ਲੁਧਿਆਣਾ(ਹਿਤੇਸ਼, ਰਿਸ਼ੀ)-ਨਗਰ ਨਿਗਮ ਚੋਣਾਂ ਨੂੰ ਅਮਨ-ਅਮਾਨ ਨਾਲ ਨਜਿੱਠਣ ਸਬੰਧੀ ਪੁਲਸ ਪ੍ਰਸ਼ਾਸਨ ਨੇ ਗੜਬੜੀ ਦੀ ਸੰਭਾਵਨਾ ਵਾਲੇ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕਰ ਲਈ ਹੈ ਜਿਸ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ 275 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਡਿਕਲੇਅਰ ਕਰ ਦਿੱਤਾ ਹੈ। ਇਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਚੋਣ ਪੁਲਸ ਨੂੰ ਸਟੇਟ ਇਲੈਕਸ਼ਨ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਤਹਿਤ ਇਲਾਕਾ ਐੱਸ. ਐੱਚ. ਓ. ਦੀ ਸਿਫਾਰਸ਼ ਜਾਂ ਪਿਛਲੀਆਂ ਚੋਣਾਂ ਦੇ ਰਿਕਾਰਡ ਦੇ ਆਧਾਰ 'ਤੇ ਕੀਤੀ ਗਈ ਹੈ। ਜਿੱਥੇ ਵੀਡੀਓਗਾ੍ਰਫੀ ਤਾਂ ਕਰਵਾਈ ਹੀ ਜਾਵੇਗੀ ਪਰ ਉਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਪੁਲਸ ਫੋਰਸ ਦੀ ਤਾਇਨਾਤੀ ਵੀ ਬਾਕੀ ਥਾਵਾਂ ਦੇ ਮੁਕਾਬਲੇ ਦੁੱਗਣੀ ਰਹੇਗੀ।
ਆਤਮ ਨਗਰ ਤੇ ਸਾਊਥ ਹਲਕਾ 'ਚ ਸਭ ਤੋਂ ਜ਼ਿਆਦਾ ਨਾਜ਼ੁਕ ਪੋਲਿੰਗ ਸਟੇਸ਼ਨ
ਜੇਕਰ ਪ੍ਰਸ਼ਾਸਨ ਵਲੋਂ ਤੈਅ ਕੀਤੇ ਗਏ ਨਾਜ਼ੁਕ ਪੋਲਿੰਗ ਸਟੇਸ਼ਨਾਂ ਦੀ ਲਿਸਟ 'ਤੇ ਨਜ਼ਰ ਮਾਰੀ ਜਾਵੇ ਤਾਂ ਆਤਮ ਨਗਰ ਤੇ ਸਾਊਥ ਹਲਕਾ 'ਚ 40 ਹਨ। ਇਥੋਂ ਅਕਾਲੀ ਦਲ ਦੇ ਦੋ ਸਾਬਕਾ ਮੇਅਰਾਂ ਤੋਂ ਇਲਾਵਾ ਸਾਬਕਾ ਮੰਤਰੀ ਗਾਬੜੀਆ ਦੇ ਪਰਿਵਾਰਕ ਮੈਂਬਰ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਬੈਂਸ ਭਰਾਵਾਂ ਦੇ ਨਾਲ ਛੱਤੀਸ ਦਾ ਅੰਕੜਾ ਹੈ ਤੇ ਗੋਹਲਵੜੀਆ ਦੇ ਪੁੱਤਰ ਨਾਲ ਝਗੜੇ ਦੇ ਰੂਪ ਵਿਚ ਇਥੇ ਵਿਵਾਦ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਵੀ ਬੈਂਸ ਭਰਾਵਾਂ ਤੇ ਅਕਾਲੀ ਦਲ ਨੂੰ ਸਖਤ ਟੱਕਰ ਦੇਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।
ਪੀ. ਏ. ਪੀ. ਤੇ ਕਮਾਂਡੋ ਬਟਾਲੀਅਨ ਤੋਂ ਵੀ ਆਵੇਗੀ ਫੋਰਸ
ਪੁਲਸ ਵਲੋਂ ਬਣਾਏ ਗਏ ਸਕਿਓਰਿਟੀ ਪਲਾਨ 'ਚ ਥਾਣਿਆਂ ਦੀ ਪੁਲਸ ਨੂੰ ਪੋਲਿੰਗ ਸਟੇਸ਼ਨਾਂ ਦੇ ਅੰਦਰ ਡਿਊਟੀ ਦਿੱਤੀ ਗਈ ਹੈ। ਜਿੱਥੇ ਵੀ ਪੋਲਿੰਗ ਸਟੇਸ਼ਨ ਦੇ ਬਾਹਰ ਫੋਰਸ ਲਾਉਣ ਦੀ ਜ਼ਰੂਰਤ ਹੋਵੇਗੀ, ਉਥੇ ਪੁਲਸ ਲਾਈਨ ਤੋਂ ਫੋਰਸ ਬੁਲਾਈ ਜਾਵੇਗੀ। ਇਨ੍ਹਾਂ ਹੀ ਨਹੀਂ ਪੈਟਰੋਲਿੰਗ ਤੇ ਨਾਕੇ ਲਾਉਣ ਦੀ ਜ਼ਿੰਮੇਵਾਰੀ ਆਈ. ਆਰ. ਬੀ. ਦੀ ਫੋਰਸ ਨੂੰ ਤਾਂ ਸੌਂਪੀ ਹੀ ਜਾਵੇਗੀ ਪਰ ਇਸ ਕੰਮ ਲਈ ਪੀ. ਏ. ਪੀ. ਤੇ ਕਮਾਂਡੋ ਬਟਾਲੀਅਨ ਤੋਂ ਵੀ ਮਦਦ ਲਈ ਜਾਵੇਗੀ।
ਫਾਈਨਲ ਹੋਏ ਸਟ੍ਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ
ਜਿਵੇਂ ਕਿ 'ਜਗ ਬਾਣੀ' ਵਲੋਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਨਗਰ ਨਿਗਮ ਚੋਣਾਂ ਦੇ ਦੋ ਦਿਨ ਬਾਅਦ ਨਤੀਜੇ ਐਲਾਨ ਕਰਨ ਦੇ ਸ਼ਡਿਊਲ ਕਾਰਨ ਵੋਟਿੰਗ ਮਸ਼ੀਨਾਂ ਨੂੰ ਰੱਖਣ ਲਈ ਅਲੱਗ ਤੋਂ ਸਟ੍ਰਾਂਗ ਰੂਮ ਤੇ ਕਾਊਂਟਿੰਗ ਸੈਂਟਰ ਬਣਾਉਣੇ ਪੈਣਗੇ। ਇਸ ਤਹਿਤ ਰਿਟਰਨਿੰਗ ਅਫਸਰ ਵਾਈਜ਼ 9 ਜਗ੍ਹਾ ਸਟ੍ਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਬਣਾਉਣ ਦੀ ਲੋਕੇਸ਼ਨ ਸ਼ਨੀਵਾਰ ਨੂੰ ਡੀ. ਸੀ. ਪ੍ਰਦੀਪ ਅਗਰਵਾਲ ਵਲੋਂ ਮੌਕੇ ਦਾ ਦੌਰਾ ਕਰਨ ਬਾਅਦ ਫਾਈਨਲ ਕਰ ਦਿੱਤੀ ਗਈ ਹੈ।
ਵਾਰਡ 70 ਦਾ ਜਵੱਦੀ ਇਲਾਕਾ ਸਭ ਤੋਂ ਸੰਵੇਦਨਸ਼ੀਲ
ਨਗਰ ਨਿਗਮ ਚੋਣਾਂ ਲਈ ਜਿਸ ਪੋਲਿੰਗ ਸਟੇਸ਼ਨ ਨੂੰ ਸ਼ਹਿਰ 'ਚ ਸਭ ਤੋਂ ਜ਼ਿਆਦਾ ਨਾਜ਼ੁਕ ਐਲਾਨਿਆ ਗਿਆ ਹੈ, ਉਹ ਵਾਰਡ 70 ਦੇ ਜਵੱਦੀ ਇਲਾਕੇ ਵਿਚ ਆਉਂਦਾ ਹੈ ਇਥੇ ਪਿਛਲੀਆਂ ਲਗਭਗ ਸਾਰੀਆਂ ਚੋਣਾਂ ਵਿਚ ਝਗੜੇ ਅਤੇ ਹਿੰਸਕ ਘਟਨਾਵਾਂ ਹੋਣ ਦਾ ਰਿਕਾਰਡ ਹੈ। ਇਸੇ ਲਈ ਪੁਲਸ ਸਟੇਸ਼ਨ ਦੇ ਬਾਹਰ ਵੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ।
ਏ. ਡੀ. ਸੀ. ਪੀ. (ਕ੍ਰਾਈਮ) ਦੀ ਅਗਵਾਈ ਵਿਚ ਬਣੇਗੀ ਕੁਇੱਕ ਰਿਐਕਸ਼ਨ ਟੀਮ
ਜੇਕਰ ਪੁਲਸ ਵਲੋਂ ਤਿਆਰ ਕੀਤੇ ਗਏ ਸਕਿਓਰਿਟੀ ਪਲਾਨ ਦੀ ਗੱਲ ਕਰੀਏ ਤਾਂ ਚਾਰ ਏ. ਡੀ. ਸੀ. ਪੀਜ਼ ਦੇ ਇਲਾਕੇ ਵਿਚ ਤਾਂ ਚੋਣਾਂ ਹੋ ਹੀ ਰਹੀਆਂ ਹਨ, ਜਦੋਂਕਿ ਏ. ਡੀ. ਸੀ. ਪੀ. ਹੈੱਡ ਕੁਆਰਟਰ ਅਤੇ ਸਪੈਸ਼ਲ ਬ੍ਰਾਂਚ ਨੂੰ ਸਕਿਓਰਿਟੀ ਪਲਾਨ ਤੋਂ ਇਲਾਵਾ ਸ਼ਾਂਤੀ ਬਹਾਲ ਕਰਵਾਉਣ ਦੀ ਮੋਨੀਟਰਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਏ. ਡੀ. ਸੀ. ਪੀ. (ਕ੍ਰਾਈਮ) ਦੀ ਅਗਵਾਈ ਵਿਚ ਕੁਇੱਕ ਰਿਐਕਸ਼ਨ ਟੀਮ ਬਣਾਈ ਗਈ ਹੈ ਜੋ ਚੋਣਾਂ ਦੌਰਾਨ ਝਗੜੇ ਦੀ ਕੋਈ ਵੀ ਵੱਡੀ ਘਟਨਾ ਹੋਣ ਦੀ ਸੂਰਤ ਵਿਚ ਮੌਕੇ 'ਤੇ ਜਾਣ ਲਈ ਆਪਣੀ ਫੋਰਸ ਦੇ ਨਾਲ ਤਿਆਰ ਰਹਿਣਗੇ।
ਇਹ ਰਹੇਗੀ ਲੋਕੇਸ਼ਨ
* ਕੇ. ਵੀ. ਐੱਮ. ਸਕੂਲ, ਸਿਵਲ ਲਾਈਨਸ
* ਮਾਲਵਾ ਸੈਂਟਰਲ ਕਾਲਜ, ਘੁਮਾਰ ਮੰਡੀ
* ਖਾਲਸਾ ਕਾਲਜ ਫਾਰ ਗਰਲਜ਼
* ਪਾਲੀਟੈਕਨਿਕ ਕਾਲਜ, ਰਿਸ਼ੀ ਨਗਰ
* ਸਰਕਾਰੀ ਕਾਲਜ ਫਾਰ ਗਰਲਜ਼
* ਆਰੀਆ ਕਾਲਜ
* ਸਰਕਾਰੀ ਕਾਲਜ (ਲੜਕੇ)
* ਐੱਮ. ਜੀ. ਐੱਮ. ਸਕੂਲ, ਦੁੱਗਰੀ ਫੇਸ 2
* ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ
ਸਿੱਖ ਕੱਟੜਪੰਥੀਆਂ 'ਤੇ ਲਗਾਮ ਕੱਸਣ ਲਈ ਭਾਰਤ ਅਤੇ ਕੈਨੇਡਾ ਸਹਿਮਤ
NEXT STORY