ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਨਗਰ ਕੌਂਸਲ ਵੱਲੋਂ ਹੰਡਿਆਇਆ ਨਜ਼ਦੀਕ ਸਮਾਧਾਂ ਅਤੇ ਖੇਤਾਂ ਨੇੜੇ ਕੂੜਾ ਸੁੱਟਣ 'ਤੇ ਮਾਹੌਲ ਤਣਾਅਪੂਰਨ ਹੋ ਗਿਆ। ਵੱਡੀ ਗਿਣਤੀ ਵਿਚ ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕਿਆ ਪਰ ਅਧਿਕਾਰੀ ਉਥੇ ਹੀ ਕੂੜਾ ਸੁੱਟਣ 'ਤੇ ਅੜੇ ਰਹੇ, ਜਿਸ ਦਾ ਕਿਸਾਨਾਂ ਨੇ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੁੰਦਾ ਦੇਖ ਮੌਕੇ 'ਤੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਅਤੇ ਥਾਣਾ ਸਿਟੀ ਦੇ ਇੰਚਾਰਜ ਬਲਵੰਤ ਸਿੰਘ ਭਾਰੀ ਪੁਲਸ ਬਲ ਲੈ ਕੇ ਪਹੁੰਚੇ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਬਹਿਸ ਵੀ ਹੋਈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਪਰਮਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਇਸ ਥਾਂ 'ਤੇ ਬਾਬਾ ਕਾਲੂ ਨਾਥ ਜੀ ਦੀ ਪੁਰਾਣੀ ਸਮਾਧ ਹੈ, ਜਿਸ ਪ੍ਰਤੀ ਇਲਾਕੇ ਦੇ ਲੋਕ ਸ਼ਰਧਾ ਰੱਖਦੇ ਹਨ ਪਰ ਨਗਰ ਕੌਂਸਲ ਵੱਲੋਂ ਸਮਾਧ ਨੇੜੇ ਹੀ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਥਾਂ 'ਤੇ ਕੂੜਾ ਸੁੱਟਿਆ ਜਾ ਰਿਹਾ ਹੈ, ਉਹ ਸਮਾਧਾਂ ਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅਣਮਿੱਥੇ ਸਮੇਂ ਲਈ ਰੋਡ ਜਾਮ ਕਰ ਦੇਣਗੇ ਅਤੇ ਇਸ ਸੰਘਰਸ਼ ਨੂੰ ਪੰਜਾਬ ਪੱਧਰ 'ਤੇ ਲੈ ਕੇ ਜਾਵਾਂਗੇ।
ਨਗਰ ਕੌਂਸਲ ਵੱਲੋਂ ਆਪਣੀ ਥਾਂ 'ਤੇ ਹੀ ਸੁੱਟਿਆ ਜਾ ਰਿਹੈ ਕੂੜਾ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਜਿਸ ਥਾਂ 'ਤੇ ਸਾਡੇ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਹੈ, ਉਹ ਨਗਰ ਕੌਂਸਲ ਦੀ ਹੈ। ਨਗਰ ਕੌਂਸਲ ਨੇ ਕਿਸੇ ਥਾਂ 'ਤੇ ਤਾਂ ਕੂੜਾ ਸੁੱਟਣਾ ਹੀ ਹੈ। ਇਸ ਜਗ੍ਹਾ ਦਾ ਇੰਤਕਾਲ ਵੀ ਨਗਰ ਕੌਂਸਲ ਦੇ ਨਾਂ ਹੈ।
ਕਰੀਬ 6 ਘੰਟੇ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਬਹਿਸ ਹੁੰਦੀ ਰਹੀ। ਆਖੀਰ ਵਿਚ ਇਹ ਸਮਝੌਤਾ ਹੋਇਆ ਕਿ 2 ਟਰਾਲੀਆਂ ਇਸ ਜਗ੍ਹਾ 'ਤੇ ਸੁੱਟ ਦਿੱਤੀਆਂ ਜਾਣ। ਬਾਕੀ ਵਾਪਸ ਭੇਜ ਦਿੱਤੀਆਂ ਜਾਣ। ਜਦੋਂ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਭੱਟੀ ਨੂੰ ਪੁੱਛਿਆ ਗਿਆ ਕਿ ਬਾਕੀ ਦੀਆਂ ਕੂੜੇ ਦੀਆਂ ਟਰਾਲੀਆਂ ਤੁਸੀਂ ਕਿੱਥੇ ਸੁੱਟੋਗੇ ਤਾਂ ਉਹ ਇਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੇ।
ਪਰਾਲੀ 'ਚ ਲੁਕੋਈ ਔਰਤ ਦੀ ਲਾਸ਼ ਦੇ ਕਟਰ ਨਾਲ ਹੋਏ ਟੁਕੜੇ-ਟੁਕੜੇ
NEXT STORY