ਬਠਿੰਡਾ(ਸੁਖਵਿੰਦਰ)-ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਵੱਲੋਂ 1 ਮਈ 2011 ਨੂੰ 40 ਮਾਈਕ੍ਰੋਨ ਤੋਂ ਘੱਟ ਮੋਟਾਈ ਵਾਲੇ ਲਿਫਾਫਿਆਂ 'ਤੇ ਪਾਬੰਦੀ ਲਾਈ ਗਈ ਸੀ ਪਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਅਤੇ ਲੋਕਾਂ 'ਚ ਜਾਗਰੂਕਤਾ ਦੀ ਕਮੀ ਕਾਰਨ ਪਾਲੀਥੀਨ ਲਿਫਾਫਿਆਂ 'ਤੇ ਲਗਾਈ ਪਾਬੰਦੀ ਪੂਰਨ ਤੌਰ 'ਤੇ ਲਾਗੁ ਨਹੀਂ ਹੋ ਸਕੀ। ਇਸ ਮਾਮਲੇ ਦੀ ਸ਼ੁਰੂਆਤ ਮੌਕੇ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੁਝ ਸਮਾਂ ਸਖਤੀ ਵੀ ਵਰਤੀ ਗਈ ਸੀ ਪਰ ਬਾਅਦ ਵਿਚ ਵਿਭਾਗਾਂ ਦੀ ਕਾਰਵਾਈ ਮਹਿਜ ਖਾਨਾਪੂਰਤੀ ਹੀ ਰਹਿ ਗਈ। ਹੁਣ ਹਾਲਾਤ ਇਹ ਹਨ ਕਿ ਪਾਬੰਦੀਸ਼ੁਦਾ ਲਿਫਾਫਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਦੀ ਬਜਾਏ ਕਈ ਸਰਕਾਰੀ ਥਾਵਾਂ 'ਤੇ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ।
ਕਾਗਜ਼ਾਂ ਤੱਕ ਹੀ ਸੀਮਤ ਜੁਰਮਾਨਾ ਅਤੇ ਸਜ਼ਾ
ਪਾਬੰਦੀਸ਼ੁਦਾ ਲਿਫਾਫੇ ਬਣਾਉਣ ਅਤੇ ਵੇਚਣ ਵਾਲਿਆਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਤੇ 3 ਮਹੀਨਿਆਂ ਦੀ ਸਜ਼ਾ ਦਾ ਐਕਟ ਬਣਾਇਆ ਗਿਆ ਹੈ ਪਰ ਇਹ ਐਕਟ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ। ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਖ਼ਤੀ ਨਾ ਹੋਣ ਕਾਰਨ ਹੀ ਉਕਤ ਐਕਟ ਦਮ ਤੋੜਦਾ ਨਜ਼ਰ ਆ ਰਿਹਾ ਹੈ। ਜੇਕਰ ਪ੍ਰਸ਼ਾਸਨ ਚਾਹੇ ਤਾਂ ਇਸ ਵਿਕਰੀ ਨੂੰ ਸ਼ਖਤੀ ਨਾਲ ਰੋਕਿਆ ਜਾ ਸਕਦਾ ਹੈ ਪਰ ਪ੍ਰਸ਼ਾਸਨ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਿਹਾ।
ਜਾਗਰੂਕਤਾ ਸੈਮੀਨਾਰ ਦੀ ਕਮੀ
ਪਾਬੰਦੀਸ਼ੁਦਾ ਲਿਫਾਫਿਆਂ ਦੇ ਵਾਤਾਵਰਣ 'ਤੇ ਪੈਂਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਜਾਗਰੂਕਤਾ ਸੈਮੀਨਾਰ ਨਹੀਂ ਕਰਵਾਏ ਜਾ ਰਹੇ। ਲੋਕਾਂ 'ਚ ਜਾਗਰੂਕਤਾ ਦੀ ਕਮੀ ਹੋਣ ਕਾਰਨ ਹੀ ਲਿਫਾਫਿਆਂ ਦੀ ਵਿਕਰੀ ਨੂੰ ਪੂਰਨ ਤੌਰ 'ਤੇ ਬੰਦ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਲੋਕ ਬਾਜ਼ਾਰਾਂ 'ਚ ਆਉਂਦੇ ਸਮੇਂ ਥੈਲਾ ਚੁੱਕਣ ਦੀ ਜਗ੍ਹਾ ਪਾਲੀਥੀਨ ਦੇ ਲਿਫਾਫਿਆਂ ਵਿਚ ਸਾਮਾਨ ਲਿਆਉਣ ਨੂੰ ਹੀ ਤਰਜੀਹ ਦੇ ਰਹੇ ਹਨ। ਹਕੀਕਤ ਇਹ ਹੈ ਕਿ ਪੜ੍ਹੇ-ਲਿਖੇ ਲੋਕ ਥੈਲਾ ਚੁੱਕਣ ਵਿਚ ਸ਼ਰਮ ਮਹਿਸੂਸ ਕਰ ਰਹੇ ਹਨ ਪਰ ਲਿਫਾਫਿਆਂ ਦੀ ਵਧਦੀ ਵਿਕਰੀ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ।
ਸਰਕਾਰੀ ਥਾਵਾਂ 'ਤੇ ਖੁੱਲ੍ਹੀਆਂ ਦੁਕਾਨਾਂ
ਪ੍ਰਸ਼ਾਸਨ ਦੀ ਸਖ਼ਤੀ ਨਾ ਹੋਣ ਕਾਰਨ ਸਬਜ਼ੀ ਮੰਡੀ, ਅਨਾਜ ਮੰਡੀ, ਮੁੱਖ ਬਾਜ਼ਾਰਾਂ ਵਿਚ ਜਗ੍ਹਾ-ਜਗ੍ਹਾ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਇਸ ਤੋਂ ਇਲਾਵਾ ਲਿਫਾਫੇ ਵੇਚਣ ਵਾਲੇ ਦੁਕਾਨਦਾਰ ਬਾਜ਼ਾਰਾਂ ਵਿਚ ਆਮ ਘੁੰਮਦੇ ਦਿਖਾਈ ਦੇ ਰਹੇ ਹਨ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਕਤ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਟਾਲਾ ਵੱਟਿਆ ਜਾ ਰਿਹਾ ਹੈ।
ਅਧਿਕਾਰੀ ਦਿੰਦੇ ਹਨ ਕਾਰਵਾਈ ਦਾ ਭਰੋਸਾ
ਲਿਫਾਫਿਆਂ 'ਤੇ ਪਾਬੰਦੀ ਦੇ ਮਾਮਲੇ ਵਿਚ ਅਧਿਕਾਰੀ ਹਰ ਮਾਮਲੇ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਤਾਂ ਜ਼ਰੂਰ ਦਿੰਦੇ ਹਨ ਪਰ ਅਜੇ ਤੱਕ ਕਿਸੇ ਵੀ ਵਿਕਰੇਤਾ ਜਾਂ ਖਰੀਦਦਾਰ ਖਿਲਾਫ਼ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਉਕਤ ਮਾਮਲਾ ਨਗਰ-ਨਿਗਮ ਅਤੇ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਦੇ ਧਿਆਨ ਵਿਚ ਆ ਚੁੱਕਾ ਹੈ।
ਭੇਤਭਰੀ ਹਾਲਤ 'ਚ ਵਿਅਕਤੀ ਦੀ ਮੌਤ
NEXT STORY