ਕੁਝ ਸਮੇਂ ਤੋਂ ਇਹ ਰੁਝਾਨ ਚੱਲ ਪਿਆ ਹੈ ਕਿ ਅਪਰਾਧੀ ਬਿਰਤੀ ਦੇ ਲੋਕ ਘਰੇਲੂ ਨੌਕਰ-ਨੌਕਰਾਣੀ ਬਣ ਕੇ ਲੋਕਾਂ ਦੇ ਘਰਾਂ ’ਚ ਐਂਟਰੀ ਕਰਦੇ ਹਨ ਅਤੇ ਉਥੇ ਰੱਖੀ ਨਕਦੀ ਅਤੇ ਗਹਿਣਿਆਂ ਆਦਿ ਦਾ ਸੁਰਾਗ ਲਗਾਉਣ ਤੋਂ ਬਾਅਦ ਮੌਕਾ ਮਿਲਦੇ ਹੀ ਸਭ ਕੁਝ ਚੋਰੀ ਕਰਕੇ ਲੈ ਜਾਂਦੇ ਹਨ। ਕਈ ਵਾਰ ਤਾਂ ਅਜਿਹਾ ਕਰਦੇ ਸਮੇਂ ਉਹ ਆਪਣੇ ਮਾਲਕ ਜਾਂ ਮਾਲਕਣ ਦੀ ਹੱਤਿਆ ਵੀ ਕਰ ਦਿੰਦੇ ਹਨ। ਪਿਛਲੇ 4 ਮਹੀਨਿਆਂ ਦੀਆਂ ਅਜਿਹੀਆਂ ਹੀ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 7 ਸਤੰਬਰ, 2025 ਨੂੰ ‘ਨਵੀਂ ਦਿੱਲੀ’ ਦੀ ਬਾਰਾਖੰਭਾ ਰੋਡ ਥਾਣਾ ਪੁਲਸ ਨੇ ਇਕ ਵਿਅਕਤੀ ਦੇ ਘਰੇਲੂ ਨੌਕਰ ‘ਰਿੰਕੂ’ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਕੀਤੀਆਂ ਗਈਆਂ 5 ਅੰਗੂਠੀਆਂ, ਚਾਂਦੀ ਦੇ 50-50 ਗ੍ਰਾਮ ਦੇ ਤਿੰਨ ਬਿਸਕੁਟ, ਇਕ ਕੜਾ, ਦੋ ਕੰਗਨ, 56,800 ਰੁਪਏ ਨਕਦ ਅਤੇ ਕੁਝ ਵਿਦੇਸ਼ੀ ਕਰੰਸੀ ਬਰਾਮਦ ਕੀਤੀ।
* 3 ਅਕਤੂਬਰ, 2025 ਨੂੰ ‘ਗੁਰੂਗ੍ਰਾਮ’ (ਹਰਿਆਣਾ) ’ਚ ਭਾਜਪਾ ਦੀ ਜ਼ਿਲਾ ਮੀਤ ਪ੍ਰਧਾਨ ‘ਮਮਤਾ ਭਾਰਦਵਾਜ’ ਵਲੋਂ ਪਲੇਸਮੈਂਟ ਏਜੰਸੀ ਦੇ ਜ਼ਰੀਏ ਕੁਝ ਦਿਨ ਪਹਿਲਾਂ ਘਰ ਦੇ ਕੰਮ ਲਈ ਰੱਖੇ ਗਏ ਨੇਪਾਲੀ ਨੌਕਰ ਨੂੰ ਘਰੋਂ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
* 14 ਅਕਤੂਬਰ, 2025 ਨੂੰ ‘ਝੰੁਨਝੁਨੂੰ’ (ਰਾਜਸਥਾਨ) ਦੇ ‘ਸੂਰਜਗੜ੍ਹ’ ਕਸਬੇ ’ਚ ਇਕ ਵਪਾਰੀ ਦੇ ਘਰੋਂ ਲਗਭਗ 15 ਲੱਖ ਰੁਪਏ ਮੁੱਲ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਪੁਲਸ ਨੇ ਉਸ ਦੇ ਘਰੇਲੂ ਨੌਕਰ ‘ਕ੍ਰਿਸ਼ਨ ਕੁਮਾਰ’ ਅਤੇ ਉਸ ਦੇ ਸਾਥੀ ‘ਸੀਆਰਾਮ’ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ ਚੋਰਾਂ ਵਲੋਂ ਇਕ ਦਰੱਖਤ ਦੇ ਹੇਠਾਂ ਟੋਇਆ ਪੁੱਟ ਕੇ ਲੁਕਾਏ ਹੋਏ ਕੁਝ ਗਹਿਣੇ ਬਰਾਮਦ ਕਰ ਲਏ, ਜਦਕਿ ਕੁਝ ਗਹਿਣੇ ਉਹ ਫੜੇ ਜਾਣ ਤੋਂ ਪਹਿਲਾਂ ਹੀ ਵੇਚ ਚੁੱਕੇ ਸਨ।
* 21 ਨਵੰਬਰ, 2025 ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਘਰੇਲੂ ਨੌਕਰਾਣੀਆਂ ਬਣ ਕੇ ਲੋਕਾਂ ਦੇ ਘਰਾਂ ’ਚ ਚੋਰੀ ਕਰਨ ਦੇ ਦੋਸ਼ ’ਚ 2 ਸਕੀਆਂ ਭੈਣਾਂ ‘ਮਾਮੂਨੀ ਜਨਾ’ ਅਤੇ ‘ਆਸ਼ਾ’ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਉਨ੍ਹਾਂ ਕੋਲੋਂ ਲਗਭਗ 88 ਲੱਖ ਰੁਪਏ ਦੀ ਜਿਊਲਰੀ ਅਤੇ ਨਕਦੀ ਬਰਾਮਦ ਕੀਤੀ।
* 5 ਦਸੰਬਰ, 2025 ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਪੁਲਸ ਨੇ ਮਹਿਲਾ ਕਾਰੋਬਾਰੀ ‘ਆਰਤੀ ਸਾਂਘੀ’ ਦੇ ਘਰੋਂ 5 ਲੱਖ ਰੁਪਏ ਦਾ ਬ੍ਰੇਸਲੈੱਟ ਚੋਰੀ ਕਰਨ ਦੇ ਦੋਸ਼ ’ਚ ਉਸ ਦੇ ਘਰੇਲੂ ਨੌਕਰ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ।
* 27 ਦਸੰਬਰ, 2025 ਨੂੰ ‘ਦੁਰਗਾਪੁਰ’ (ਪੱਛਮੀ ਬੰਗਾਲ) ’ਚ ਇਕ ਬਜ਼ੁਰਗ ਔਰਤ ਦੇ ਘਰੋਂ 24,000 ਰੁਪਏ ਨਕਦ ਅਤੇ ਵੱਡੀ ਮਾਤਰਾ ’ਚ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਪੁਲਸ ਨੇ ਉਸ ਦੇ ਘਰੇਲੂ ਨੌਕਰ ‘ਸੰਜੇ ਓਝਾ’ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ। ‘ਸੰਜੇ’ ਨੇ ਘਰ ਦੀਆਂ ਚਾਬੀਆਂ ਅਤੇ ਸੁਰੱਖਿਆ ਵਿਵਸਥਾ ਤੋਂ ਭਲੀਭਾਂਤ ਜਾਣੂ ਹੋਣ ਦਾ ਲਾਭ ਉਠਾ ਕੇ ਇਹ ਕਰਤੂਤ ਕੀਤੀ।
* 30 ਦਸੰਬਰ, 2025 ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ‘ਦਿੱਲੀ ਜਲ ਬੋਰਡ’ ’ਚ ਤਾਇਨਾਤ ਇਕ ਅਧਿਕਾਰੀ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਦੋਸ਼ ’ਚ ਉਸ ਦੇ ਘਰੇਲੂ ਨੌਕਰ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 1.21 ਲੱਖ ਰੁਪਏ ਨਕਦ, ਹੀਰੇ ਅਤੇ ਸੋਨੇ ਦੇ ਗਹਿਣੇ, ਅੰਗੂਠੀਆਂ, ਮੰਗਲਸੂਤਰ, ਸਿੱਕਿਆਂ ਆਦਿ ਦੇ ਨਾਲ ਇਕ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤਾ।
* 31 ਦਸੰਬਰ, 2025 ਨੂੰ ‘ਨਵੀਂ ਦਿੱਲੀ’ ਦੇ ‘ਦੁਆਰਕਾ’ ’ਚ ਇਕ ਘਰ ’ਚ ਕੰਮ ਕਰਨ ਵਾਲੀ ‘ਕਿਰਨ’ ਨਾਂ ਦੀ ਔਰਤ ਨੂੰ ਉਸ ਵਲੋਂ ਚੋਰੀ ਕੀਤੇ ਗਏ 3.80 ਲੱਖ ਰੁਪਏ ਨਕਦ ਅਤੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਗ੍ਰਿਫਤਾਰ ਕੀਤਾ ਿਗਆ।
* ਅਤੇ ਹੁਣ 2 ਜਨਵਰੀ, 2026 ਨੂੰ ‘ਮੋਹਾਲੀ’ (ਪੰਜਾਬ) ’ਚ ਸਾਬਕਾ ਅੈਡੀਸ਼ਨਲ ਐਡਵੋਕੇਟ ਜਨਰਲ ‘ਕ੍ਰਿਸ਼ਨ ਕੁਮਾਰ ਗੋਇਲ’ ਦੀ ਪਤਨੀ ‘ਅਸ਼ੋਕ ਕੁਮਾਰੀ’ ਦੀ ਹੱਤਿਆ ਅਤੇ ਘਰ ’ਚੋਂ ਲਗਭਗ 8.5 ਲੱਖ ਰੁਪਏ ਨਕਦ ਅਤੇ 40 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਘਰੇਲੂ ਨੌਕਰ ‘ਨੀਰਜ’ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ 2 ਸਾਥੀਆਂ ਦੀ ਭਾਲ ਜਾਰੀ ਹੈ।
ਨੌਕਰ-ਨੌਕਰਾਣੀਆਂ ਦੇ ਪੂਰੇ ਅਤੇ-ਪਤੇ ਦੀ ਪੁਸ਼ਟੀ ਕੀਤੇ ਬਿਨਾਂ ਹੀ ਨੌਕਰੀ ’ਤੇ ਰੱਖ ਲੈਣ ਦੇ ਕਾਰਨ ਵਾਰਦਾਤ ਸੁਲਝਾਉਣ ’ਚ ਦਿੱਕਤ ਆਉਂਦੀ ਹੈ। ਜੇਕਰ ਪੁਲਸ ਦੇ ਰਿਕਾਰਡ ’ਚ ਅਜਿਹੇ ਲੋਕਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਰਹੇ ਤਾਂ ਉਨ੍ਹਾਂ ’ਤੇ ਪੁਲਸ ਦੀ ਤਿੱਖੀ ਨਜ਼ਰ ਰਹਿਣ ਦੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਦੀ ਸੰਭਾਵਨਾ ਕਾਫੀ ਵਧ ਸਕਦੀ ਹੈ।
ਇਸ ਲਈ ਨੌਕਰ ਰੱਖਣ ਤੋਂ ਪਹਿਲਾਂ ਪੁਲਸ ਨੂੰ ਸੂਚਨਾ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨਾਂ, ਪਤੇ, ਮੋਬਾਈਲ ਨੰਬਰ ਆਦਿ ਦੀ ਜਾਂਚ-ਪੜਤਾਲ ਕਰਵਾਉਣ ਅਤੇ ਜਾਗਰੂਕਤਾ ਵਰਤਣ ਨਾਲ ਘਰੇਲੂ ਨੌਕਰਾਣੀਆਂ ਵਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ।
–ਵਿਜੇ ਕੁਮਾਰ
ਕਾਂਗਰਸ ’ਚ ਜਥੇਬੰਦਕ ਸੁਧਾਰਾਂ ਲਈ ਉੱਠ ਰਹੀਆਂ ਅਵਾਜ਼ਾਂ
NEXT STORY