ਬਠਿੰਡਾ (ਬਲਵਿੰਦਰ) - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਫਿਲਹਾਲ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਜ਼ਰੂਰਤ ਨਹੀਂ ਹੈ। ਉਸ ਤੋਂ ਪਹਿਲਾਂ ਕਿਸਾਨਾਂ ਨੂੰ ਖੇਤੀ ਅਤੇ ਉਨ੍ਹਾਂ ਦੇ ਜੀਵਨ ਖਾਤਰ ਅਨੇਕਾਂ ਬੁਨਿਆਦੀ ਸਹੂਲਤਾਂ ਦੇਣ ਦੀ ਲੋੜ ਹੈ, ਜਿਸ ਵਾਸਤੇ ਨਾ-ਸਿਰਫ ਬਾਦਲ ਸਰਕਾਰ ਯਤਨਸ਼ੀਲ ਰਹੀ, ਬਲਕਿ ਮੋਦੀ ਸਰਕਾਰ ਦੇ ਏਜੰਡੇ ਵਿਚ ਵੀ ਕਿਸਾਨਾਂ ਦੀ ਭਲਾਈ ਸ਼ਾਮਲ ਹੈ। ਉਹ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਜੋ ਇਥੇ ਕੇਂਦਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਸੰਬੰਧੀ ਅਕਾਲੀ ਦਲ ਤੇ ਭਾਜਪਾ ਵਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਕਰਜ਼ਾ ਮੁਆਫੀ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਵਿਖੇ ਹੀ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਬਾਰੇ ਬੀਬੀ ਬਾਦਲ ਨੇ ਕਿਹਾ ਕਿ ਅਜਿਹਾ ਕੋਈ ਵੀ ਵਾਅਦਾ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ, ਸਗੋਂ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਲੈ ਕੇ ਕਿਸਾਨ ਵਰਗ ਨੂੰ ਵਰਗਲਾਉਣ ਲਈ ਇਹ ਵਾਅਦਾ ਕੀਤਾ ਸੀ, ਜੋ ਕਿ ਅਜੇ ਤਕ ਪੂਰਾ ਨਹੀਂ ਹੋਇਆ। ਸਿੱਟੇ ਵਜੋਂ ਪੰਜਾਬ 'ਚ ਰੋਜ਼ਾਨਾ ਇਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਪਿਛਲੇ 80 ਦਿਨਾਂ 'ਚ ਕਰੀਬ 75 ਖੁਦਕੁਸ਼ੀਆਂ ਹੋ ਚੁੱਕੀਆਂ ਹਨ। ਇਹ ਨਾ ਸਿਰਫ ਕਿਸਾਨਾਂ ਨਾਲ ਧੋਖਾ ਹੈ, ਬਲਕਿ ਗੁਟਕਾ ਸਾਹਿਬ ਦੀ ਬੇਅਦਬੀ ਵੀ ਹੈ, ਜਿਸਦਾ ਸਹਾਰਾ ਲੈ ਕੇ ਲੋਕਾਂ ਨਾਲ ਧੋਖਾ ਕੀਤਾ ਗਿਆ। ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਤੇ ਹੋਰ ਘਪਲੇ-ਘੁਟਾਲਿਆਂ ਦਾ ਕੱਚਾ ਚਿੱਠਾ ਛੇਤੀ ਹੀ ਸਾਹਮਣੇ ਆ ਜਾਵੇਗਾ, ਜਿਸਦੇ ਸੰਕੇਤ ਹੁਣੇ ਤੋਂ ਹੀ ਮਿਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਬੇਕਸੂਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਬੱਸਾਂ ਫੜ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਨਾਜਾਇਜ਼ ਚਲਦੀਆਂ ਬੱਸਾਂ ਨੂੰ ਰੋਕਿਆ ਜਾਵੇਗਾ ਪਰ ਕਾਂਗਰਸੀਆਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਵੱਡੇ ਲੀਡਰ ਆਪਣੇ ਲਾਂਗਰੀਆਂ ਤੇ ਹੋਰ ਛੋਟੇ ਮੁਲਾਜ਼ਮਾਂ ਨੂੰ ਕਰੋੜਪਤੀ ਬਣਾ ਰਹੇ ਹਨ। ਕਿਸੇ ਨੂੰ ਖੱਡਾਂ ਦੇ ਠੇਕੇ ਦਿੱਤੇ ਜਾ ਰਹੇ ਹਨ ਤੇ ਕਿਸੇ ਨੂੰ ਸਰਕਾਰੀ ਠੇਕੇ ਸੌਂਪੇ ਜਾ ਰਹੇ ਹਨ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਭਾਜਪਾ ਆਗੂ ਅਰਚਨਾ ਦੱਤ, ਅਸ਼ੋਕ ਭਾਰਤੀ, ਗੁਲਸ਼ਨ ਵਧਵਾ, ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਮੌਜ਼ੂਦ ਸਨ।
ਅਕਾਲੀ-ਭਾਜਪਾ ਸਰਕਾਰ ਨੇ ਜਨਤਾ ਨੂੰ 10 ਸਾਲ ਧੋਖੇ 'ਚ ਰੱਖਿਆ : ਦੁੱਲੂ
NEXT STORY