ਮੋਗਾ (ਜਗਸੀਰ, ਬਾਵਾ)-ਪੰਜਾਬ ਸਰਕਾਰ ਦੇ ਮਾਲ ਮਹਿਕਮੇ ਵਲੋਂ ਹਾਲ ’ਚ ਹੀ ਕੀਤੀਆਂ ਗਈਆਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਦੌਰਾਨ ਵੱਡੀਆਂ ਕੁਤਾਹੀਆਂ ਦੇਖਣ ਨੂੰ ਮਿਲੀਆਂ ਹਨ। ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 36 ਤਹਿਸੀਲਦਾਰਾਂ ਅਤੇ 99 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲਿਆਂ ਦੌਰਾਨ ਨਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਦੀ ਬਦਲੀ ਫਿਰੋਜ਼ਪੁਰ ਤੋਂ ਨਿਹਾਲ ਸਿੰਘ ਵਾਲਾ ਦੀ ਕੀਤੀ ਹੈ, ਪਰ ਇਸ ਅਧਿਕਾਰੀ ਦੀ ਮੌਤ 17 ਜਨਵਰੀ 2019 ਨੂੰ ਹੋ ਚੁੱਕੀ ਹੈ, ਇਵੇਂ ਹੀ ਅਸ਼ੋਕ ਕੁਮਾਰ ਨੂੰ ਫਾਜ਼ਿਲਕਾ ਤੋਂ ਬਦਲ ਕੇ ਬਾਘਾਪੁਰਾਣਾ ਵਿਖੇ ਤਾਇਨਾਤ ਕੀਤਾ ਗਿਆ ਹੈ, ਪਰ ਇਹ ਅਧਿਕਾਰੀ 31 ਦਸੰਬਰ 2018 ਨੂੰ ਸੇਵਾਮੁਕਤ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਮ੍ਰਿਤਕ ਅਤੇ ਸੇਵਾ ਮੁਕਤ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਨਾਲ ਮਹਿਕਮੇ ਦੀ ਨਾਕਸ ਕਾਰਗੁਜ਼ਾਰੀ ਤੋਂ ਪਰਦਾ ਚੁੱਕਿਆ ਗਿਆ ਹੈ। ਇਸ ਅਹਿਮ ਮਹਿਕਮੇ ’ਚ ਅਜਿਹੀ ਵੱਡੀ ਕੁਤਾਹੀ ਨਾ ਕਾਬਲੇ ਬਰਦਾਸ਼ਤ ਹੈ। ਵਿਧਾਇਕ ਬਿਲਾਸਪੁਰ ਨੇ ਇਹ ਵੀ ਖੁਲਾਸਾ ਕੀਤਾ ਕਿ ਤਬਾਦਲਿਆਂ ਦੌਰਾਨ ਉਨ੍ਹਾਂ ਮਾਲ ਅਧਿਕਾਰੀਆਂ ਨੂੰ ਵੀ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ’ਚ ਚਾਰ 28 ਫਰਵਰੀ ਨੂੰ ਅਤੇ ਪੰਜ 31 ਮਾਰਚ 2019 ਨੂੰ ਸੇਵਾ ਮੁਕਤ ਹੋ ਰਹੇ ਹਨ। ਸਰਕਾਰ ਦੇ ਸੇਵਾ ਨਿਯਮਾਂ ਮੁਤਾਬਕ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਸੇਵਾਮੁਕਤੀ ਦੇ ਸਮੇਂ ਦੇ ਨਜ਼ਦੀਕੀ ਨਹੀਂ ਬਦਲਿਆ ਜਾਂਦਾ। ਵਿਧਾਇਕ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਵੱਡੀ ਕੁਤਾਹੀ ਦੀ ਉੱਚ ਪੱਧਰੀ ਜਾਂ ਕਰਵਾ ਕੇ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾਵੇ ਅਤੇ ਕਸੂਰਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਕਾਂਗਰਸੀ ਰੈਲੀ 7 ਨੂੰ ਮੋਗਾ ’ਚ ਹੀ, ਰਾਹੁਲ ਲੈਣਗੇ ਹਿੱਸਾ
NEXT STORY