ਗੜਸ਼ੰਕਰ (ਬੈਜ ਨਾਥ) - ਹੁਸ਼ਿਆਰਪੁਰ ਰੋਡ 'ਤੇ ਪੈਂਦੇ ਪਿੰਡ ਸਤਨੌਰ ਵਿਖੇ ਦਿਨ-ਦਿਹਾੜੇ 2 ਪਿਸਤੌਲ ਧਾਰੀਆਂ ਨੇ ਗੋਲੀਆਂ ਚਲਾ ਕੇ ਰੋਹਿਤ ਕੁਮਾਰ ਉਰਫ ਕਾਕਾ ਸ਼ਿਕਾਰੀ ਪੁੱਤਰ ਦਰਸ਼ਨ ਲਾਲ ਵਾਸੀ ਬੀਰਮਪੁਰ ਰੋਡ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮੌਕੇ 'ਤੇ ਡੀ. ਐੱਸ. ਪੀ. ਰਾਜ ਕੁਮਾਰ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਕਾਕਾ ਸ਼ਿਕਾਰੀ ਦੀ ਮੌਤ ਹੋ ਗਈ।
ਇਸ ਸਬੰਧੀ ਪਰਮਜੀਤ ਪੁੱਤਰ ਬਾਲ ਕ੍ਰਿਸ਼ਨ ਵਾਸੀ ਸਤਨੌਰ ਨੇ ਦੱਸਿਆ ਕਿ ਉਸਦੇ ਲੜਕੇ ਵਿਪਨ ਕੁਮਾਰ ਕੋਲ ਪਿਛਲੇ 4-5 ਦਿਨਾਂ ਤੋਂ ਕੁੱਝ ਨੌਜਵਾਨ ਰਾਤ ਸਮੇਂ ਸਾਡੇ ਘਰ ਠਹਿਰਦੇ ਸਨ। ਅੱਜ ਦੁਪਹਿਰ ਕਰੀਬ 12 ਵਜੇ 2 ਨੌਜਵਾਨ ਸਾਡੇ ਘਰ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸੁੱਤੇ ਪਏ ਕਾਕਾ ਸ਼ਿਕਾਰੀ 'ਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਤੇ ਜ਼ਖ਼ਮੀ ਕਰ ਦਿੱਤਾ। ਬਾਅਦ ਵਿਚ ਹਸਪਤਾਲ ਜਾ ਕੇ ਉਸਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕਾਕਾ ਸ਼ਿਕਾਰੀ ਦਾ ਪਿਛੋਕੜ ਅਪਰਾਧ ਨਾਲ ਜੁੜਿਆ ਹੈ ਅਤੇ ਇਸ 'ਤੇ ਪਿਛਲੇ ਦਿਨੀਂ ਕਾਲੇਵਾਲ ਲੱਲੀਆਂ ਅਤੇ ਨਵਾਂਸ਼ਹਿਰ ਵਿਚ ਗੋਲੀਆਂ ਚਲਾਉਣ ਦੇ ਦੋਸ਼ 'ਚ ਮੁਕੱਦਮੇ ਦਰਜ ਹਨ। ਮੌਕੇ 'ਤੇ ਪਹੁੰਚੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਤੇ ਐੱਸ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਘਟਨਾ ਸਬੰਧੀ ਜਾਂਚ ਚੱਲ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਅਸਟੀਮ ਕਾਰ ਨੰਬਰ ਸੀ. ਐੱਚ-01-ਐਕਸ 3614 'ਚ ਸਵਾਰ ਹੋ ਕੇ 7 ਨੌਜਵਾਨ ਆਏ ਤੇ ਉਨ੍ਹਾਂ ਨੇ ਪਿੰਡ ਦੇ ਚੌਕ 'ਚ ਗੱਡੀ ਖੜ੍ਹੀ ਕਰ ਦਿੱਤੀ। ਇਨ੍ਹਾਂ 'ਚੋਂ 4 ਦੇ ਹੱਥਾਂ 'ਚ ਪੱਥਰ-ਰੋੜੇ ਆਦਿ ਸਨ ਅਤੇ 3 ਕੋਲ ਪਿਸਤੌਲ ਸਨ, ਜਿਨ੍ਹਾਂ 'ਚੋਂ 5 ਨੌਜਵਾਨ ਪਰਮਜੀਤ ਦਾ ਘਰ (ਜਿਸ ਦੇ ਘਰ 'ਚ ਕਾਕਾ ਸ਼ਿਕਾਰੀ ਸੁੱਤਾ ਪਿਆ ਸੀ) ਦੱਸ ਕੇ ਵਾਪਸ ਮੁੜ ਗਏ ਤੇ 2 ਨੌਜਵਾਨਾਂ ਨੇ ਅੰਦਰ ਜਾ ਕੇ ਗੋਲੀਆਂ ਚਲਾ ਦਿੱਤੀਆਂ। ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ੀਲੇ ਟੀਕਿਆਂ ਤੇ ਸਰਿੰਜਾਂ ਸਮੇਤ ਕਾਬੂ
NEXT STORY