ਮੋਹਾਲੀ (ਪਰਦੀਪ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੇ ਆਪਣੇ ਪਿੰਡ ਰਾਏਪੁਰ (ਬੰਗਾ) ਜ਼ਿਲ੍ਹਾ ਨਵਾਂ ਸ਼ਹਿਰ ਦੇ ਸਰਕਾਰੀ ਸਕੂਲ ਤੋਂ ਤੂਤ ਥੱਲੇ ਬੈਠ ਕੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਪਿੰਡ ਤੋਂ 3 ਕਿਲੋਮੀਟਰ ’ਤੇ ਪੈਂਦੇ ਸਰਕਾਰੀ ਸਕੂਲ ਤੋਂ 10ਵੀਂ ਪਾਸ ਕੀਤੀ। ਉਹ ਹੁਣ ਤਕ ਨਵਾਂ ਸ਼ਹਿਰ, ਫਰੀਦਕੋਟ, ਸੰਗਰੂਰ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਮੈਨ, ਪ੍ਰਿੰਸੀਪਲ ਸਕੱਤਰ ਹੈਲਥ ਵਿਭਾਗ, ਸੋਸ਼ਲ ਸਕਿਓਰਿਟੀ, ਪੀ. ਡਬਲਯੂ. ਡੀ., ਸਕੂਲ ਐਜੂਕੇਸ਼ਨ, ਹਾਇਰ ਐਜੂਕੇਸ਼ਨ ਆਦਿ ਅਹੁਦਿਆਂ ’ਤੇ ਰਹਿ ਚੁੱਕੇ ਹਨ। ਪੇਸ਼ ਹਨ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨਾਲ ਗੱਲਬਾਤ ਦੇ ਅੰਸ਼ :
ਸਵਾਲ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਹੋਏ ਸਮਝੌਤੇ ਵਿਚ ਤੁਹਾਡੀ ਕੀ ਭੂਮਿਕਾ ਰਹੀ?
ਜਵਾਬ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਹੋਏ ਸਮਝੌਤੇ ਵਿਚ ਮੈਂ ਭਾਰਤ ਸਰਕਾਰ ਵਲੋਂ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਮੈਂ ਪਾਕਿਸਤਾਨ ਵਾਲੇ ਪਾਸੇ ਅਤੇ ਦਿੱਲੀ ਵਾਲੇ ਪਾਸੇ ਹੋਈਆਂ ਮੀਟਿੰਗਾਂ ਵਿਚ ਹਿੱਸਾ ਲਿਆ। ਸਮੁੱਚੇ ਸਿੱਖ ਜਗਤ ਦੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕੀਤਾ ਗਿਆ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ। ਆਪਣੀ ਇਸ ਨਿਗੂਣੀ ਜਿਹੀ ਭੂਮਿਕਾ ਨੂੰ ਨਿਭਾਉਣ ਤੋਂ ਬਾਅਦ ਮੈਂ ਖੁਦ ਨੂੰ ਵਡਭਾਗੀ ਸਮਝਦਾ ਹਾਂ।
ਸਵਾਲ : ਬਤੌਰ ਪ੍ਰਿੰਸੀਪਲ ਸਕੱਤਰ ਸਿਹਤ, ਕੋਰੋਨਾ ਵਾਇਰਸ ਰੂਪੀ ਮਹਾਮਾਰੀ ਨਾਲ ਨਜਿੱਠਣ ਸਮੇਂ ਤੁਹਾਨੂੰ ਕਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?
ਜਵਾਬ : ਮੇਰੇ 27 ਸਾਲਾਂ ਦੇ ਨੌਕਰੀ ਕਾਲ ਵਿਚ ਸਭ ਤੋਂ ਕਠਿਨ ਅਤੇ ਅਹਿਮ ਕੰਮ ਸੀ ਕੋਰੋਨਾ ਮੈਨੇਜ਼ਮੈਂਟ ਅਤੇ ਇਸ ਮਹਾਮਾਰੀ ਦੀ ਪਹਿਲੀ ਵੇਵ ਪੀਕ ’ਤੇ ਸੀ। ਮੈਂ ਪਹਿਲਾਂ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ ਵੀ ਕੰਮ ਕਰ ਚੁੱਕਾ ਸੀ ਅਤੇ ਇਸ ਬੀਮਾਰੀ ਦੌਰਾਨ ਲੋਕਾਂ ਦੀ ਹਰ ਹਾਲ ’ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਕੋਰੋਨਾ ਦੇ ਟੈਸਟ ਕਰਵਾਉਣ ਅਤੇ ਪਾਜ਼ੇਟਿਵ ਆਉਣ ਦੀ ਸੂਰਤ ਵਿਚ ਵਿਅਕਤੀ ਆਪਣੇ ਆਪ ਨੂੰ ਘਰ ਵਿਚ ਆਈਸੋਲੇਟ ਕਰ ਲਏ ਅਤੇ ਸਿਹਤ ਵਿਭਾਗ ਵੱਲੋਂ ਹਿਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ, ਇਸ ਦੇ ਲਈ ਸਿਹਤ ਵਿਭਾਗ ਵਲੋਂ ਘਰ ਵਿਚ ਬੈਠੇ ਪਾਜ਼ੇਟਿਵ ਮਰੀਜ਼ਾਂ ਦੇ ਲਈ 18 ਮੈਡੀਕਲ ਆਈਟਮਸ ਨਾਲ ਸਬੰਧ ਕੋਰੋਨਾ ਫਹਿਤ ਕਿੱਟ ਮੰਗਵਾਈ ਗਈ। ਸਿਹਤ ਵਿਭਾਗ ਦੀ ਪੂਰੀ ਟੀਮ ਨੇ ਇਸ ਕਠਿਨ ਦੌਰ ਵਿਚ ਦਿਨ-ਰਾਤ ਕੰਮ ਕੀਤਾ। ਇਸ ਦੌਰਾਨ ਲੋੜੀਂਦੇ ਸਾਮਾਨ ਦੀ ਖਰੀਦੋ-ਫਰੋਖਤ ਵਿਚ ਵੀ ਕਾਫੀ ਦਿੱਕਤ ਆ ਰਹੀ ਸੀ ਅਤੇ ਇਸੇ ਦੌਰਾਨ ਸਿਹਤ ਵਿਭਾਗ ਵਲੋਂ ਵੈਕਸੀਨ ਲਗਾਉਣ ਵਿਚ ਲੋਕਾਂ ਦੀ ਝਿਜਕ ਨੂੰ ਦੂਰ ਕਰਨ ਲਈ ਹੈਲਥ ਵਿਭਾਗ ਦੇ ਕਰਮਚਾਰੀਆਂ ਨੂੰ ਵੈਕਸੀਨ ਦੀ ਡੋਜ਼ ਲਗਵਾਈ ਗਈ।
ਸਵਾਲ : ਪੰਜਾਬ ਵਿਚ ਹੋਰਨਾਂ ਸੂਬਿਆਂ ਦੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ ਰਿਹਾ?
ਜਵਾਬ : ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 30 ਤੋਂ 35 ਫੀਸਦੀ ਮਰੀਜ਼ ਆਉਂਦੇ ਰਹੇ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਪੰਜਾਬ ਵਿਚ ਰੁਟੀਨ ਦੀ ਤਰ੍ਹਾਂ ਚੰਗੇ ਢੰਗ ਨਾਲ ਟਰੀਟ ਕੀਤਾ ਜਾਂਦਾ ਰਿਹਾ।
ਸਵਾਲ : ਜਨਗਣਨਾ ਸਰਵੇ ਸਬੰਧੀ ਤੁਹਾਨੂੰ ਰਾਸ਼ਟਰਪਤੀ ਵੱਲੋਂ ਮੈਡਲ ਮਿਲ ਚੁੱਕਾ ਹੈ, ਕੀ ਕਹਿਣਾ ਚਾਹੋਗੇ?
ਜਵਾਬ : ਜਨਗਣਨਾ ਜੋ ਕਿ 10 ਸਾਲਾਂ ਬਾਅਦ ਹੁੰਦੀ ਹੈ ਦਾ ਕੰਮ ਬੜੀ ਹੀ ਸੰਜੀਦਗੀ ਵਾਲਾ ਹੁੰਦਾ ਹੈ ਅਤੇ ਮੈਂ ਬਤੌਰ ਏ. ਡੀ. ਸੀ. ਫਰੀਦਕੋਟ ਆਪਣੀ ਟੀਮ ਨਾਲ ਮਿਲ ਕੇ 2001 ਵਿਚ ਜਨਗਣਨਾ ਦਾ ਕੰਮ ਨੇਪਰੇ ਚਾੜ੍ਹਿਆ, ਜਿਸ ਦੇ ਚਲਦਿਆਂ ਭਾਰਤ ਸਰਕਾਰ ਵਲੋਂ ਮੈਨੂੰ ਮੇਰੇ ਕੰਮ ਲਈ ਰਾਸ਼ਟਰਪਤੀ ਸਿਲਵਰ ਮੈਡਲ ਦਿੱਤਾ ਗਿਆ।
ਸਵਾਲ : ਨਵਾਂ ਸ਼ਹਿਰ ਵਿਚ ਐੱਨ. ਆਰ. ਆਈਜ਼ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਹੈ?
ਜਵਾਬ : ਨਵਾਂ ਸ਼ਹਿਰ ਜ਼ਿਲੇ ’ਚ ਮੈਂ ਐੱਨ. ਆਰ. ਆਈਜ਼ ਦੀਆਂ ਸਮੱਸਿਆਵਾਂ ਤੋਂ ਵਾਕਿਫ ਹਾਂ ਅਤੇ ਜਿਥੋਂ ਤਕ ਜ਼ਮੀਨ ਨਾਲ ਸਬੰਧਤ ਮਾਮਲਿਆਂ ਦੀ ਗੱਲ ਹੈ ਕਮਿਸ਼ਨ ਇਸ ਮਾਮਲੇ ਵਿਚ ਸਮੇਂ ਸਿਰ ਸਲਾਹ ਦੇ ਕੇ ਮਦਦ ਕਰ ਸਕਦਾ ਹੈ। ਇਸ ਜਾਂਚ ਵਿਚ ਆਉਂਦੇ ਹਰ ਵਿਅਕਤੀ ਖਿਲਾਫ ਸਮਾਂ ਰਹਿੰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਮਾਂ ਰਹਿੰਦਿਆਂ ਇਸ ਦਾ ਹੱਲ ਹੋਣਾ ਚਾਹੀਦਾ ਹੈ। ਜਿੱਥੋਂ ਤਕ ਸੰਭਵ ਹੋਵੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਬੰਧਤ ਮਾਮਲੇ ਸਬੰਧੀ ਬਕਾਇਦਾ ਸਬੰਧਤ ਐੱਨ. ਆਰ. ਆਈ. ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਨਾਲ ਸਬੰਧਤ ਮਾਮਲੇ ਦਾ ਹੱਲ ਹੋ ਗਿਆ ਹੈ ਜਾਂ ਨਹੀਂ।
ਸਵਾਲ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਮੈਨ ਦੇ ਤੌਰ ’ਤੇ ਕਾਰਜਕਾਲ ਦੌਰਾਨ ਤੁਸੀਂ ਸਰਟੀਫਿਕੇਟਾਂ ਵਿਚ ਸੋਧ ਕਰਨ ਲਈ ਕੀ ਸਕੀਮ ਚਲਾਈ ਸੀ?
ਜਵਾਬ : ਬਤੌਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਚੇਅਰਮੈਨ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਵਿਚ ਗਲਤੀਆਂ ਨੂੰ ਸੋਧਣ ਲਈ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਦੇ ਤਹਿਤ ਅਸੀਂ ਸਬੰਧਤ ਵਿਦਿਆਰਥੀ ਨੂੰ ਸਮਾਂ ਦਿੱਤਾ ਅਤੇ ਬੋਰਡ ਕੰਪਲੈਕਸ ਦੇ ਅੰਦਰ ਸਿੰਗਲ ਵਿੰਡੋ ਕਾਊਂਟਰ ਵੀ ਸ਼ੁਰੂ ਕੀਤੇ, ਤਾਂ ਕਿ ਕਿਸੇ ਨੂੰ ਵੀ ਆਪਣੇ ਕੰਮ ਦੇ ਲਈ ਬ੍ਰਾਂਚ ਵਿਚ ਜਾ ਕੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦਾ ਵਿਦਿਆਰਥੀਆਂ ਨੇ ਵੱਡੀ ਪੱਧਰ ’ਤੇ ਫਾਇਦਾ ਲਿਆ।
ਮੁੱਖ ਮੰਤਰੀ ਚੰਨੀ ਵੱਲੋਂ ਬਾਬਾ ਮਹਾਰਾਜ ਸਿੰਘ ਜੀ ਦੇ ਬੁੱਤ ਦਾ ਉਦਘਾਟਨ
NEXT STORY