ਮੋਗਾ (ਗੋਪੀ ਰਾਊਕੇ)-ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲੇ ਦੀਆਂ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਜਾਣ ਕਾਰਨ ਚੋਣ ਜ਼ਾਬਤੇ ਦੌਰਾਨ ਚੋਣ ਕਮਿਸ਼ਨ ਵੱਲੋਂ ਹਰ ਪ੍ਰਕਾਰ ਦੇ ਧਨ-ਪ੍ਰਵਾਹ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਉਮੀਦਵਾਰਾਂ ਦੇ ਚੋਣ ਖਰਚਿਆਂ ’ਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਉਮੀਦਵਾਰ, ਉਸਦੀ ਪਤਨੀ, ਪਤੀ, ਗ੍ਰਾਂਟਰ, ਰਾਜਨੀਤਿਕ ਪਾਰਟੀ ਦੇ ਬੈਂਕ ਖਾਤੇ ’ਚੋਂ ਜੇਕਰ 1 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਇਸ ਸਬੰਧੀ ਵੀ ਸੂਚਨਾ ਜ਼ਿਲਾ ਚੋਣ ਦਫਤਰ ਨੂੰ ਬੈਂਕ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੈਂਕ ਪ੍ਰਬੰਧਨ ਦੇ ਧਿਆਨ ’ਚ ਜੇਕਰ ਕੋਈ ਵੀ ਆਮ ਨਾਲੋਂ ਵੱਖਰੇ ਤੌਰ ’ਤੇ ਸ਼ੱਕੀ ਲੈਣ-ਦੇਣ ਉਨ੍ਹਾਂ ਦੇ ਧਿਆਨ ’ਚ ਆਉਂਦਾ ਹੈ, ਤਾਂ ਇਸ ਦੀ ਸੂਚਨਾ ਵੀ ਜ਼ਿਲਾ ਚੋਣ ਦਫਤਰ ਨੂੰ ਭੇਜੀ ਜਾਵੇ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਬੈਂਕ ਜ਼ਿਲਾ ਲੀਡ ਬੈਂਕ ਮੈਨੇਜਰ ਦਫਤਰ ਰਾਹੀਂ ਆਪੋ-ਆਪਣੀ ਬ੍ਰਾਂਚ ਦੀ ਰਿਪੋਰਟ ਰੋਜ਼ਾਨਾ ਭੇਜਣਗੇ। ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਜ਼ਿਲੇ ’ਚ ਕੋਈ ਵੀ ਧਨ ਦਾ ਲੈਣ-ਦੇਣ ਆਰ. ਟੀ. ਜੀ. ਐੱਸ. ਰਾਹੀ ਇਕ ਬੈਂਕ ਤੋਂ ਦੂਜੇ ਬੈਂਕ ਤੱਕ ਹੁੰਦਾ ਹੈ, ਤਾਂ ਉਹ ਵੀ ਦੱਸਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ’ਚ ਕੋਈ ਸ਼ੱਕੀ ਨਕਦੀ ਲੈਣ-ਦੇਣ, ਜਿਹਡ਼ਾ ਕਿ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਵਰਤਿਆ ਜਾ ਸਕਦਾ ਹੈ, ਆਉਂਦਾ ਹੈ ਤਾਂ ਇਸ ਸਬੰਧੀ ਵੀ ਜ਼ਿਲਾ ਚੋਣ ਦਫਤਰ ਨੂੰ ਸੂਚਿਤ ਕੀਤਾ ਜਾਵੇ। ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਬੈਂਕ ਅਧਿਕਾਰੀਆਂ ਨੂੰ ਟੌਲ ਫਰੀ ਨੰਬਰ 1950 ਬਾਰੇ ਜਾਣੂੰ ਕਰਵਾਉਦਿਆਂ ਦੱਸਿਆ ਕਿ ਜੇਕਰ ਕੋਈ ਚੋਣ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਾਉਣਾ ਚਾਹੁੰਦਾ ਹੈ, ਤਾਂ ਸਿੱਧੇ ਤੌਰ ’ਤੇ ਇਸ ਟੌਲ ਫਰੀ ਨੰਬਰ ’ਤੇ ਕਰਵਾ ਸਕਦਾ ਹੈ। ਇਸ ਮੀਟਿੰਗ ’ਚ ਸਹਾਇਕ ਕਮਿਸ਼ਨਰ ਲਾਲ ਵਿਸਵਾਸ਼ ਬੈਂਸ, ਲੀਡ ਬੈਂਕ ਮੈਨੇਜਰ, ਐੱਚ. ਪੀ. ਸਿੰਘ, ਤਹਿਸੀਲਦਾਰ ਚੋਣਾਂ ਬਲਵਿੰਦਰ ਸਿੰਘ ਤੋਂ ਇਲਾਵਾ ਬੈਂਕਾਂ ਦੇ ਅਧਿਕਾਰੀ ਤੇ ਨੁਮਾਇੰਦੇ ਆਦਿ ਹਾਜ਼ਰ ਸਨ।
ਹੰਸ ਰਾਜ ਬਣੇ ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ
NEXT STORY