ਅੱਪਰਾ, (ਦੀਪਾ)- ਬੀਤੀ ਰਾਤ ਲਗਭਗ 9 ਵਜੇ ਪਿੰਡ ਲਸਾੜਾ ਬੱਸ ਅੱਡੇ 'ਚ ਮੋਟਰਸਾਈਕਲ ਦੀ ਰਿਪੇਅਰ ਕਰਵਾਉਣ ਉਪਰੰਤ ਟਰਾਈ ਲੈਣ ਗਏ ਮੋਟਰਸਾਈਕਲ ਮਕੈਨਿਕ ਤੇ ਮਾਲਕ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਕਰੀਬੀ ਪਿੰਡ ਸੇਲਕੀਆਣਾ ਤਹਿ. ਫਿਲੌਰ ਦਾ ਵਸਨੀਕ ਲਛਮਣ ਰਾਮ ਪੁੱਤਰ ਪ੍ਰੀਤੂ ਰਾਮ ਲਸਾੜਾ ਦੇ ਬੱਸ ਅੱਡੇ 'ਚ ਸਥਿਤ ਇਕ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੋਂ ਆਪਣੇ ਮੋਟਰਸਾਈਕਲ ਦੀ ਰਿਪੇਅਰ ਕਰਵਾਉਣ ਗਿਆ। ਰਿਪੇਅਰ ਹੋਣ ਉਪਰੰਤ ਮਕੈਨਿਕ ਜਸਵਿੰਦਰ ਸਿੰਘ (27) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਲਸਾੜਾ ਤੇ ਲਛਮਣ ਰਾਮ ਜਦੋਂ ਮੋਟਰਸਾਈਕਲ ਦੀ ਟਰਾਈ ਲੈਣ ਲਈ ਮੁੱਖ ਮਾਰਗ 'ਤੇ ਚੜ੍ਹਨ ਲੱਗੇ ਤਾਂ ਮੋਟਰਸਾਈਕਲ ਨਵਾਂਸ਼ਹਿਰ ਸਾਈਡ ਤੋਂ ਆ ਰਹੇ ਇਕ ਟਰੱਕ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਉੜਾਪੜ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਦੇਰ ਰਾਤ ਮੌਤ ਹੋ ਗਈ। ਘਟਨਾ ਦੌਰਾਨ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਗੁਰਦੇਵ ਲਾਲ ਚੌਕੀ ਇੰਚਾਰਜ ਲਸਾੜਾ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਤੇ ਹਾਦਸਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮਕੈਨਿਕ ਜਸਵਿੰਦਰ ਸਿੰਘ
ਮੁੱਖ ਮਾਰਗ 'ਤੇ ਸੜਕ ਹਾਦਸੇ 'ਚ ਮਾਰਿਆ ਗਿਆ ਜਸਵਿੰਦਰ ਸਿੰਘ (27) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਲਸਾੜਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਕੁਆਰਾ ਸੀ। ਉਹ ਲਸਾੜੇ ਦੇ ਬੱਸ ਅੱਡੇ 'ਚ ਮੋਟਰਸਾਈਕਲਾਂ ਦੀ ਰਿਪੇਅਰ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਜਦੋਂਕਿ ਲਛਮਣ ਰਾਮ ਵਪਾਰ ਦਾ ਕੰਮ ਕਰਦਾ ਸੀ। ਦੋਵਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਭਰ 'ਚ ਸੋਗ ਦੀ ਲਹਿਰ ਫੈਲ ਗਈ।
ਸੀਰੀਆ ਨਹੀਂ ਪੁੱਜੇਗੀ ਪੰਜਾਬ ਦੀ ਡਰੱਗ
NEXT STORY