ਜਲੰਧਰ (ਚੋਪੜਾ)-ਜਲੰਧਰ ਸੰਸਦੀ ਹਲਕੇ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇਨ੍ਹੀਂ ਦਿਨੀਂ ਰਾਜਨੀਤਿਕ ਅਤੇ ਜਨਤਕ ਭਾਵਨਾਵਾਂ ਦੇ ਘੇਰੇ ’ਚ ਹਨ। ਹਾਲਾਤ ਅਜਿਹੇ ਹਨ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ‘ਲਾਪਤਾ ਸੰਸਦ ਮੈਂਬਰ’ ਕਹਿ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਜਲੰਧਰ ਦੇ ਸ਼ਾਹਕੋਟ, ਨਕੋਦਰ ਅਤੇ ਫਿਲੌਰ ਇਲਾਕੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਵਿਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਸੈਂਕੜੇ ਘਰ ਨੁਕਸਾਨੇ ਗਏ ਹਨ, ਲੋਕ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਦੇ ਸੰਸਦ ਮੈਂਬਰ ਖ਼ੁਦ ਕਿਤੇ ਹੋਰ ਆਪਣੀ ਸਰਗਰਮੀ ਵਿਖਾਉਂਦੇ ਵਿਖਾਈ ਦੇ ਰਹੇ ਹਨ। ਆਮ ਲੋਕਾਂ ਵਿਚ ਇਹ ਸਵਾਲ ਜ਼ੋਰ ਫੜ ਰਿਹਾ ਹੈ ਕਿ ਚੰਨੀ ਉਨ੍ਹਾਂ ਲੋਕਾਂ ਦੀ ਸੁਧ ਲੈਣ ’ਚ ਕਿਉਂ ਪਿੱਛੇ ਰਹਿ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ 2024 ਵਿਚ ਰਿਕਾਰਡ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਸੀ?
ਇਹ ਵੀ ਪੜ੍ਹੋ: ਮੀਂਹ 'ਚ ਵੀ ਸ਼ਰਧਾ ਨਹੀਂ ਹੋਈ ਘੱਟ, ਜਲੰਧਰ 'ਚ 'ਬਾਬਾ ਸੋਢਲ' ਦਾ ਮੇਲਾ ਸ਼ੁਰੂ, ਲੱਗੀਆਂ ਰੌਣਕਾਂ
ਭਾਵੇਂ ਚਰਨਜੀਤ ਚੰਨੀ ਦਾ ਰਾਜਨੀਤਿਕ ਸਫ਼ਰ ਹਮੇਸ਼ਾ ਵਿਵਾਦਾਂ ਨਾਲ ਘਿਰਿਆ ਰਿਹਾ ਹੈ। ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਚੰਨੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਇਕੋ ਸਮੇਂ ਲੜੀਆਂ ਸਨ ਪਰ ਦੋਵਾਂ ਥਾਵਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਸਪੱਸ਼ਟ ਸੰਦੇਸ਼ ਦਿੱਤਾ ਕਿ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਲਾਤ ਦੇ ਬਾਵਜੂਦ ਚੰਨੀ ਦਾ ਚਮਕੌਰ ਸਾਹਿਬ ਹਲਕੇ ਨਾਲ ਲਗਾਅ ਖ਼ਤਮ ਨਹੀਂ ਹੋਇਆ ਹੈ। ਇਹੀ ਕਾਰਨ ਹੈ ਕਿ ਉਹ ਹਾਲ ਹੀ ਦੇ ਦਿਨਾਂ ਵਿਚ ਉਸੇ ਹਲਕੇ ਵਿਚ ਲਗਾਤਾਰ ਸਰਗਰਮ ਹਨ। ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਬੋਰੀਆਂ ਵਿਚ ਮਿੱਟੀ ਭਰਦੇ, ਟਰੈਕਟਰ ਚਲਾਉਂਦੇ ਅਤੇ ਰਾਹਤ ਕਾਰਜਾਂ ਦਾ ਹਿੱਸਾ ਬਣਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਮੀਂਹ ਕਾਰਨ ਪੰਜਾਬ 'ਚ ਭਿਆਨਕ ਹਾਦਸਾ! ਚਿੰਤਪੁਰਨੀ ਰੋਡ 'ਤੇ ਖੱਡ 'ਚ ਡਿੱਗੀ ਐਂਬੂਲੈਂਸ, 3 ਲੋਕਾਂ ਦੀ ਮੌਤ
ਦੂਜੇ ਪਾਸੇ ਜਲੰਧਰ ਦੇ ਲੋਕ ਇਸ ਨੂੰ 'ਡਰਾਮਾ' ਸਮਝ ਰਹੇ ਹਨ। ਲੋਕ ਕਹਿੰਦੇ ਹਨ ਕਿ ਜਲੰਧਰ ਦੇ ਲੋਕਾਂ ਨੇ ਐੱਮ. ਪੀ. ਚੰਨੀ ਨੂੰ ਜਿਤਾਇਆ ਪਰ ਉਹ ਅਜੇ ਵੀ ਚਮਕੌਰ ਸਾਹਿਬ ਤੋਂ ਆਪਣੀ ਰਾਜਨੀਤੀ ਚਮਕਾਉਣ ਵਿਚ ਰੁੱਝੇ ਹੋਏ ਹਨ। ਵੋਟਰਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਚੰਨੀ ਨੇ ਹਰ ਸਮੇਂ ਲੋਕਾਂ ਨਾਲ ਖੜ੍ਹੇ ਰਹਿਣ ਦਾ ਵਾਅਦਾ ਕੀਤਾ ਸੀ ਪਰ ਅੱਜ ਜਦੋਂ ਲੋਕ ਮੁਸੀਬਤ ਵਿਚ ਹਨ ਤਾਂ ਉਹ ਗਾਇਬ ਹਨ। ਇੰਨਾ ਹੀ ਨਹੀਂ ਕਾਂਗਰਸੀ ਅਹੁਦੇਦਾਰ ਵੀ ਉਨ੍ਹਾਂ ਨੂੰ ਮਿਲਣ ਲਈ ਤਰਸ ਰਹੇ ਹਨ। ਜਨਤਾ ਦੀ ਨਾਰਾਜ਼ਗੀ ਨੂੰ ਵੇਖਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਨੇ ਆਪਣੇ ਵੱਲੋਂ ਜਾਰੀ ਕੀਤੇ ਇਕ ਤਾਜ਼ਾ ਪੱਤਰ ਵਿਚ ਸੰਸਦ ਮੈਂਬਰ ਚੰਨੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਹਾਈਕਮਾਨ ਦੇ ਫ਼ੈਸਲੇ ਅਨੁਸਾਰ ਆਪਣੇ ਸੰਸਦੀ ਹਲਕੇ ਜਲੰਧਰ ਵਿਚ ਸਰਗਰਮ ਰਹਿਣ ਦੀ ਅਪੀਲ ਕੀਤੀ।
ਇਹ ਹੁਕਮ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਵੀ ਚੰਨੀ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਸੰਸਦ ਮੈਂਬਰ ਦੀ ਇਹ ਕਾਰਜਸ਼ੈਲੀ ਜਾਰੀ ਰਹੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਜਲੰਧਰ ਵਿਚ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕਾਂਗਰਸ ਕਿਸ ਮੂੰਹ ਨਾਲ 9 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਮੰਗਣ ਜਾਵੇਗੀ। ਭਾਵੇਂ ਹੀ ਪੱਤਰ ਜਾਰੀ ਹੋਣ ਤੋਂ ਬਾਅਦ ਸੰਸਦ ਮੈਂਬਰ ਚੰਨੀ ਨੇ ਨਕੋਦਰ ਅਤੇ ਸ਼ਾਹਕੋਟ ਹਲਕਿਆਂ ਦਾ ਹਵਾ-ਹਵਾਈ ਦੌਰਾ ਕਰ ਕੇ ਅਤੇ ਹੜ੍ਹਾਂ ਦੀ ਸਥਿਤੀ ਵਿਚ ਕੰਮ ਕਰਨ ਦੀ ਆਪਣੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਕੇ ਇਕ ਰਸਮੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ Latest Update! ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ
ਚੰਨੀ ਨੂੰ ਜਲੰਧਰ ਤੋਂ ਮਿਲੀ ਸਿਆਸੀ ਸੰਜੀਵਨੀ ਪਰ ਫਿਰ ਵੀ ਜਨਤਾ ਤੋਂ ਦੂਰੀ
2022 ਵਿਚ ਕਰਾਰੀ ਹਾਰ ਤੋਂ ਬਾਅਦ ਚੰਨੀ ਦਾ ਸਿਆਸੀ ਕਰੀਅਰ ਲਗਭਗ ਖ਼ਤਮ ਮੰਨਿਆ ਜਾ ਰਿਹਾ ਸੀ ਪਰ ਜੂਨ 2024 ਵਿਚ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਚੁਣ ਕੇ ਇਕ ਨਵੀਂ ਸਿਆਸੀ ਸੰਜੀਵਨੀ ਦਿੱਤੀ। ਇਸ ਜਿੱਤ ਨੇ ਚੰਨੀ ਨੂੰ ਸਿਆਸੀ ਦ੍ਰਿਸ਼ ਵਿਚ ਮੁੜ ਸਥਾਪਿਤ ਕੀਤਾ। ਹੁਣ ਇਹ ਅਫ਼ਸੋਸ ਦੀ ਗੱਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਚੰਨੀ ਦਾ ਜਨਤਾ ਨਾਲ ਰਿਸ਼ਤਾ ਕਮਜ਼ੋਰ ਹੁੰਦਾ ਗਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਕਦੋਂ ਜਲੰਧਰ ਆਉਂਦੇ ਹਨ ਅਤੇ ਕਦੋਂ ਚਲੇ ਜਾਂਦੇ ਹਨ, ਉਹ ਕਿੱਥੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਜਲੰਧਰ ਦੇ ਵੱਖ-ਵੱਖ ਹਿੱਸਿਆਂ ਵਿਚ ‘ਐੱਮ. ਪੀ. ਲਾਪਤਾ’ ਦੇ ਪੋਸਟਰ ਲਗਾਏ ਗਏ ਸਨ।
ਹੜ੍ਹ ਤ੍ਰਾਸਦੀ ’ਤੇ ਸੰਸਦ ਮੈਂਬਰ ਦੀ ਚੁੱਪੀ
ਜਲੰਧਰ ਵਿਚ ਹਾਲ ਹੀ ਵਿਚ ਆਏ ਹੜ੍ਹਾਂ ਦੇ ਹਾਲਾਤ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਕਈ ਇਲਾਕਿਆਂ ਵਿਚ ਘਰ ਢਹਿ ਗਏ, ਲੋਕ ਬੇਘਰ ਹੋ ਗਏ ਅਤੇ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਅਜਿਹੀ ਸਥਿਤੀ ਵਿਚ ਸੰਸਦ ਮੈਂਬਰ ਦਾ ਫਰਜ਼ ਬਣਦਾ ਸੀ ਕਿ ਉਹ ਰਾਹਤ ਅਤੇ ਪੁਨਰਵਾਸ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ। ਪਰ ਚੰਨੀ ਦੀ ਚੁੱਪੀ ਅਤੇ ਗੈਰ-ਹਾਜ਼ਰੀ ਨੇ ਲੋਕਾਂ ਨੂੰ ਡੂੰਘੀ ਨਿਰਾਸ਼ਾ ਵਿਚ ਪਾ ਦਿੱਤਾ ਹੈ। ਜਲੰਧਰ ਦੇ ਕਈ ਪਿੰਡ ਵਾਸੀਆਂ ਦੇ ਨਾਲ-ਨਾਲ ਸ਼ਹਿਰੀ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਸੰਸਦ ਮੈਂਬਰ ਨੇ ਪ੍ਰਭਾਵਿਤ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦਾ ਨਿੱਜੀ ਤੌਰ ’ਤੇ ਦੌਰਾ ਕੀਤਾ ਹੁੰਦਾ ਅਤੇ ਸਥਿਤੀ ਵੇਖੀ ਹੁੰਦੀ ਤਾਂ ਪ੍ਰਸ਼ਾਸਨ ’ਤੇ ਕੰਮ ਕਰਨ ਦਾ ਦਬਾਅ ਵਧ ਜਾਂਦਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਐਲਾਨੀ ਛੁੱਟੀ, ਬੰਦ ਰਹਿਣਗੇ ਦਫ਼ਤਰ
ਲੋਕਾਂ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਜਲੰਧਰ ਦੇ ਲੋਕ ਇਸ ਗੱਲ ਤੋਂ ਜ਼ਿਆਦਾ ਗੁੱਸੇ ਵਿਚ ਹਨ ਕਿ ਜਿਸ ਨੇਤਾ ਨੂੰ ਉਹ ਰਾਜਨੀਤੀ ਦੀ ਮੁੱਖ ਧਾਰਾ ਵਿਚ ਵਾਪਸ ਲਿਆਏ ਸਨ, ਅੱਜ ਉਸ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਹੈ। ਇਕ ਬਜ਼ੁਰਗ ਵੋਟਰ ਨੇ ਕਿਹਾ ਕਿ ਅਸੀਂ ਚੰਨੀ ਸਾਹਿਬ ਨੂੰ ਆਪਣਾ ਸੰਸਦ ਮੈਂਬਰ ਬਣਾਇਆ ਸੀ ਤਾਂ ਜੋ ਉਹ ਸੰਸਦ ਵਿਚ ਸਾਡੀ ਆਵਾਜ਼ ਬੁਲੰਦ ਕਰ ਸਕਣ, ਪਰ ਉਹ ਖੁਦ ਗਾਇਬ ਹੋ ਗਏ। ਫਿਲੌਰ ਦੇ ਇਕ ਨੌਜਵਾਨ ਨੇ ਵਿਅੰਗ ਕਰਦਿਆਂ ਕਿਹਾ, ਹੁਣ ਸਾਨੂੰ ਸੰਸਦ ਮੈਂਬਰ ਨੂੰ ਲੱਭਣ ਲਈ ਸ਼ਾਇਦ ਗੁੰਮਸ਼ੁਦਗੀ ਦਾ ਇਸ਼ਤਿਹਾਰ ਦੇਣਾ ਪਵੇਗਾ। ਦੂਜੇ ਪਾਸੇ, ਸ਼ਹਿਰ ਵਿਚ ਮੀਂਹ ਤੋਂ ਪ੍ਰਭਾਵਿਤ ਲੋਕ ਕਹਿੰਦੇ ਹਨ ਕਿ ਸਾਡੇ ਘਰ ਤਬਾਹ ਹੋ ਗਏ ਹਨ, ਸਾਡੇ ਖੇਤ ਬਰਬਾਦ ਹੋ ਗਏ ਹਨ, ਪਰ ਸੰਸਦ ਮੈਂਬਰ ਸਾਹਿਬ ਕੋਲ ਇੱਥੇ ਆਉਣ ਦਾ ਸਮਾਂ ਨਹੀਂ ਹੈ। ਲੋਕ ਕਹਿੰਦੇ ਹਨ ਕਿ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ, ਪਰ ਅੱਜ ਉਹ ਚਮਕੌਰ ਸਾਹਿਬ ਦੇ ਸੰਸਦ ਮੈਂਬਰ ਬਣੇ ਬੈਠੇ ਹਨ।
ਜਲੰਧਰ ਦੇ ਕਾਂਗਰਸੀ ਆਗੂਆਂ ’ਚ ਵੀ ਛਾਈ ਬੇਚੈਨੀ
ਆਮ ਲੋਕ ਹੀ ਨਹੀਂ ਸਗੋਂ ਸਥਾਨਕ ਕਾਂਗਰਸੀ ਅਹੁਦੇਦਾਰ ਵੀ ਸੰਸਦ ਮੈਂਬਰ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹਨ। ਪਾਰਟੀ ਆਗੂਆਂ ਅਤੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਮਹੀਨਿਆਂਬੱਧੀ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਤਰਸਦੇ ਰਹਿੰਦੇ ਹਨ। ਭਾਵੇਂ ਕੋਈ ਪ੍ਰੋਗਰਾਮ ਹੋਵੇ ਜਾਂ ਆਫ਼ਤ, ਸੰਸਦ ਮੈਂਬਰ ਦੀ ਮੌਜੂਦਗੀ ਅਕਸਰ ਨਦਾਰਦ ਰਹਿੰਦੀ ਹੈ। ਇਸ ਨਾਲ ਵਰਕਰਾਂ ਦਾ ਮਨੋਬਲ ਵੀ ਟੁੱਟ ਰਿਹਾ ਹੈ। ਕਈਆਂ ਦਾ ਮੰਨਣਾ ਹੈ ਕਿ ਜੇਕਰ ਚੰਨੀ ਦਾ ਇਹੀ ਰਵੱਈਆ ਜਾਰੀ ਰਿਹਾ ਤਾਂ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸ ਮੂੰਹ ਨਾਲ ਵੋਟਾਂ ਮੰਗਣ ਜਾਣਗੇ, ਕਾਂਗਰਸ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ, ਵੱਡੀ ਕਾਰਵਾਈ ਦੀ ਤਿਆਰੀ
NEXT STORY