ਜਲੰਧਰ (ਸੋਮਨਾਥ ਕੈਂਥ)— ਪੰਜਾਬ ਵਿਚ 3 ਨਿਗਮਾਂ 'ਤੇ ਹੋਈਆਂ ਚੋਣਾਂ 'ਚ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ ਹੈ, ਇਸ ਦੇ ਨਾਲ ਹੀ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਤਿੰਨੇ ਨਿਗਮਾਂ ਵਿਚ ਮੇਅਰ ਦੇ ਅਹੁਦੇ ਨੂੰ ਲੈ ਕੇ ਵਿਧਾਇਕਾਂ ਦਰਮਿਆਨ ਸਰਦ ਜੰਗ ਸ਼ੁਰੂ ਹੋ ਗਈ ਅਤੇ ਆਪਣੇ ਚਹੇਤਿਆਂ ਨੂੰ ਮੇਅਰ ਬਣਾਉਣ ਲਈ ਵਿਧਾਇਕਾਂ ਨੇ ਪੰਜਾਬ ਕੈਬਨਿਟ ਵਿਚ ਬੈਠੇ ਆਪਣੇ-ਆਪਣੇ ਆਕਾਵਾਂ ਕੋਲ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਵੀ ਹੋਵੇ, ਅੰਤਿਮ ਫੈਸਲਾ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ। ਜਿੱਥੋਂ ਤੱਕ ਜਲੰਧਰ ਨਿਗਮ ਵਿਚ ਮੇਅਰ ਅਹੁਦੇ ਦੀ ਗੱਲ ਹੈ ਤਾਂ ਕਿਸੇ ਔਰਤ ਨੂੰ ਮੇਅਰ ਬਣਾਉਣ ਦੀ ਗੱਲ ਉਠਣੀ ਸ਼ੁਰੂ ਹੋ ਗਈ ਹੈ। ਇਹ ਔਰਤ ਕੋਈ ਦਲਿਤ ਕੌਂਸਲਰ ਹੋ ਸਕਦੀ ਹੈ। ਦਲਿਤ ਸਿਆਸਤ ਅਤੇ ਮਾਹਿਰਾਂ ਮੁਤਾਬਕ ਦਲਿਤ ਕੌਂਸਲਰ ਨੂੰ ਮੇਅਰ ਬਣਾਉਣ ਪਿੱਛੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਤਾਂ ਇਹ ਕਿ ਕਾਂਗਰਸ ਪਟਿਆਲਾ ਵਿਚ ਕਿਸੇ ਜੱਟ ਕੌਂਸਲਰ ਨੂੰ ਮੇਅਰ ਬਣਾਉਣਾ ਚਾਹੁੰਦੀ ਹੈ, ਜਿਸ ਕਾਰਨ ਜਲੰਧਰ ਵਿਚ ਦਲਿਤ ਕਾਰਡ ਖੇਡਿਆ ਜਾ ਰਿਹਾ ਹੈ। ਦੂਜਾ ਕਾਰਨ ਬਗਾਵਤ ਰੋਕਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਜਲੰਧਰ ਵਿਚ ਕਈ ਕੌਂਸਲਰ ਅਜਿਹੇ ਹਨ ਜੋ ਚੌਥੀ ਅਤੇ ਪੰਜਵੀਂ ਵਾਰ ਜਿੱਤ ਕੇ ਆਏ ਹਨ। ਇਸ ਲਈ ਕਿਸ ਨੂੰ ਮੇਅਰ ਬਣਾਇਆ ਜਾਵੇ ਅਤੇ ਕਿਸ ਨੂੰ ਨਾਰਾਜ਼ ਕੀਤਾ ਜਾਵੇ। ਇਸ ਸਥਿਤੀ ਨਾਲ ਨਜਿੱਠਣ ਲਈ ਵਿਉਂਤਬੰਦੀ ਬਣਾਈ ਗਈ ਹੈ ਕਿ ਕਿਸੇ ਮਹਿਲਾ ਨੂੰ ਹੀ ਮੇਅਰ ਬਣਾ ਦਿਓ, ਇਸ ਨਾਲ ਬਗਾਵਤ ਦੇ ਆਸਾਰ ਟਲ ਜਾਣਗੇ।
ਰਿੰਕੂ ਚਾਹੁੰਦੇ ਹਨ ਪਤਨੀ ਨੂੰ ਮੇਅਰ ਬਣਾਉਣਾ, ਬੇਰੀ ਦੀ ਪਸੰਦ ਕੁੱਝ ਹੋਰ
ਵਿਧਾਇਕ ਸੁਸ਼ੀਲ ਰਿੰਕੂ ਆਪਣੀ ਪਤਨੀ ਸੁਨੀਤਾ ਰਿੰਕੂ ਨੂੰ ਮੇਅਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਸਬੰਧ ਵਿਚ ਉਹ ਬੀਤੇ ਦਿਨ ਜਲੰਧਰ ਦੌਰੇ 'ਤੇ ਆਏ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਵੀ ਗੱਲ ਕਰ ਚੁੱਕੇ ਹਨ ਪਰ ਲੋਕਲ ਬਾਡੀਜ਼ ਮੰਤਰੀ ਵੱਲੋਂ ਅਜੇ ਕੋਈ ਪੱਤੇ ਨਹੀਂ ਖੋਲ੍ਹੇ ਗਏ।
ਦੂਜੇ ਪਾਸੇ ਵਿਧਾਇਕ ਰਾਜਿੰਦਰ ਬੇਰੀ ਦੀ ਪਸੰਦ ਕੁੱਝ ਹੋਰ ਹੈ। ਕੌਂਸਲਰ ਜਗਦੀਸ਼ ਰਾਜਾ ਕਈ ਵਾਰ ਕੌਂਸਲਰ ਚੁਣੇ ਜਾ ਚੁੱਕੇ ਹਨ ਅਤੇ ਉਹ ਵਿਧਾਇਕ ਬੇਰੀ ਦੇ ਕਾਫੀ ਨੇੜੇ ਗਿਣੇ ਜਾਂਦੇ ਹਨ। ਇਸੇ ਤਰ੍ਹਾਂ ਰਾਜਾ ਨੇ ਵਿਧਾਇਕ ਹੈਨਰੀ ਦਾ ਵੀ ਕਾਫੀ ਸਾਥ ਦਿੱਤਾ ਹੈ। ਵਿਧਾਇਕ ਬੇਰੀ ਅਤੇ ਹੈਨਰੀ ਰਾਜਾ ਨੂੰ ਮੇਅਰ ਬਣਾਉਣ ਦੇ ਪੱਖ ਵਿਚ ਹਨ।
ਬਲਰਾਜ ਠਾਕੁਰ ਦੀ ਪਰਗਟ ਨਾਲ ਨੇੜਤਾ
ਮੇਅਰ ਦੀ ਦੌੜ ਵਿਚ ਪੁਰਸ਼ ਕੌਂਸਲਰਾਂ ਵਿਚ ਬਲਰਾਜ ਠਾਕੁਰ ਦਾ ਨਾਂ ਲਿਆ ਜਾ ਰਿਹਾ ਹੈ। ਕੌਂਸਲਰ ਬਲਰਾਜ ਠਾਕੁਰ ਵਿਧਾਇਕ ਪਰਗਟ ਸਿੰਘ ਦੇ ਕਾਫੀ ਨੇੜੇ ਹਨ ਤੇ ਪਰਗਟ ਦੀ ਜਿੱਤ ਲਈ ਬਲਰਾਜ ਨੇ ਦਿਨ ਰਾਤ ਇਕ ਕੀਤਾ ਸੀ। ਓਧਰ, ਪਰਗਟ ਸਿੰਘ ਦੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਨੇੜਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਬੀਤੇ ਦਿਨ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਦਰਮਿਆਨ ਮੇਅਰ ਅਹੁਦੇ ਸਬੰਧੀ ਚਰਚਾ ਵੀ ਹੋ ਚੁੱਕੀ ਹੈ। ਭਾਵੇਂ ਮੇਅਰ ਕਿਸ ਨੂੰ ਬਣਾਇਆ ਜਾਵੇਗਾ, ਇਸ ਬਾਰੇ ਅਜੇ ਕੋਈ ਪੱਤੇ ਨਹੀਂ ਖੋਲ੍ਹ ਰਿਹਾ, ਕਿਉਂਕਿ ਇਸ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ।
ਨਾਰਥ ਹਲਕੇ ਤੋਂ ਕਈ ਕੌਂਸਲਰ ਗਿਆਨ ਚੰਦ ਦੇ ਪੱਖ 'ਚ
ਗਿਆਨ ਚੰਦ ਪੰਜਵੀਂ ਵਾਰ ਕੌਂਸਲਰ ਚੁਣੇ ਗਏ ਹਨ, ਜਦੋਂਕਿ ਪਿਛਲੀ ਵਾਰ ਉਨ੍ਹਾਂ ਦੀ ਸੀਟ ਮਹਿਲਾ ਰਿਜ਼ਰਵ ਹੋਣ ਕਾਰਨ ਉਹ ਚੋਣ ਨਹੀਂ ਲੜ ਸਕੇ ਸਨ। ਗਿਆਨ ਚੰਦ ਅਵਤਾਰ ਹੈਨਰੀ ਦੇ ਕਾਫੀ ਕਰੀਬੀ ਹਨ ਅਤੇ ਸਾਲ 2002 ਵਿਚ ਵੀ ਉਨ੍ਹਾਂ ਦਾ ਨਾਂ ਮੇਅਰ ਦੀ ਦੌੜ ਵਿਚ ਸੀ ਪਰ ਸੁਰਿੰਦਰ ਮਹੇ ਨੂੰ ਮੇਅਰ ਬਣਾ ਦਿੱਤਾ ਗਿਆ ਸੀ। ਸੀਨੀਆਰਤਾ ਦੇ ਹਿਸਾਬ ਨਾਲ ਵੀ ਵੇਖਿਆ ਜਾਵੇ ਤਾਂ ਕੌਂਸਲਰ ਗਿਆਨ ਚੰਦ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਆਗੂ ਹਨ। ਵਿਧਾਇਕ ਅਵਤਾਰ ਹੈਨਰੀ ਦੇ ਹਲਕੇ ਵਿਚ 24 ਵਾਰਡਾਂ ਵਿਚੋਂ 19 ਵਾਰਡਾਂ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਜਿੱਥੋਂ ਤੱਕ ਨਾਰਥ ਹਲਕੇ ਦੀ ਸਿਆਸਤ ਦੀ ਗੱਲ ਹੈ ਤਾਂ ਕਈ ਕੌਂਸਲਰ ਗਿਆਨ ਚੰਦ ਦੇ ਹੱਕ ਵਿਚ ਹਨ ਕਿ ਉਨ੍ਹਾਂ ਨੂੰ ਮੇਅਰ ਬਣਾਇਆ ਜਾਣਾ ਚਾਹੀਦਾ ਹੈ। ਗਿਆਨ ਚੰਦ ਤੋਂ ਬਾਅਦ ਮੇਅਰ ਦੇ ਤੌਰ 'ਤੇ ਦੇਸ ਰਾਜ ਜੱਸਲ ਦਾ ਵੀ ਨਾਰਥ ਹਲਕੇ ਤੋਂ ਨਾਂ ਲਿਆ ਜਾ ਰਿਹਾ ਹੈ। ਜੱਸਲ ਲਗਾਤਾਰ 4 ਵਾਰ ਕੌਂਸਲਰ ਚੁਣੇ ਗਏ ਹਨ।
ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY