ਬੰਗਾ, (ਚਮਨ ਲਾਲ, ਰਾਕੇਸ਼, ਪੂਜਾ, ਮੂੰਗਾ, ਭਟੋਆ)- ਬੀਤੀ 30 ਜਨਵਰੀ ਨੂੰ ਪਿੰਡ ਖੋਥੜਾਂ ਦੇ ਖੇਤਾਂ ਨੂੰ ਜਾਂਦੇ ਰਸਤੇ ਤੋਂ ਬਰਾਮਦ ਨੌਜਵਾਨ ਦੀ ਲਾਸ਼ ਦਾ ਮਾਮਲਾ ਪੁਲਸ ਨੇ ਸੁਲਝਾ ਲਿਆ ਹੈ। ਜਾਣਕਾਰੀ ਦਿੰਦੇ ਏ.ਐੱਸ.ਪੀ. ਸਿਰਤਾਜ ਸਿੰਘ ਚਹਿਲ ਤੇ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਥਾਂ ਤੋਂ ਮਿਲੀ ਰਾਮ ਸੁੰਦਰ ਪੁੱਤਰ ਰਾਮ ਨਰੇਸ਼ ਦੀ ਲਾਸ਼ ਦੀ ਪਛਾਣ ਉਸ ਦੇ ਪੁੱਤਰ ਸੰਦੀਪ ਚੌਧਰੀ ਨੇ ਕੀਤੀ ਸੀ। ਬਿਹਾਰ ਦੇ ਪਿੰਡ ਅਮਾਈ ਕਾਜੀਟੋਲਾ ਥਾਣਾ ਪੀਰੋ ਜ਼ਿਲਾ ਆਰਾ (ਬਿਹਾਰ) ਦਾ ਰਾਮ ਸੁੰਦਰ ਹੁਣ ਮੁਹੱਲਾ ਗੋਬਿੰਦਪੁਰ (ਫਗਵਾੜਾ) ਵਿਖੇ ਪਰਿਵਾਰ ਨਾਲ ਰਹਿੰਦਾ ਸੀ ਤੇ ਉਹ ਫਗਵਾੜਾ ਦੀ ਇਕ ਫਾਈਨ ਸਵਿੱਚ ਫੈਕਟਰੀ 'ਚ ਕੰਮ ਕਰਦਾ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮ ਸੁੰਦਰ ਬੀਤੀ 29 ਜਨਵਰੀ ਨੂੰ ਸ਼ਾਮ 6 ਵਜੇ ਦੇ ਕਰੀਬ ਲਛਮਣ ਸ਼ਰਮਾ ਪੁੱਤਰ ਵੇਦ ਸ਼ਰਮਾ ਵਾਸੀ ਬਿਹਾਰ ਹਾਲ ਵਾਸੀ ਮੁਹੱਲਾ ਗੋਬਿੰਦਪੁਰਾ (ਫਗਵਾੜਾ) ਕੋਲ ਜਾਣ ਬਾਰੇ ਦੱਸ ਕੇ ਗਿਆ ਸੀ ਪਰ ਦੇਰ ਰਾਤ ਜਦੋਂ ਉਹ ਵਾਪਸ ਨਾ ਮੁੜਿਆ ਤਾਂ ਉਸ ਦਾ ਨੰਬਰ ਡਾਇਲ ਕੀਤਾ, ਜੋ ਕਿ ਬੰਦ ਆ ਰਿਹਾ ਸੀ।
ਜਦੋਂ ਪੁਲਸ ਨੇ ਲਛਮਣ ਸ਼ਰਮਾ ਵਾਸੀ ਮੁਹੱਲਾ ਗੋਬਿੰਦਪੁਰਾ (ਫਗਵਾੜਾ) ਤੇ ਉਸ ਦੇ 2 ਹੋਰ ਸਾਥੀ ਰਾਜ ਕੁਮਾਰ ਉਰਫ ਰਾਜੂ ਪੁੱਤਰ ਮੁੰਨੀ ਲਾਲ ਵਾਸੀ ਅਮਾਈ ਕਾਜੀ (ਬਿਹਾਰ) ਹਾਲ ਵਾਸੀ ਗੋਬਿੰਦਪੁਰਾ (ਫਗਵਾੜਾ), ਬਬਲੂ ਗੁਪਤਾ ਪੁੱਤਰ ਭਗਨ ਗੁਪਤਾ ਵਾਸੀ ਮਜਾਊਆ (ਉੱਤਰ ਪ੍ਰਦੇਸ਼) ਹਾਲ ਵਾਸੀ ਮੁਹੱਲਾ ਗੋਬਿੰਦਪੁਰਾ ਫਗਵਾੜਾ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਤਿੰਨਾਂ ਨੇ ਆਪਣਾ ਜੁਰਮ ਕਬੂਲ ਕਰਦੇ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ ਰਾਮ ਸੁੰਦਰ ਦਾ ਕਤਲ ਰੱਸੀ ਨਾਲ ਗਲਾ ਘੁੱਟ ਕੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰਾਮ ਸੁੰਦਰ ਕੋਲੋਂ ਵਿਆਜ 'ਤੇ ਪੈਸੇ ਲਏ ਹੋਏ ਸਨ। ਰਾਮ ਸੁੰਦਰ ਅਕਸਰ ਰਾਜ ਕੁਮਾਰ, ਜੋ ਕਿ ਰਿਸ਼ਤੇ 'ਚ ਰਾਮ ਦਾ ਭਰਾ ਵੀ ਲੱਗਦਾ ਸੀ, ਦੀ ਗੈਰ-ਹਾਜ਼ਰੀ 'ਚ ਉਸ ਦੇ ਘਰ ਜਾਂਦਾ ਰਹਿੰਦਾ ਸੀ ਤੇ ਉਸ ਦੀ ਘਰਵਾਲੀ 'ਤੇ ਗਲਤ ਨਜ਼ਰ ਰੱਖਦਾ ਸੀ। ਰਾਜੂ ਨੇ ਵੀ ਇਕ ਵਾਰ ਉਸ ਨੂੰ ਆਪਣੀ ਘਰਵਾਲੀ ਨਾਲ ਛੇੜਛਾੜ ਕਰਦਿਆਂ ਦੇਖ ਲਿਆ ਸੀ, ਜਿਸ ਕਾਰਨ ਉਸ ਦੇ ਮਨ 'ਚ ਰਾਮ ਸੁੰਦਰ ਪ੍ਰਤੀ ਨਫ਼ਰਤ ਪੈਦਾ ਹੋ ਗਈ। ਰਾਮ ਸੁੰਦਰ ਅਕਸਰ ਹੀ ਪੈਸੇ ਨਾ ਮੋੜਨ ਕਾਰਨ ਉਕਤ ਤਿੰਨਾਂ 'ਤੇ ਅਦਾਲਤ 'ਚ ਕੇਸ ਕਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ । ਇਸ ਤੋਂ ਦੁਖੀ ਹੋ ਕੇ ਉਕਤ ਤਿੰਨਾਂ ਨੇ ਰਾਮ ਸੁੰਦਰ ਨੂੰ ਬੁਲਾਇਆ ਤੇ ਫਿਰ ਸਾਈਕਲਾਂ 'ਤੇ ਉਸ ਨੂੰ ਆਪਣੇ ਇਕ ਹੋਰ ਦੋਸਤ ਦੇ ਘਰ ਗੁਰਾਇਆ ਜਾਣ ਦਾ ਕਹਿ ਕੇ ਨਾਲ ਲੈ ਕੇ ਚੱਲ ਪਏ।
ਇਨ੍ਹਾਂ ਤਿੰਨਾਂ ਨੇ ਉਸ ਨੂੰ ਪਿੰਡ ਖੋਥੜਾਂ ਦੇ ਨਹਿਰ ਦੇ ਨਾਲ-ਨਾਲ ਲੱਗਦੇ ਖੇਤਾਂ 'ਚ ਸੁੰਨਸਾਨ ਥਾਂ 'ਤੇ ਪਹਿਲਾਂ ਸ਼ਰਾਬ ਪਿਲਾਈ ਤੇ ਨਸ਼ੇ ਦੀ ਹਾਲਤ 'ਚ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ। ਉਨ੍ਹਾਂ ਉਸ ਦੀ ਮ੍ਰਿਤਕ ਦੇਹ ਨੂੰ ਖਿੱਚ ਕੇ ਖੇਤਾਂ 'ਚ ਝਾੜੀਆਂ ਓਹਲੇ ਸੁੱਟ ਦਿੱਤਾ ਤੇ ਉਸ ਦਾ ਮੋਬਾਇਲ, ਪਰਸ ਨਾਲ ਲੈ ਗਏ। ਏ.ਐੱਸ.ਪੀ. ਸਿਰਤਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਹਿਰਾਮ ਪੁਲਸ ਤੇ ਸੀ.ਆਈ.ਏ. ਨਵਾਂਸ਼ਹਿਰ ਨੇ ਕੁਝ ਹੀ ਘੰਟਿਆਂ 'ਚ ਇਸ ਗੁੱਥੀ ਨੂੰ ਸੁਲਝਾਉਂਦਿਆਂ ਉਕਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
ਨਸ਼ੀਲੇ ਪਦਾਰਥ ਸਣੇ ਕਾਬੂ
NEXT STORY