ਖੰਨਾ(ਸੁਨੀਲ)-ਇਕ ਕੈਂਸਰ ਤੋਂ ਪੀੜਤ ਮਾਂ ਆਪਣੇ ਬੇਟੇ ਨੂੰ ਪਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਦਰ-ਦਰ ਭਟਕ ਰਹੀ ਹੈ, ਉਥੇ ਹੀ ਹੁਣ ਇਕ ਨਵੀਂ ਆਸ ਲੈ ਕੇ ਮਹਿਲਾ ਪੁਲਸ ਸਟੇਸ਼ਨ ਪਹੁੰਚੀ, ਜਿਥੇ ਸਿਟੀ ਥਾਣਾ-2 ਦੇ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਉਸਨੂੰ ਪੂਰਾ ਭਰੋਸਾ ਦਿੰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੀੜਤ ਮਹਿਲਾ ਪਰਮਜੀਤ ਕੌਰ ਪਤਨੀ ਜਰਨੈਲ ਸਿੰਘ ਨਿਵਾਸੀ ਮਾਡਲ ਟਾਊਨ ਅਮਲੋਹ ਰੋਡ ਖੰਨਾ ਨੇ ਦੱਸਿਆ ਕਿ ਕੈਂਸਰ ਤੋਂ ਪੀੜਤ ਹੋਣ ਦੇ ਚਲਦੇ ਉਹ ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਚੁੱਕੀ ਹੈ। ਜਿਸ ਕਾਰਨ ਉਸਨੇ ਆਪਣੇ ਬੇਟੇ ਗੁਰਵਿੰਦਰ ਨੂੰ ਟਰਾਲਾ ਮਾਲਕ ਭੋਲਾ ਨਿਵਾਸੀ ਲਲਹੇੜੀ ਦੇ ਕੋਲ ਨੌਕਰੀ ਕਰਨ ਲਈ ਭੇਜ ਦਿੱਤਾ। ਇਸ ਦੌਰਾਨ ਭੋਲਾ ਨੇ ਉਸਨੂੰ ਆਪਣੇ ਡਰਾਈਵਰ ਨਾਲ ਕਲਕੱਤਾ ਸਾਮਾਨ ਛੱਡਣ ਲਈ ਭੇਜਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਪੁੱਤਰ 11 ਜੂਨ 2018 ਨੂੰ ਉਪਰੋਕਤ ਟਰਾਲਾ ਮਾਲਕ ਦੇ ਡਰਾਈਵਰ ਨਾਲ ਕਲਕੱਤਾ ਲਈ ਰਵਾਨਾ ਹੋਇਆ ਸੀ। ਹੁਣ ਜਦੋਂ ਕਿ ਡਰਾਈਵਰ ਟਰਾਲੇ ਸਮੇਤ ਖੰਨਾ ਵਾਪਸ ਆ ਗਿਆ ਹੈ ਪਰ ਉਸਦਾ ਲੜਕਾ ਘਰ ਨਹੀਂ ਪਹੁੰਚਿਆ, ਤਾਂ ਭੋਲਾ ਤੋਂ ਇਸ ਸਬੰਧ 'ਚ ਪੁੱਛਗਿਛ ਕੀਤੀ ਗਈ ਤਾਂ ਉਸਨੇ ਕੁੱਝ ਵੀ ਦੱਸਣ ਤੋਂ ਮਨ੍ਹਾ ਕਰਦੇ ਹੋਏ ਉਸ 'ਤੇ ਰੋਅਬ ਝਾੜਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਉਸਦੇ ਬੇਟੇ ਨੇ ਕਿਸੇ ਤੋਂ ਮੋਬਾਇਲ ਲੈ ਕੇ ਇਸ ਦੀ ਸੂਚਨਾ ਦਿੱਤੀ ਕਿ ਉਸਨੂੰ ਟਰਾਲਾ ਡਰਾਈਵਰ ਨੇ ਯੂ. ਪੀ. ਦੇ ਬਾਰਡਰ 'ਤੇ ਬੁਰੀ ਤਰ੍ਹਾਂ ਕੁੱਟਣ ਉਪਰੰਤ ਉੱਥੇ ਉਤਾਰ ਦਿੱਤਾ ਤੇ ਉੱਥੇ ਤੋਂ ਵਾਹਨ ਲੈ ਕੇ ਫਰਾਰ ਹੋ ਗਿਆ। ਉਸਦੇ ਬਾਅਦ ਕਿੰਨੇ ਦਿਨ ਬੀਤ ਜਾਣ ਦੇ ਬਾਅਦ ਹੁਣ ਤੱਕ ਉਸਦੇ ਬੇਟੇ ਦੀ ਕੋਈ ਸੁੱਧ-ਬੁੱਧ ਨਹੀਂ ਹੈ। ਉਸਨੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਡਰਾਈਵਰ ਨੇ ਉਸਦੇ ਬੇਟੇ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ ਜਿਸਦੇ ਚਲਦੇ ਉਹ ਦੋਨੋਂ ਉਸਦੇ ਬੇਟੇ ਦੇ ਬਾਰੇ 'ਚ ਦੱਸਣ ਤੋਂ ਆਨਾਕਾਨੀ ਕਰ ਰਹੇ ਹਨ। ਜਦੋਂ ਇਸ ਸੰਬੰਧ 'ਚ ਟਰਾਲਾ ਮਾਲਕ ਭੋਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਗੁਰਵਿੰਦਰ ਉਸਦੇ ਡਰਾਈਵਰ ਨਾਲ ਕਲਕੱਤਾ ਗਿਆ ਸੀ। ਪਰ ਵਾਪਸੀ ਦੇ ਸਮੇਂ ਉਸਨੇ ਡਰਾਈਵਰ ਨੂੰ ਤੰਗ ਕਰਦੇ ਹੋਏ ਯੂ. ਪੀ. ਦੇ ਬਾਰਡਰ 'ਤੇ ਗੱਡੀ ਰੋਕਣ ਲਈ ਕਿਹਾ। ਜਦੋਂ ਡਰਾਈਵਰ ਨੇ ਗੱਡੀ ਰੋਕਣ ਤੋਂ ਮਨ੍ਹਾ ਕੀਤਾ ਤਾਂ ਚੱਲਦੇ ਵਾਹਨ 'ਚੋਂ ਛਾਲ ਲਾਉਣ ਦੀ ਚਿਤਾਵਨੀ ਤੇ ਡਰ ਦੇ ਮਾਰੇ ਡਰਾਈਵਰ ਨੇ ਗੱਡੀ ਰੋਕ ਦਿੱਤੀ। ਉਦੋਂ ਉਸਨੇ ਉਸਦੇ ਡਰਾਈਵਰ ਦੇ ਨਾਲ ਹੱਥੋਪਾਈ ਕੀਤੀ ਤੇ ਇਸ ਦੌਰਾਨ ਉਸਨੇ ਉਸਦੀ ਜੇਬ 'ਚੋਂ 7 ਹਜ਼ਾਰ ਰੁਪਏ ਵੀ ਕੱਢ ਲਏ। ਭੋਲ਼ਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਗੁਰਵਿੰਦਰ ਨਸ਼ੇੜੀ ਕਿਸਮ ਦਾ ਵਿਅਕਤੀ ਹੈ ਤੇ ਉਸਨੇ ਨਸ਼ੇ 'ਚ ਹੀ ਇਹ ਘਟੀਆ ਹਰਕਤ ਕੀਤੀ ਹੈ। ਕੁੱਟ-ਮਾਰ ਦੇ ਬਾਰੇ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਸਨੇ ਦੱਸਿਆ ਕਿ ਉਸਦੇ ਡਰਾਈਵਰ ਨੇ ਉਸਨੂੰ ਨਹੀਂ ਕੁੱਟਿਆ ਝੰਬਿਆ ਹੈ। ਬਲਕਿ ਉਹ ਆਪਣੀ ਮਰਜ਼ੀ ਨਾਲ ਯੂ. ਪੀ. ਦੇ ਬਾਰਡਰ 'ਤੇ ਉਤਰ ਕੇ ਕਿਤੇ ਚਲਾ ਗਿਆ ਹੈ ।
ਫੂਡ ਸੇਫਟੀ ਕਮਿਸ਼ਨਰ ਵੱਲੋਂ ਦੁਕਾਨਾਂ ’ਤੇ ਛਾਪੇਮਾਰੀ
NEXT STORY