਪਹੁੰਚੇ ਸਨ। ਇਸ ਦਾ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਸਿੱਕਮ ਹਾਈਕੋਰਟ 'ਚ ਲੜਿਆ ਜਾ ਰਿਹਾ ਹੈ ਪਰ ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਨੇ ਇਕਤਰਫਾ ਬਿਆਨ ਦੇ ਕੇ ਆਪਣੇ ਸੰਵਿਧਾਨਕ ਅਹੁਦੇ ਦੀ ਮਰਯਾਦਾ ਨੂੰ ਉਲੰਘਿਆ ਹੈ।
ਇਹ ਵੀ ਪੜ੍ਹੋ : Amazon Pay 'ਤੇ RBI ਦੀ ਕਾਰਵਾਈ, ਲਗਾਇਆ 3.06 ਕਰੋੜ ਰੁਪਏ ਦਾ ਜੁਰਮਾਨਾ
ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਸਰਕਾਰਾਂ ਸਿੱਖ ਮਾਮਲਿਆਂ ਨੂੰ ਜਾਣਬੁੱਝ ਕੇ ਉਲਝਾ ਰਹੀਆਂ ਹਨ। ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਾਂ, ਦਿੱਲੀ ਕਮੇਟੀ ਅਤੇ ਹੁਣ ਹਰਿਆਣਾ ਕਮੇਟੀ ਮਾਮਲੇ 'ਚ ਸਰਕਾਰਾਂ ਨੇ ਜਾਣਬੁੱਝ ਕੇ ਦਖ਼ਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੀ ਸਰਕਾਰੀ ਦਖ਼ਲਅੰਦਾਜ਼ੀ ਵਿਰੁੱਧ ਚੁੱਪ ਨਹੀਂ ਬੈਠੇਗੀ ਅਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਸੰਜੀਦਾ ਮਾਮਲੇ ’ਤੇ ਪੂਰੇ ਭਾਰਤ ਅੰਦਰ ਘੱਟਗਿਣਤੀਆਂ ਨਾਲ ਸਬੰਧਤ ਅਤੇ ਮਨੁੱਖੀ ਹੱਕਾਂ ਦੀ ਤਰਜਮਾਨੀ ਕਰਨ ਵਾਲੀਆਂ ਪਾਰਟੀਆਂ ਨਾਲ ਰਾਬਤਾ ਕਰਕੇ ਇਕ ਲਹਿਰ ਸਿਰਜੀ ਜਾਵੇਗੀ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਸਕੂਟਰੀ ਸਵਾਰ ਔਰਤ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਤਾਂ ਵਾਪਰ ਗਿਆ ਭਾਣਾ, ਕੁੜੀ ਤੇ ਬੱਚੇ ਦੀ ਮੌਤ
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਤੁਗਲਵਾਲ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਨਾਮ ਸਿੰਘ ਜੱਸਲ ਆਦਿ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਖਣਨ ਮੰਤਰੀ ਮੀਤ ਹੇਅਰ ਦਾ ਕਮਰਸ਼ੀਅਲ ਰੇਤ ਖੱਡਾਂ ਨੂੰ ਲੈ ਕੇ ਅਹਿਮ ਬਿਆਨ, ਜਾਣੋ ਕੀ ਬੋਲੇ
NEXT STORY