ਬਠਿੰਡਾ(ਪਰਮਿੰਦਰ)-ਬਠਿੰਡਾ-ਮਾਨਸਾ ਰੋਡ 'ਤੇ ਸਥਾਪਤ ਸਾਲਿਡ ਵੇਸਟ ਪਲਾਂਟ ਪਹਿਲਾਂ ਹੀ ਵਿਵਾਦਾਂ ਵਿਚ ਘਿਰੇ ਨੂੰ ਆਬਾਦੀ ਵਾਲੇ ਇਲਾਕੇ ਵਿਚ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰਨ ਤੋਂ ਨਿਗਮ ਨੇ ਹੱਥ ਖਿੱਚ ਲਏ ਹਨ। ਨਿਗਮ ਦਾ ਕਹਿਣਾ ਹੈ ਕਿ ਇਹ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਿਚ ਚੱਲ ਰਿਹਾ ਹੈ ਅਤੇ ਟ੍ਰਿਬਿਊਨਲ ਹੀ ਇਸ 'ਤੇ ਅੰਤਿਮ ਫੈਸਲਾ ਲਵੇਗਾ। ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪਲਾਂਟ ਨੂੰ ਸ਼ਿਫਟ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਦੋਂਕਿ ਮੌਜੂਦਾ ਕਾਂਗਰਸ ਸਰਕਾਰ ਵੀ ਵਿਧਾਨਸਭਾ ਚੋਣਾਂ 'ਚ ਪਲਾਂਟ ਨੂੰ ਸ਼ਿਫਟ ਕਰਨ ਦੀਆਂ ਗੱਲਾਂ ਕਰ ਰਹੀ ਸੀ ਪਰ ਹੁਣ ਪਲਾਂਟ ਨੂੰ ਸ਼ਿਫਟ ਕਰਨ ਦੇ ਮੁੱਦੇ 'ਤੇ ਸਾਰੇ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ। ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿਚ ਵੀ ਇਹ ਮੁੱਦਾ ਚੁੱਕਿਆ ਗਿਆ ਪਰ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਹੱਥ ਖੜ੍ਹੇ ਕਰ ਦਿੱਤੇ।
ਲੋਕਾਂ ਦੀਆਂ ਮੁਸ਼ਕਲਾਂ ਦਾ ਸਬੱਬ ਬਣ ਰਿਹੈ ਪਲਾਂਟ
ਮਾਨਸਾ ਰੋਡ 'ਤੇ 30 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਉਕਤ ਸਾਲਿਡ ਵੇਸਟ ਪਲਾਂਟ ਲੋਕਾਂ ਦੀਆਂ ਮੁਸ਼ਕਲਾਂ ਦਾ ਸਬੱਬ ਬਣਿਆ ਹੋਇਆ ਹੈ। ਉਕਤ ਇਲਾਕੇ ਦੇ ਇਕ ਕੌਂਸਲਰ ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਵੱਲੋਂ ਸ਼ੁਰੂ ਤੋਂ ਹੀ ਪਲਾਂਟ ਦਾ ਵਿਰੋਧ ਕੀਤਾ ਗਿਆ ਸੀ ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦਰਕਿਨਾਰ ਕਰਦੇ ਹੋਏ ਨਿਗਮ ਨੇ ਪਲਾਂਟ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਸਥਾਪਤ ਕਰਵਾ ਦਿੱਤਾ। ਕੁਝ ਸਮਾਂ ਪਹਿਲਾਂ ਲੋਕਾਂ ਨੇ ਪਲਾਂਟ ਵਿਚੋਂ ਆਉਣ ਵਾਲੀ ਬਦਬੂ ਕਰ ਕੇ ਸੰਘਰਸ਼ ਕੀਤਾ ਸੀ, ਜਿਸ ਕਾਰਨ ਪਲਾਂਟ ਨੂੰ ਬੰਦ ਕੀਤਾ ਗਿਆ ਸੀ ਪਰ ਬਾਅਦ ਵਿਚ ਫਿਰ ਤੋਂ ਇਸ ਨੂੰ ਚਾਲੂ ਕਰ ਦਿੱਤਾ। ਹੁਣ ਦੁਬਾਰਾ ਲੋਕ ਇਸ ਤੋਂ ਪ੍ਰੇਸ਼ਾਨ ਹਨ ਪਰ ਨਿਗਮ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਪਲਾਂਟ 'ਤੇ ਕਈ ਸਾਲਾਂ ਤੋਂ ਚੱਲ ਰਹੀ ਐ ਰਾਜਨੀਤੀ
ਸਾਲਿਡ ਪਲਾਂਟ 'ਤੇ ਰਾਜਨੀਤੀ ਪਿਛਲੇ 3-4 ਸਾਲਾਂ ਤੋਂ ਚੱਲ ਰਹੀ ਹੈ। 3 ਸਾਲ ਪਹਿਲਾਂ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦਿਆਂ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਪਲਾਂਟ ਨੂੰ ਆਬਾਦੀ ਵਾਲੇ ਖੇਤਰ ਤੋਂ ਦੂਰ ਹਟਾਉਣ ਦਾ ਐਲਾਨ ਕੀਤਾ ਸੀ। ਉਸ ਵੇਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਾਂ ਅਧਿਕਾਰੀਆਂ ਨੂੰ ਕੋਈ ਵੈਕਲਪਿਕ ਜਗ੍ਹਾ ਲੱਭਣ ਦੇ ਹੁਕਮ ਵੀ ਦਿੱਤੇ ਸਨ ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਸਕੀ। ਪਿਛਲੀ ਵਿਧਾਨਸਭਾ ਚੋਣ ਦੌਰਾਨ ਕਾਂਗਰਸ ਨੇ ਵੀ ਪਲਾਂਟ ਦੀ ਸ਼ਿਫਟਿੰਗ ਨੂੰ ਮੁੱਖ ਮੁੱਦਾ ਬਣਾਇਆ ਸੀ ਤੇ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਪਲਾਂਟ ਨੂੰ ਸ਼ਿਫਟ ਕਰਨ ਦਾ ਵਾਅਦਾ ਕੀਤਾ ਸੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਵਾਰ-ਵਾਰ ਪਲਾਂਟ ਨੂੰ ਸ਼ਿਫਟ ਕਰਨ ਦਾ ਬਿਆਨ ਦਿੱਤਾ ਪਰ ਪਲਾਂਟ ਨੂੰ ਸ਼ਿਫਟ ਕਰਨ ਲਈ ਹੁਣ ਤੱਕ ਕੋਈ ਕਦਮ ਨਹੀਂ ਉਠਾਇਆ ਗਿਆ।
ਹੋਸਟਲ ਦੀ ਸੇਵਾਦਾਰ ਨੂੰ ਸਬਜ਼ੀ 'ਚ ਕੁਝ ਪਾ ਕੇ ਦੇਣ 'ਤੇ ਸੇਵਾਦਾਰ ਹਸਪਤਾਲ ਦਾਖਲ
NEXT STORY