ਗੁਰਦਾਸਪੁਰ- ਜ਼ਿਲਾ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਨੇ ਗਾਹਕ ਨੂੰ ਗੁੰਮਰਾਹ ਕਰ ਕੇ ਪਾਲਿਸੀ ਵੇਚਣ 'ਤੇ ਬੀਮਾ ਕੰਪਨੀ ਨੂੰ 12,88,575 ਰੁਪਏ ਵਾਪਸ ਕਰਨ ਅਤੇ 10 ਹਜ਼ਾਰ ਰੁਪਏ ਹਰਜਾਨਾ ਰਾਸ਼ੀ 30 ਦਿਨਾਂ 'ਚ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਇਹ ਹੈ ਮਾਮਲਾ
ਰਾਕੇਸ਼ ਕੁਮਾਰ ਮਹਾਜਨ ਪੁੱਤਰ ਚਮਨ ਲਾਲ ਨਿਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਇਕ ਜੀਵਨ ਬੀਮਾ ਪਾਲਿਸੀ ਦੀ ਜੂਨ, 2015 ਨੂੰ ਮਿਆਦ ਪੂਰੀ ਹੋਣ 'ਤੇ ਉਸ ਨੂੰ 12,88,575 ਰੁਪਏ ਮਿਲੇ ਸਨ। ਗੁਰਦਾਸਪੁਰ ਸਥਿਤ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਦਫ਼ਤਰ 'ਚ ਤਾਇਨਾਤ ਫੀਲਡ ਅਧਿਕਾਰੀ ਰਾਮ ਸਿੰਘ ਸੈਨੀ ਨਿਵਾਸੀ ਰੋਪੜ ਨੇ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੀ ਰਾਸ਼ੀ ਨੂੰ ਕਿਸੇ ਹੋਰ ਪਾਲਿਸੀ 'ਚ ਨਿਵੇਸ਼ ਕਰਵਾ ਦਿੱਤਾ। ਇਸ ਪਾਲਿਸੀ ਦੇ ਤਹਿਤ ਉਨ੍ਹਾਂ ਨੂੰ ਹਰ ਮਹੀਨੇ 12,000 ਰੁਪਏ ਵਿਆਜ ਮਿਲਣਾ ਸੀ ਪਰ ਉਨ੍ਹਾਂ ਨੂੰ ਸਿਰਫ 7460 ਰੁਪਏ ਹਰ ਮਹੀਨੇ ਮਿਲੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਕਤ ਰਾਸ਼ੀ ਦਾ ਚੈੱਕ ਦਿੱਤਾ ਸੀ ਪਰ ਬਾਅਦ 'ਚ ਜੋ ਪਾਲਿਸੀ ਉਸ ਨੂੰ ਮਿਲੀ ਉਹ 12 ਲੱਖ 45 ਹਜ਼ਾਰ ਰੁਪਏ ਦੀ ਸੀ । ਉਨ੍ਹਾਂ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਕੰਪਨੀ ਨੇ ਉਸ ਨੂੰ ਕਿਹਾ ਕਿ ਰਾਮ ਸਿੰਘ ਨੇ ਰਿਟਾਇਰਮੈਂਟ ਤੋਂ ਬਾਅਦ ਰੋਪੜ ਬ੍ਰਾਂਚ 'ਚ ਏਜੰਟ ਦੇ ਰੂਪ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਰਾਸ਼ੀ 'ਚੋਂ 43,575 ਰੁਪਏ ਸਰਵਿਸ ਟੈਕਸ ਦੇ ਰੂਪ 'ਚ ਕੱਟੇ ਗਏ ਹਨ।
ਇਹ ਕਿਹਾ ਫੋਰਮ ਨੇ
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੋਰਮ ਇਸ ਨਤੀਜੇ 'ਤੇ ਪਹੁੰਚੀ ਕਿ ਪਟੀਸ਼ਨਕਰਤਾ ਨੂੰ ਲਾਲਚ ਵਾਲੀਆਂ ਗੱਲਾਂ ਦੱਸ ਕੇ ਉਸ ਦੀ ਰਾਸ਼ੀ ਦੀ ਗਲਤ ਪਾਲਿਸੀ ਬਣਾਈ ਗਈ ਹੈ ਅਤੇ ਗੁਰਦਾਸਪੁਰ ਦੀ ਬਜਾਏ ਰੋਪੜ ਬਰਾਂਚ ਤੋਂ ਪਾਲਿਸੀ ਬਣਾਈ ਗਈ ਸੀ। ਫੋਰਮ ਨੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੀ ਰੋਪੜ ਬਰਾਂਚ ਨੂੰ ਹੁਕਮ ਦਿੱਤਾ ਕਿ ਪਟੀਸ਼ਨਕਰਤਾ ਨੂੰ ਉਸ ਦੀ ਪੂਰੀ ਰਾਸ਼ੀ 30 ਦਿਨਾਂ 'ਚ ਵਾਪਸ ਕੀਤੀ ਜਾਵੇ ਅਤੇ ਉਸ ਨੂੰ 10 ਹਜ਼ਾਰ ਰੁਪਏ ਹਰਜਾਨਾ ਰਾਸ਼ੀ ਅਦਾ ਕੀਤੀ ਜਾਵੇ।
ਓਧਰ ਪਟੀਸ਼ਨਕਰਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਕੇਸ ਦਾ ਨਿਪਟਾਰਾ 23 ਫਰਵਰੀ 2017 ਨੂੰ ਹੋ ਗਿਆ ਸੀ ਅਤੇ 14 ਮਾਰਚ ਨੂੰ ਸਾਨੂੰ ਫੈਸਲੇ ਦੀ ਕਾਪੀ ਵੀ ਮਿਲ ਗਈ ਸੀ ਪਰ ਬੀਮਾ ਕੰਪਨੀ ਦੀ ਰੋਪੜ ਬਰਾਂਚ ਨੇ ਅਜੇ ਤੱਕ ਸਾਨੂੰ 10 ਹਜ਼ਾਰ ਰੁਪਏ ਹਰਜਾਨਾ ਰਾਸ਼ੀ ਹੀ ਅਦਾ ਕੀਤੀ ਹੈ, ਜਦਕਿ ਫੋਰਮ ਦੇ ਹੁਕਮਾਂ ਦੇ ਬਾਵਜੂਦ 12 ਲੱਖ 88 ਹਜ਼ਾਰ 575 ਰੁਪਏ ਦੀ ਰਾਸ਼ੀ ਅਜੇ ਅਦਾ ਨਹੀਂ ਕੀਤੀ ਗਈ ਹੈ।
ਹੈ ਕੋਈ ਰੇਤ ਮਾਫੀਆ ਨੂੰ ਨਕੇਲ ਪਾਉਣ ਵਾਲਾ?
NEXT STORY