ਨਾਭਾ (ਜੈਨ) : ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੀ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ੍ਹ ’ਚੋਂ ਪੰਜ ਮੋਬਾਈਲ, ਬੀੜੀਆਂ ਦੇ 25 ਪੈਕੇਟ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਦੀ ਕਿਰਕਿਰੀ ਹੋ ਰਹੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਅਨੁਸਾਰ ਤਿੰਨ ਚਾਰਜਰ, ਪੰਜ ਮੋਬਾਈਲ (ਕੀਪੈਡ ਜੀਓ, ਰੈਡਮੀ ਕੰਪਨੀ ਤੇ ਟੱਚ ਸਕਰੀਨ ਵਾਲੇ ਸਮੇਤ ਸਿਮ ਕਾਰਡ), 48 ਪੈਕੇਟ ਅੰਸ਼ਲੂ ਕੰਪਨੀ ਜਰਦਾ, 8 ਪੈਕੇਟ ਕੂਲਲਿਪ, 25 ਬੰਡਲ ਬੀੜੀਆਂ, ਦੋ ਡੱਬੀਆਂ ਸਿਗਰਟ ਤੇ 15 ਪੁੜੀਆਂ ਗਾਂਜੇ ਵਰਗੇ ਪੈਕੇਟ ਬਰਾਮਦ ਕੀਤੇ ਗਏ ਹਨ।
ਜੇਲ੍ਹ ਵਿਚ ਸਥਿਤ ਟਾਵਰ ਨੰ. 3 ਦੇ ਸੰਤਰੀ ਨੇ ਕੰਟਰੋਲ ਰੂਮ ’ਤੇ ਵਾਇਰਲੈੱਸ ਰਾਹੀਂ ਇਤਲਾਹ ਦਿੱਤੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜੇਲ੍ਹ ਦੀ ਕੰਧ ਤੋਂ ਬਾਹਰੋਂ ਕੋਈ ਨਜਾਇਜ਼ ਵਸਤੂ ਸੁੱਟੀ ਹੈ। ਬਾਅਦ ਵਿਚ ਤਲਾਸ਼ੀ ਦੌਰਾਨ ਛੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ਵਿਚ ਇਹ ਸਮਾਨ ਸੀ। ਵਰਨਣਯੋਗ ਹੈ ਕਿ ਜੇਲ੍ਹ ਦੀਆਂ ਕੰਧਾਂ ਬਹੁਤ ਉਚੀਆਂ ਹਨ। ਬਾਹਰੀ ਦੀਵਾਰ ਦੇ ਅੰਦਰ ਜੋ ਕੰਧਾਂ ਹਨ, ਉਹ ਵੀ ਉਚੀਆਂ ਹਨ, ਜਿਸ ਕਾਰਨ ਇਸ ਜੇਲ੍ਹ ਵਿਚ ਬਾਹਰੋਂ ਸਮਾਨ ਸੁੱਟਿਆ ਨਹੀਂ ਜਾ ਸਕਦਾ। ਜੇਲ੍ਹ ਪ੍ਰਸ਼ਾਸਨ ਵਲੋਂ ਪੁਲਸ ਨੂੰ ਵੀ ਇਤਲਾਹ ਬਹੁਤ ਦੇਰੀ ਨਾਲ ਦਿੱਤੀ ਗਈ, ਜਿਸ ਨੇ ਜੇਲ੍ਹ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।
ਕੋਤਵਾਲੀ ਪੁਲਸ ਦੇ ਐਸ. ਐਚ. ਓ. ਮੋਹਨ ਸਿੰਘ ਅਨੁਸਾਰ ਅਣਪਛਾਤੇ ਕੈਦੀਆਂ/ਹਵਾਲਾਤੀਆਂ ਖ਼ਿਲਾਫ਼ ਧਾਰਾ 52 ਏ ਪ੍ਰੀਜ਼ਨ ਐਕਟ ਅਤੇ 20 ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ਸੁਪਰਡੈਂਟ ਦਾ ਰੈਂਕ ਡੀ. ਐਸ. ਪੀ. ਤੋਂ ਸੀਨੀਅਰ ਹੈ। ਵਾਰ-ਵਾਰ ਮੋਬਾਈਲ/ਨਸ਼ਾ ਸਮੱਗਰੀ ਬਰਾਮਦ ਹੋਣ ਕਾਰਨ ਪ੍ਰਸ਼ਾਸ਼ਨ ਸਵਾਲਾਂ ਦੇ ਘੇਰੇ ਵਿਚ ਹੈ। ਪਿਛਲੇ ਚਾਰ ਦਿਨਾਂ ਦੌਰਾਨ 16 ਮੋਬਾਈਲਾਂ ਦੇ ਬਰਾਮਦ ਹੋਣ ਨਾਲ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੂਤਰਾਂ ਅਨੁਸਾਰ ਨਵੇਂ ਐਸ. ਐਸ. ਪੀ. ਹਰਚਰਨ ਸਿੰਘ ਭੁੱਲਰ ਨੇ ਕਮਾਂਡੋਜ਼ ਸਮੇਤ ਭਾਰੀ ਪੁਲਸ ਫੋਰਸ ਨਾਲ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੀ ਚੈਕਿੰਗ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ।
ਚਾਰ ਜਥੇਬੰਦੀਆਂ ਵਲੋਂ ‘ਪੰਜਾਬ ਮੁਕਤੀ ਮੋਰਚਾ’ ਦਾ ਗਠਨ, ਕੀਤੇ ਵੱਡੇ ਐਲਾਨ
NEXT STORY