ਜਗਰਾਓਂ(ਜਸਬੀਰ ਸ਼ੇਤਰਾ)–ਸਿਆਸੀ ਸੂਝਬੂਝ ਦੀ ਘਾਟ ਕਹਿ ਲਓ ਜਾਂ ਇੱਛਾ ਸ਼ਕਤੀ ਦੀ, ਰੇਹਡ਼ੀ-ਫਡ਼੍ਹੀ ਵਾਲਿਆਂ ਤੋਂ ਰਜਿਸਟਰੇਸ਼ਨ ਦੇ ਨਾਂ ’ਤੇ ਲੱਖਾਂ ਰੁਪਏ ਵਸੂਲ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸ਼ਹਿਰ ’ਚ ਕੀਤੇ ਐਲਾਨ ਮੁਤਾਬਕ ਚੱਜ ਦੀਆਂ 4 ਥਾਵਾਂ ਅਲਾਟ ਕਰਨ ’ਚ ਨਗਰ ਕੌਂਸਲ ਦੀ ਰਹੀ ਨਾਕਾਮੀ ਹੈ ਇਸ ਲਈ ਜ਼ਿੰਮੇਵਾਰੀ ਕਹੀ ਜਾਵੇਗੀ ਕਿ ਗਰੀਬ ਰੇਹਡ਼ੀ -ਫਡ਼੍ਹੀ ਵਾਲਿਆਂ ਦਾ ਲਟਕਿਆ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗ ਰਿਹਾ। ਰੋਜ਼ਾ ਕਮਾ ਕੇ ਖਾਣ ਵਾਲੇ ਇਸ ਗਰੀਬ ਤਬਕੇ ਨੂੰ ਕਦੇ ਸ਼ਹਿਰ ਦੇ ਇਕ ਪਾਸੇ ਧੱਕਿਆ ਜਾਂਦਾ ਹੈ ਤੇ ਕਦੇ ਉਥੋਂ ਦੇ ਦੁਕਾਨਦਾਰ ਇਨ੍ਹਾਂ ਦਾ ਵਿਰੋਧ ਕਰਦੇ ਹਨ ਤਾਂ ਨਗਰ ਕੌਂਸਲ ਵੱਲੋਂ ਕਿਸੇ ਪਾਸੇ ‘ਧੱਕਾ’ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦੇ ਪੇਟ ’ਤੇ ਲੱਤ ਵੱਜੀ ਹੋਈ ਤੇ ਸਾਰ ਲੈਣ ਵਾਲਾ ਕੋਈ ਨਹੀਂ ਜਾਪਦਾ। ਕਮੇਟੀ ਪਾਰਕ ਨੇਡ਼ਿਓਂ ਨਗਰ ਕੌਂਸਲ ਦਫਤਰ ਤੋਂ ਝਾਂਸੀ ਰਾਣੀ ਚੌਕ ਤੱਕ ‘ਨੋ ਵੈਂਡਰਜ਼ ਜ਼ੋਨ’ ਐਲਾਨ ਕੇ ਵੱਡੀ ਕਾਰਵਾਈ ਤਹਿਤ ਨਗਰ ਕੌਂਸਲ ਨੇ ਰੇਹਡ਼ੀ-ਫਡ਼੍ਹੀ ਵਾਲਿਆਂ ਦਾ ਸਭ ਕੁਝ ਪੁੱਟ ਸੁੱਟਿਆ। ਇਸ ਥਾਂ ’ਤੇ ਰੇਹਡ਼ੀਆਂ -ਫਡ਼੍ਹੀਆਂ ਨਾ ਲੱਗਣ ਦੇਣ ਦਾ ਪਿਛਲੇ ਦਿਨੀਂ ਹੋਈ ਨਗਰ ਕੌਂਸਲ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਹਾਊਸ ਨੇ ਮਤਾ ਵੀ ਪਾਸ ਕਰ ਦਿੱਤਾ ਪਰ ਅੱਜ ਕਮੇਟੀ ਪਾਰਕ ਨੇਡ਼ੇ ਜਦੋਂ ਕੁਝ ਰੇਹਡ਼ੀਆਂ ਮੁਡ਼ ਲੱਗੀਆਂ ਤਾਂ ਨਗਰ ਕੌਂਸਲ ਹਰਕਤ ’ਚ ਆਈ। ਰਜਿਸਟਰੇਸ਼ਨ ਕਰਵਾਉਣ ਵਾਲੇ ਰੇਹਡ਼ੀ ਵਾਲੇ ਢੁੱਕਵੀਂ ਥਾਂ ਦਾ ਆਪਣਾ ਹੱਕ ਜਤਾਉਂਦੇ ਹੋਏ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਕਾਂਗਰਸੀ ਆਗੂ ਨੇ ਹੀ ਇਸ ਥਾਂ ਮੁਡ਼ ਤੋਂ ਰੇਹਡ਼ੀਆਂ ਲਾਉਣ ਦੀ ‘ਖੁੱਲ੍ਹ’ ਦਿੱਤੀ ਹੈ। ਇਸ ਦੇ ਉਲਟ ਮੌਕੇ ’ਤੇ ਪਹੁੰਚੇ ਈ. ਓ. ਸੁਖਦੇਵ ਸਿੰਘ ਰੰਧਾਵਾ ਹਾਊਸ ਵੱਲੋਂ ਪਾਸ ਕੀਤੇ ਮਤੇ, ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦੀਆਂ ਆਈਆਂ ਹਦਾਇਤਾਂ ਅਤੇ ਪਹਿਲਾਂ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਆਪਣੇ ਸਟੈਂਡ ’ਤੇ ਅਡ਼ ਗਏ। ਉਨ੍ਹਾਂ ਕਿਹਾ ਕਿ ਕਈ ਖਾਸ ਕਾਰਨਾਂ ਕਰਕੇ ਕਮੇਟੀ ਪਾਰਕ ਨੇਡ਼ੇ ਰੇਹਡ਼ੀ ਮਾਰਕੀਟ ਨਹੀਂ ਲੱਗਣ ਦਿੱਤੀ ਜਾ ਸਕਦੀ। ਰੇਹਡ਼ੀ ਵਾਲਿਆਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਦੋ ਕਦਮ ਅੱਗੇ ਪੁੱਟਦੀ ਹੈ ਤਾਂ ਚਾਰ ਕਦਮ ਪਿਛਾਂਹ ਵੱਲ। ਉਨ੍ਹਾਂ ਨੂੰ ਕਦੇ ਰੇਲਵੇ ਪੁਲ ਹੇਠਾਂ, ਕਦੇ ਪੁਰਾਣੀ ਦਾਣਾ ਮੰਡੀ ਤੇ ਕਦੇ ਕਿਧਰੇ ਹੋਰ ਰੇਹਡ਼ੀਆਂ ਲਾਉਣ ਲਈ ਕਹਿ ਦਿੱਤਾ ਜਾਂਦਾ ਹੈ ਪਰ ਰਜਿਸਟਰੇਸ਼ਨ ਸਮੇਂ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਥਾਵਾਂ ’ਤੇ ਨਾ ਤਾਂ ਲੋਡ਼ੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਨਾ ਹੀ ਰੇਲਵੇ ਪੁਲ ਹੇਠਾਂ ਬਿਨਾਂ ਤਰਕ ਤੇ ਕਾਰਨ ਦੇ ਵਿਰੋਧ ਕਰਨ ਵਾਲਿਆਂ ਨੂੰ ਰੋਕਿਆ ਗਿਆ ਹੈ। ਇਸ ਬਹਿਸਬਾਜ਼ੀ ’ਚ ਮਾਮਲਾ ਤਕਰਾਰ ਤੱਕ ਵਧ ਗਿਆ ਤੇ ਤਲਖੀ ਵਧਣ ’ਤੇ ਮੌਕੇ ’ਤੇ ਪੁਲਸ ਵੀ ਪਹੁੰਚ ਗਈ। ਥਾਣਾ ਸਿਟੀ ਤੋਂ ਏ.ਐਸ.ਆਈ. ਤਰਸੇਮ ਲਾਲ ਮੌਕੇ ’ਤੇ ਪੁਲੀਸ ਪਾਰਟੀ ਸਮੇਤ ਹਾਜ਼ਰ ਸਨ। ਪੁਲਸ ਅਧਿਕਾਰੀਆਂ ਤੋਂ ਹਾਸਲ ਜਾਣਕਾਰੀ ਅਨੁਸਾਰ ਹੁਣ ਭਲਕੇ 11 ਵਜੇ ਥਾਣਾ ਸਿਟੀ ’ਚ ਸਾਰੀਆਂ ਧਿਰਾਂ ਨੂੰ ਗੱਲਬਾਤ ਰਾਹੀਂ ਮਾਮਲੇ ਦਾ ਨਿਬੇਡ਼ਾ ਕਰਨ ਲਈ ਸੱਦਿਆ ਗਿਆ ਹੈ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ, ਜੋ ਮੌਕੇ ’ਤੇ ਵੀ ਮੌਜੂਦ ਸਨ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਮਾਰਨ ਵਾਲੇ ਖਿਲਾਫ਼ ਕੇਸ ਦਰਜ
NEXT STORY