ਅੰਮ੍ਰਿਤਸਰ, (ਦਲਜੀਤ)- ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਖਿਲਾਫ ਡਾਕਟਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਬਿੱਲ ਦੇ ਵਿਰੋਧ ਵਿਚ ਅੱਜ ਸਿਹਤ ਵਿਭਾਗ ਦੇ ਡਾਕਟਰਾਂ ਨੇ 2 ਘੰਟੇ ਲਈ ਕਲਮ-ਛੋੜ ਹੜਤਾਲ ਕਰ ਕੇ ਬਿੱਲ ਦਾ ਵਿਰੋਧ ਕੀਤਾ। ਡਾਕਟਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਬਿੱਲ ਨੂੰ ਨਾ ਰੋਕਿਆ ਗਿਆ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਹਸਪਤਾਲਾਂ 'ਚ ਅੱਜ ਜਗ੍ਹਾ-ਜਗ੍ਹਾ ਬਿੱਲ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਸਿਵਲ ਹਸਪਤਾਲ ਵਿਚ ਅੱਜ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾ. ਰਜਿੰਦਰ ਅਰੋੜਾ, ਡਾ. ਸੰਦੀਪ ਅਗਰਵਾਲ, ਡਾ. ਗੁਰਜਿੰਦਰ, ਡਾ. ਸਰਤਾਜ ਸਿੰਘ, ਡਾ. ਵਿਜੇ ਕੁਮਾਰ, ਡਾ. ਸ਼ਾਲੂ ਅਗਰਵਾਲ, ਡਾ. ਮੋਨਾ ਆਦਿ ਮੌਜੂਦ ਸਨ। ਡਾਕਟਰਾਂ ਨੇ ਕਿਹਾ ਕਿ ਪੀ. ਐੱਮ. ਟੀ. ਵਿਚ ਸਖਤ ਮਿਹਨਤ ਕਰ ਕੇ ਸਾਢੇ 5 ਸਾਲ ਪੜ੍ਹਾਈ ਕਰਨ ਤੋਂ ਬਾਅਦ ਐੱਮ. ਬੀ. ਬੀ. ਐੱਸ. ਦੀ ਡਿਗਰੀ ਮਿਲਦੀ ਹੈ। ਡਿਗਰੀ ਹਾਸਲ ਕਰਨ ਲਈ 18 ਤਰ੍ਹਾਂ ਦੀ ਪ੍ਰੀਖਿਆ ਦੇਣੀ ਹੁੰਦੀ ਹੈ। ਸਖਤ ਪ੍ਰੀਖਿਆ ਤੋਂ ਬਾਅਦ ਡਾਕਟਰ ਬਣਦਾ ਹੈ ਪਰ ਭਾਰਤ ਸਰਕਾਰ ਉਕਤ ਡਾਕਟਰਾਂ ਨਾਲ ਬੇਇਨਸਾਫ਼ੀ ਕਰਦੀ ਹੋਈ ਹੋਮਿਓਪੈਥਿਕ ਅਤੇ ਆਯੁਰਵੈਦਿਕ ਡਾਕਟਰਾਂ ਨੂੰ ਇਨ੍ਹਾਂ ਦੇ ਬਰਾਬਰ ਕਰ ਰਹੀ ਹੈ ਤੇ ਹੋਮਿਓਪੈਥਿਕ ਅਤੇ ਆਯੁਰਵੈਦਿਕ ਡਾਕਟਰਾਂ ਨੂੰ 6 ਮਹੀਨੇ ਦਾ ਬ੍ਰਿਜ ਕੋਰਸ ਕਰਵਾ ਕੇ ਐੱਮ. ਬੀ. ਬੀ. ਐੱਸ. ਡਾਕਟਰਾਂ ਦੀਆਂ ਸ਼ਕਤੀਆਂ ਦੇਣ ਜਾ ਰਹੀ ਹੈ।
ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਮੁੱਖ ਬਾਡੀ ਮੈਡੀਕਲ ਕੌਂਸਲ ਆਫ ਇੰਡੀਆ ਜਿਸ ਵਿਚ ਡਾਕਟਰਾਂ ਦੇ ਚੁਣੇ ਹੋਏ ਅਹੁਦੇਦਾਰ ਸ਼ਾਮਲ ਹੁੰਦੇ ਹਨ, ਨੂੰ ਭੰਗ ਕਰ ਕੇ ਨੈਸ਼ਨਲ ਮੈਡੀਕਲ ਕਮਿਸ਼ਨ ਬਣਾਉਣ ਜਾ ਰਹੀ ਹੈ। ਇਸ ਕਮਿਸ਼ਨ ਵਿਚ ਡਾਕਟਰਾਂ ਦਾ ਕੋਈ ਵੀ ਅਹੁਦੇਦਾਰ ਨਹੀਂ ਹੋਵੇਗਾ, ਜਦੋਂ ਕਿ ਸਰਕਾਰ ਦੇ ਚਹੇਤੇ ਅਧਿਕਾਰੀ ਇਸ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉਪਰੋਕਤ ਬਿੱਲ ਆਉਣ ਨਾਲ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨਾਲ ਸਰਾਸਰ ਧੋਖਾ ਹੋਵੇਗਾ ਤੇ ਉਨ੍ਹਾਂ ਦਾ ਭਵਿੱਖ ਖਤਰੇ ਵਿਚ ਹੋਵੇਗਾ। ਆਯੁਰਵੈਦਿਕ ਅਤੇ ਹੋਮਿਓਪੈਥਿਕ ਐੱਮ. ਬੀ. ਬੀ. ਐੱਸ. ਦੇ ਬਰਾਬਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਖਿਲਾਫ ਭੜਕੇ ਡਾਕਟਰ
NEXT STORY