ਅਲਾਵਲਪੁਰ, (ਬੰਗੜ)— ਬੀਤੀ ਰਾਤ ਥਾਣਾ ਆਦਮਪੁਰ ਅਧੀਨ ਪੈਂਦੀ ਪੁਲਸ ਚੌਕੀ ਅਲਾਵਲਪੁਰ 'ਚ ਪੈਂਦੇ ਪਿੰਡ ਲੇਸੜੀਵਾਲ ਵਿਖੇ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਇਕ ਘਰ 'ਚੋਂ ਲੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਵਾਸੀ ਲੇਸੜੀਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਬੀਤੀ ਰਾਤ ਕਰੀਬ 8 ਕੁ ਵਜੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਪਾਰਟੀ 'ਤੇ ਗਿਆ ਹੋਇਆ ਸੀ ਅਤੇ ਘਰ ਵਿਚ ਕੋਈ ਨਹੀਂ ਸੀ, ਉਹ ਜਦੋਂ ਰਾਤ 11.30 ਵਜੇ ਵਾਪਸ ਆਏ ਤਾਂ ਕਮਰਿਆਂ ਵਿਚ ਸਾਮਾਨ ਖਿਲਰਿਆ ਹੋਇਆ ਵੇਖ ਅਤੇ ਘਰ ਦਾ ਕੀਮਤੀ ਸਾਮਾਨ ਗਾਇਬ ਪਾਇਆ ਤਾਂ ਤੁਰੰਤ 100 ਨੰ. 'ਤੇ ਫੋਨ ਕੀਤਾ ਗਿਆ ਉਪਰੰਤ ਚੌਕੀ ਅਲਾਵਲਪੁਰ ਨੂੰ ਸੂਚਿਤ ਕੀਤਾ ਗਿਆ। ਚੋਰਾਂ ਨੇ ਘਰ ਦੇ ਪਿਛਲੇ ਦਰਵਾਜ਼ੇ ਦੀ ਕੁੰਢੀ ਤੋੜ ਕੇ ਅਲਮਾਰੀਆਂ ਵਿਚੋਂ ਨਕਦੀ ਅਤੇ ਗਹਿਣੇ ਚੋਰੀ ਕੀਤੇ ਜਿਨ੍ਹਾਂ ਵਿਚ ਵਿਦੇਸ਼ ਤੋਂ ਆਏ ਮਹਿਮਾਨਾਂ ਦਾ ਸਾਮਾਨ ਮਹਿੰਦਰ ਕੌਰ ਦੇ 1200 ਕੈਨੇਡੀਅਨ ਡਾਲਰ, 6 ਤੋਲੇ ਦੇ ਦੋ ਸੋਨੇ ਦੇ ਕੜੇ, ਤਰਨਦੀਪ ਦੇ 750 ਪੌਂਡ, 4 ਤੋਲੇ ਸੋਨਾ, ਕੁਲਵਿੰਦਰ ਕੌਰ ਅਤੇ ਉਸ ਦੀ ਨੂੰਹ ਮਨਜਿੰਦਰ ਕੌਰ ਦਾ ਢਾਈ ਤੋਲੇ ਸੋਨੇ ਦਾ ਹਾਰ, 1 ਟਿੱਕਾ, 2 ਜੋੜੇ ਟਾਪਸ, 1 ਚੇਨੀ, ਇਕ ਜੋੜਾ ਵਾਲੀਆਂ, ਦੋ ਵਿਦੇਸ਼ੀ ਘੜੀਆਂ ਤੋਂ ਇਲਾਵਾ ਵੀ ਕੀਮਤੀ ਸਾਮਾਨ ਚੋਰਾਂ ਵਲੋਂ ਚੁਰਾ ਲਿਆ ਗਿਆ।
ਇਸ ਮੌਕੇ ਪਹੁੰਚੇ ਡੀ. ਐੱਸ. ਪੀ. ਗੁਰਬਿੰਦਰ ਸਿੰਘ ਦਿਹਾਤੀ, ਐੱਸ. ਐੱਚ. ਓ. ਗੋਪਾਲ ਸਿੰਘ, ਏ. ਐੱਸ. ਆਈ. ਜੰਗ ਬਹਾਦਰ ਸਿੰਘ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਮੌਕੇ 'ਤੇ ਫਿੰਗਰ ਪ੍ਰਿੰਟ ਐਕਸਪਰਟ ਐੱਸ. ਆਈ. ਜਸਵਿੰਦਰ ਕੌਰ ਵਲੋਂ ਚੋਰਾਂ ਦੇ ਫਿੰਗਰ ਪ੍ਰਿੰਟ ਇਕੱਠੇ ਕੀਤੇ ਗਏ। ਹੁਸ਼ਿਆਰਪੁਰ ਤੋਂ ਡਾਗ ਸਕੁਐਡ ਵੀ ਬੁਲਾਇਆ ਗਿਆ ਪਰ ਚੋਰ ਹਾਲੇ ਵੀ ਪੁਲਸ ਗ੍ਰਿਫਤ ਤੋਂ ਦੂਰ ਹਨ। ਇਥੇ ਜ਼ਿਕਰਯੋਗ ਹੈ ਕਿ ਇਸੇ ਪਿੰਡ ਵਿਚ 15 ਕੁ ਦਿਨ ਪਹਿਲਾਂ ਚੋਰਾਂ ਵਲੋਂ ਪਰਮਜੀਤ ਸਿੰਘ ਪੁੱਤਰ ਹਰਦਿੱਤ ਸਿੰਘ ਦੇ ਘਰੋਂ ਵੀ ਕੀਮਤੀ ਸਾਮਾਨ ਚੋਰੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਇਸ ਸੰਬੰਧੀ ਮਾਮਲਾ ਹਾਲੇ ਸੁਲਝ ਨਹੀਂ ਸੀ ਰਿਹਾ ਕਿ ਬੀਤੀ ਰਾਤ ਚੋਰਾਂ ਨੇ 15 ਦਿਨਾਂ ਵਿਚ ਹੀ ਪੁਲਸ ਦੀ ਨੀਂਦ ਭੰਗ ਕਰਦਿਆਂ ਦੂਸਰੀ ਵੱਡੀ ਚੋਰੀ ਨੂੰ ਅੰਜਾਮ ਦੇ ਦਿੱਤਾ ਹੈ।
ਝਪਟਮਾਰ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ, 2 ਫਰਾਰ
NEXT STORY