ਸ੍ਰੀ ਆਨੰਦਪੁਰ ਸਾਹਿਬ(ਸ਼ਮਸ਼ੇਰ)- ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਸਰਕਾਰ ਵੱਲੋਂ ਵੀ ਖੇਤਰ 'ਚੋਂ ਗੁਜ਼ਰਦੀ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਸਨ, ਜਿਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਕੇਂਦਰੀ ਜਲ ਕਮਿਸ਼ਨ ਵੱਲੋਂ ਇਸ ਪ੍ਰਾਜੈਕਟ ਦੀ ਮੁੱਢਲੀ ਪ੍ਰਕਿਰਿਆ ਦਾ ਆਗਾਜ਼ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਤੋਂ ਲੰਬਾ ਰਸਤਾ ਤਹਿ ਕਰ ਕੇ ਆਉਂਦੀ ਸਵਾਂ ਨਦੀ ਪਿੰਡ ਸਹਿਜੋਵਾਲ ਦੀ ਜੂਹ ਤੋਂ ਪੰਜਾਬ 'ਚ ਦਾਖਲ ਹੁੰਦੀ ਹੈ ਅਤੇ ਬੰਗਾ ਟੂ ਸ਼੍ਰੀ ਨੈਣਾ ਦੇਵੀ ਨਿਰਮਾਣ ਅਧੀਨ ਨੈਸ਼ਨਲ ਹਾਈਵੇ 'ਤੇ ਬਣੇ ਵੱਡੇ ਪੁਲ ਦੇ ਐਨ ਹੇਠਾਂ ਇਸ ਦਾ ਸਤਲੁਜ ਦਰਿਆ 'ਚ ਰਲੇਵਾਂ ਹੁੰਦਾ ਹੈ। ਹਾਲਾਂਕਿ ਇਹ ਨਦੀ 12 ਮਹੀਨੇ ਵਗਦੀ ਰਹਿੰਦੀ ਹੈ ਪਰ ਬਰਸਾਤ ਦੇ ਦਿਨਾਂ 'ਚ ਇਸ ਨਦੀ 'ਚ ਆਉਣ ਵਾਲੇ ਭਿਆਨਕ ਹੜ੍ਹ ਨਾਲ ਇਸ ਦੇ ਕਿਨਾਰੇ ਲੱਗਦੀ ਸੈਂਕੜੇ ਏਕੜ ਉਪਜਾਊ ਜ਼ਮੀਨ ਇਸ ਦੀ ਭੇਟ ਚੜ੍ਹ ਜਾਂਦੀ ਹੈ। ਸਰਕਾਰ ਵੱਲੋਂ ਇਸ ਨਦੀ ਨੂੰ ਚੈਨਲਾਈਜ਼ ਕਰਨ ਦੀ ਜੋ ਨਵੀਂ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ, ਉਹ ਸੈਂਕੜੇ ਏਕੜ ਜ਼ਮੀਨ ਨੂੰ ਬਚਾਉਣ ਤੇ ਇਸ ਕਿਨਾਰੇ ਲੱਗਦੇ ਪਿੰਡਾਂ ਦੀ ਆਬਾਦੀ ਨੂੰ ਸਦੀਵੀ ਰੂਪ 'ਚ ਮਹਿਫੂਜ਼ ਰੱਖਣ 'ਚ ਵਰਦਾਨ ਸਾਬਿਤ ਹੋਵੇਗੀ।
ਕੀ ਹੈ ਵਿਭਾਗ ਦੀ ਤਾਜ਼ਾ ਪ੍ਰਪੋਜ਼ਲ?
ਪਿੰਡ ਸਹਿਜੋਵਾਲ ਤੋਂ ਲੈ ਕੇ ਪਿੰਡ ਲੋਧੀਪੁਰ ਦੀ ਹੱਦਬਸਤ ਤੱਕ 19.60 ਕਿਲੋਮੀਟਰ ਦੇ ਪੈਂਡੇ 'ਚ ਪਿੰਡ ਐਲਗਰਾਂ, ਸੁਆੜਾ, ਸੈਸੋਵਾਲ, ਭੱਲੜੀ, ਬੇਈਂਹਾਰਾ, ਸੈਦਪੁਰ, ਸੰਗਤਪੁਰ, ਹਰਸਾ ਬੇਲਾ ਆਦਿ ਸਮੇਤ ਦਰਜਨ ਤੋਂ ਵੱਧ ਪਿੰਡਾਂ ਦੀ ਉਪਜਾਊ ਜ਼ਮੀਨ ਬਰਸਾਤ ਦੇ ਹੜ੍ਹਾਂ ਤੋਂ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਹੜ੍ਹਾਂ ਦਾ ਪਾਣੀ ਖੇਤਰ ਦੇ 47 ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੈ। ਬਹੁਤੇ ਲੋਕਾਂ ਦੀਆਂ ਜਾਨਾਂ ਇਸ ਦੀ ਭੇਟ ਚੜ੍ਹ ਚੁੱਕੀਆਂ ਹਨ। ਇਸ ਪ੍ਰਭਾਵਿਤ ਖੇਤਰ ਦੇ ਬਚਾਅ ਲਈ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਲਈ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਤਕਨੀਕੀ ਮਨਜ਼ੂਰੀ ਦਿੰਦਿਆਂ ਇਸ ਪ੍ਰਾਜੈਕਟ 'ਤੇ 210 ਕਰੋੜ ਦੀ ਰਾਸ਼ੀ ਦੇ ਖਰਚ ਦਾ ਐਸਟੀਮੇਟ ਤਹਿ ਕੀਤਾ ਗਿਆ ਹੈ। ਪ੍ਰਾਜੈਕਟ ਦੇ ਨਿਰੀਖਣ ਲਈ ਵਿਭਾਗ ਦੀ ਵਿਸ਼ੇਸ਼ ਟੀਮ, ਜਿਸ 'ਚ ਐੱਮ. ਐੱਮ. ਢਿੱਲੋਂ ਚੀਫ ਇੰਜੀਨੀਅਰ ਕੇਂਦਰੀ ਜਲ ਕਮਿਸ਼ਨ, ਏ. ਕੇ. ਬਾਂਸਲ ਚੀਫ ਇੰਜੀਨੀਅਰ ਡਰੇਨਜ਼ ਵਿਭਾਗ ਪੰਜਾਬ, ਬੀ. ਪੀ. ਐੱਸ. ਬਰਾੜ ਸੁਪਰਡੈਂਟ ਇੰਜੀਨੀਅਰ ਡਰੇਨਜ਼ ਵਿਭਾਗ ਪਟਿਆਲਾ, ਸੁਖਵਿੰਦਰ ਸਿੰਘ ਕਲਸੀ ਐਕਸੀਅਨ ਰੂਪਨਗਰ ਆਦਿ ਦੇ ਨਾਂ ਸ਼ਾਮਲ ਹਨ, ਪੁੱਜੇ। ਅਧਿਕਾਰੀਆਂ ਅਨੁਸਾਰ ਕੁੱਲ 210 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੀ ਸਮਾਂ ਸੀਮਾ 12 ਮਹੀਨੇ ਹੋਵੇਗੀ। ਟੀਮ ਵੱਲੋਂ ਅੰਤਿਮ ਰਿਪੋਰਟ ਪੇਸ਼ ਕਰਨ ਉਪਰੰਤ ਤੇ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਉਪਰੰਤ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਹੋਵੇਗਾ।
ਬੰਦ ਹੋਵੇਗੀ ਮਾਈਨਿੰਗ ਮਾਫੀਆ ਦੀ ਲੁੱਟ
ਸਵਾਂ ਨਦੀ ਭਿਆਨਕ ਹੜ੍ਹਾਂ ਤੇ ਖੇਤੀਬਾੜੀ ਜ਼ਮੀਨ ਦੀ ਤਬਾਹੀ ਨੂੰ ਲੈ ਕੇ ਜਿਥੇ ਲੰਬੇ ਸਮੇਂ ਤੋਂ ਤ੍ਰਾਸਦੀ ਦਾ ਕਾਰਨ ਬਣੀ ਹੋਈ ਹੈ, ਉਥੇ ਹੀ ਬੀਤੇ ਕੁਝ ਦਹਾਕਿਆਂ ਤੋਂ ਸਵਾਂ ਨਦੀ ਮਾਈਨਿੰਗ ਮਾਫੀਏ ਦਾ ਗੜ੍ਹ ਵੀ ਬਣੀ ਹੋਈ ਹੈ। ਇਸ ਵਿਚੋਂ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰ 'ਚੋਂ ਰੋਜ਼ ਵੱਡੇ ਪੱਧਰ 'ਤੇ ਖੋਦਾਈ ਕਰ ਕੇ ਇਥੋਂ ਰੇਤਾ, ਬੱਜਰੀ ਤੇ ਹੋਰ ਖਣਿਜ ਪਦਾਰਥ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਇਸ ਦੇ ਆਲੇ-ਦੁਆਲੇ 15 ਕਿਲੋਮੀਟਰ ਦੇ ਖੇਤਰ 'ਚ ਕ੍ਰੈਸ਼ਰ ਇੰਡਸਟ੍ਰੀਜ਼ ਦਾ ਜਾਲ ਵਿਛਿਆ ਹੋਇਆ ਹੈ। ਬਹੁਤੇ ਪਿੰਡਾਂ ਦੇ ਖੇਤਰ 'ਚ ਮਾਈਨਿੰਗ ਵਿਭਾਗ ਵੱਲੋਂ ਡੀਮਾਰਕੇਸ਼ਨ ਕਰ ਕੇ ਉਸ ਅੰਦਰ ਮਾਈਨਿੰਗ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਦੋਂਕਿ ਬਹੁਤੇ ਖੇਤਰ 'ਚ ਇਸ ਆੜ 'ਚ ਨਾਜਾਇਜ਼ ਮਾਈਨਿੰਗ ਵੀ ਕੀਤੀ ਜਾ ਰਹੀ ਹੈ। ਹੁਣ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਨਾਲ ਉਮੀਦ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਨੱਥ ਪਵੇਗੀ।
ਮਾਨਸਾ : ਲੁਟੇਰਿਆਂ ਨੇ ਕਾਰ ਚਾਲਕ ਨੂੰ ਕਤਲ ਕਰਕੇ ਲੁੱਟੀ ਕਾਰ
NEXT STORY