ਪਾਇਲ (ਵਿਨਾਇਕ) : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਪਾਇਲ ਦੇ 26 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ, ਜਦਕਿ ਉਸਦੇ ਨਾਲ ਮੋਟਰਸਾਈਕਲ ’ਤੇ ਸਵਾਰ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੰਨੀ ਕੁਮਾਰ (26) ਪੁੱਤਰ ਮਾਣੂ ਬਾਬਾ ਵਾਸੀ ਪਾਇਲ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਪਿੰਟੂ (25) ਵਾਸੀ ਪਾਇਲ ਵਜੋਂ ਦੱਸੀ ਜਾ ਰਹੀ ਹੈ। ਪਿੰਟੂ ਨੂੰ ਇਲਾਜ ਲਈ ਮੁਜ਼ੱਫਰਨਗਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਇਲ ਵਾਸੀ ਨੰਨੂ ਦੇ ਪਿਤਾ ਦੀ ਉੱਤਰ ਪ੍ਰਦੇਸ਼ ਵਿਚ ਮੌਤ ਹੋ ਗਈ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਪਾਇਲ ਤੋਂ ਸੰਨੀ ਕੁਮਾਰ ਅਤੇ ਪਿੰਟੂ ਆਪਣੇ ਹੋਰ ਸਾਥੀਆਂ ਸਮੇਤ ਉੱਤਰ ਪ੍ਰਦੇਸ਼ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਦੋਸਤ ਦੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਭੋਗ ਤੱਕ ਉੱਥੇ ਰੁਕਣ ਵਾਲੇ ਸਨ। ਜਾਣਕਾਰੀ ਮੁਤਾਬਕ ਅੰਤਿਮ ਸਸਕਾਰ ਦੀ ਰਸਮ ਪੂਰੀ ਕਰਨ ਉਪਰੰਤ ਸੰਨੀ ਕੁਮਾਰ ਅਤੇ ਪਿੰਟੂ ਮੋਟਰਸਾਈਕਲ ’ਤੇ ਵਾਪਸ ਜਾ ਰਹੇ ਸਨ। ਇਸ ਦੌਰਾਨ ਮੁਜ਼ੱਫਰਨਗਰ ਇਲਾਕੇ ਵਿਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਥਿਤ ਤੌਰ ’ਤੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸੰਨੀ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿੰਟੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ ਅਤੇ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੰਨੀ ਕੁਮਾਰ ਦਾ ਤਿੰਨ ਸਾਲਾ ਦਾ ਪੁੱਤਰ ਹੈ। ਇਸ ਤੋਂ ਇਲਾਵਾ ਉਸਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਨੌਜਵਾਨ ਦੀ ਅਚਾਨਕ ਮੌਤ ਨਾਲ ਉਸਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ। ਖ਼ਾਸ ਕਰਕੇ ਮ੍ਰਿਤਕ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੰਨੀ ਦੀ ਮੌਤ ’ਤੇ ਯਕੀਨ ਨਹੀਂ ਹੋ ਰਿਹਾ। ਹਾਦਸੇ ਦੀ ਖ਼ਬਰ ਪਾਇਲ ਪਹੁੰਚਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਪਰਿਵਾਰ ਵੱਲੋਂ ਸੰਨੀ ਦੀ ਮ੍ਰਿਤਕ ਦੇਹ ਨੂੰ ਪਾਇਲ ਲਿਆਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਆਜ਼ਾਦੀ ਦਿਹਾੜੇ ਮੌਕੇ ਪੁਲਸ ਵਲੋਂ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਜਾਂਚ
NEXT STORY