ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ 'ਚ ਆਲ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਡਾਕਟਰਾਂ ਨੇ ਅੱਜ ਕੰਮਕਾਜ ਠੱਪ ਰੱਖ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਲੀਨਿਕ, ਓ. ਪੀ. ਡੀ. ਤੇ ਜਨਰਲ ਸੇਵਾਵਾਂ ਠੱਪ ਰੱਖ ਕੇ 'ਕਾਲਾ ਦਿਵਸ' ਮਨਾਇਆ ਗਿਆ।
ਸਰਕਾਰੀ ਸੰਸਥਾਵਾਂ 'ਚ ਕੰਮ ਕਰਨ ਨਾਲੇ ਡਾਕਟਰਾਂ ਸਮੇਤ ਆਈ.ਐੱਮ.ਏ. ਦੇ ਡਾਕਟਰਾਂ ਨੇ ਅੱਜ ਸਵੇਰੇ ਡੀ.ਸੀ. ਕੰਪਲੈਕਸ ਦੇ ਬਾਹਰ ਬੀ.ਡੀ.ਓ. ਦਫਤਰ ਦੇ ਨਜ਼ਦੀਕ ਇਕੱਠ ਨੂੰ ਸੰਬੋਧਨ ਕਰਦਿਆਂ ਨਵ-ਨਿਯੁਕਤ ਆਈ.ਐੱਮ.ਏ. ਦੇ ਪ੍ਰਧਾਨ ਡਾ. ਰਵਿੰਦਰ ਕਾਰਾ, ਜਨਰਲ ਸਕੱਤਰ ਡਾ. ਜੇ. ਐੱਸ. ਸੰਧੂ ਤੇ ਡਾ. ਪਰਮਜੀਤ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਲਾਗੂ ਕੀਤਾ ਜਾ ਰਿਹਾ ਐਕਟ ਮੈਡੀਕਲ ਪ੍ਰੋਫੈਸ਼ਨ ਤੇ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਜਿਥੇ ਮੈਡੀਕਲ ਸਿੱਖਿਆ ਮਹਿੰਗੀ ਹੋਵੇਗੀ ਉਥੇ ਹੀ ਮਰੀਜ਼ਾਂ ਲਈ ਇਲਾਜ ਵੀ ਮਹਿੰਗਾ ਹੋ ਜਾਵੇਗਾ।
ਬਿੱਲ ਮੁਤਾਬਕ ਐਲੋਪੈਥਿਕ, ਆਯੁਰਵੈਦਿਕ ਤੇ ਹੋਮਿਓਪੈਥਿਕ ਦੀ ਪ੍ਰੈਕਟਿਸ ਕਰਨ ਵਾਲੇ ਡਾਕਟਰਜ਼ 6 ਮਹੀਨੇ ਦਾ ਬ੍ਰਿਜ ਕੋਰਸ ਕਰ ਕੇ ਐਲੋਪੈਥੀ ਦਵਾਈਆਂ ਵੀ ਮਰੀਜ਼ਾਂ ਨੂੰ ਲਿਖ ਸਕਣਗੇ, ਜਿਸ ਨਾਲ ਉਕਤ ਤਿੰਨਾਂ ਸਾਇੰਸਿਜ਼ ਦੇ ਇਕੱਠੇ ਆ ਜਾਣ ਨਾਲ ਮਰੀਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਸ ਗੈਰ-ਸੰਵਿਧਾਨਕ ਤੇ ਜਨ ਵਿਰੋਧੀ ਬਿੱਲ ਨੂੰ ਦਰਕਿਨਾਰ ਕਰਨ ਦੀ ਮੰਗ ਕੀਤੀ ਹੈ। ਉਪਰੰਤ ਆਈ.ਐੱਮ.ਏ. ਦੇ ਵਫਦ ਨੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਡਾ. ਦਿਨੇਸ਼ ਵਰਮਾ, ਡਾ. ਪਵਨ ਕੁਮਾਰ, ਡਾ. ਅਮਰਿੰਦਰ ਸੈਣੀ, ਡਾ. ਸੂਦਨ, ਡਾ. ਕੁਲਵਿੰਦਰ ਮਾਨ, ਡਾ. ਜਗਮੋਹਣ ਪੁਰੀ, ਡਾ. ਜਸਵਿੰਦਰ ਸਿੰਘ, ਡਾ. ਨੀਲਮ ਸੈਣੀ, ਡਾ. ਊਸ਼ਾ, ਡਾ. ਹਰਵਿੰਦਰ ਸਿੰਘ, ਡਾ. ਨਵਰੀਤ ਕੌਰ, ਡਾ. ਜੀ.ਐੱਸ. ਸੇਠੀ, ਡਾ. ਦਪਿੰਦਰ ਸੰਧੂ, ਡਾ. ਏ. ਕੇ. ਰਾਜਪਾਲ, ਡਾ. ਰਾਜੇਸ਼ ਭਾਟੀਆ ਆਦਿ ਹਾਜ਼ਰ ਸਨ।
ਰੂਪਨਗਰ, (ਵਿਜੇ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਨੈਸ਼ਨਲ ਬ੍ਰਾਂਚ ਦੇ ਸੱਦੇ 'ਤੇ ਰੂਪਨਗਰ ਦੇ ਸਾਰੇ ਪ੍ਰਾਈਵੇਟ ਡਾਕਟਰਾਂ ਨੇ ਡੀ. ਸੀ. ਆਫਿਸ 'ਚ ਜਾ ਕੇ ਡਿਪਟੀ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਦਿੱਤਾ, ਜਿਸ 'ਚ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਲੋਕ ਸਭਾ 'ਚ ਪੇਸ਼ ਕਰਨ ਦਾ ਵਿਰੋਧ ਕੀਤਾ ਗਿਆ।
ਆਈ.ਐੱਮ.ਏ. ਪ੍ਰਧਾਨ ਡਾ. ਅਜੇ ਜਿੰਦਲ ਦਾ ਕਹਿਣਾ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਮਾਲਕਾਂ ਦੇ ਦਬਾਅ ਕਾਰਨ ਪਾਸ ਕੀਤਾ ਜਾ ਰਿਹਾ ਹੈ। ਇਸ 'ਚ ਨਿੱਜੀ ਮੈਡੀਕਲ ਕਾਲਜਾਂ ਨੂੰ 60 ਫੀਸਦੀ ਆਪਣੀ ਮਰਜ਼ੀ ਨਾਲ ਫੀਸ ਨਿਰਧਾਰਤ ਕਰਨ ਦਾ ਪ੍ਰਾਵਧਾਨ ਹੈ। ਇਸ ਤੋਂ ਇਲਾਵਾ ਨਵੇਂ ਮੈਡੀਕਲ ਗ੍ਰੈਜੂਏਟ ਨੂੰ ਭਾਰਤ 'ਚ ਪ੍ਰੈਕਟਿਸ ਕਰਨ ਲਈ ਭਾਰਤ 'ਚ ਇਕ ਨਵੇਂ ਐਗਜ਼ਿਟ ਇਗਜ਼ਾਮ ਨੂੰ ਪਾਸ ਕਰਨ ਦਾ ਪ੍ਰਾਵਧਾਨ ਹੈ, ਜੋ ਕਿ ਮੈਡੀਕਲ ਗ੍ਰੈਜੂਏਟਸ 'ਚ ਮਾਨਸਿਕ ਤਣਾਅ ਪੈਦਾ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦੇਸ਼ਾਂ ਦੇ ਮੈਡੀਕਲ ਕਾਲਜਾਂ 'ਚ ਪਾਸ ਵਿਦਿਆਰਥੀਆਂ ਨੂੰ ਹੁਣ ਕੋਈ ਇਗਜ਼ਾਮ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਹ ਖੁੱਲ੍ਹੇ ਤੌਰ 'ਤੇ ਪ੍ਰੈਕਟਿਸ ਕਰ ਸਕਦੇ ਹਨ। ਇਸ ਮੌਕੇ ਡਾ. ਆਰ. ਐੱਸ. ਪਰਮਾਰ, ਡਾ. ਭਾਨੂੰ ਪਰਮਾਰ, ਡਾ. ਦੇਵ, ਡਾ. ਧਵਨ, ਡਾ. ਪੰਨੂੰ, ਡਾ. ਮਿਸੇਜ਼ ਪੰਨੂੰ, ਡਾ. ਗੋਪੀਨਾਥ, ਡਾ. ਰਾਮ ਕੁਮਾਰ, ਡਾ. ਸੁਸ਼ੀਲ, ਡਾ. ਕਿਰਨਜੀਤ, ਡਾ. ਸੁਰਜੀਤ ਸਿੰਘ, ਡਾ. ਅਜੇ ਜਿੰਦਲ ਅਤੇ ਡਾ. ਸਮੀਰ ਵੀ ਮੌਜੂਦ ਸਨ।
ਬੰਗਾ, (ਭਟੋਆ)-ਬੰਗਾ ਇਕਾਈ ਵੱਲੋਂ ਡਾ. ਨਿਰੰਜਣ ਪਾਲ ਦੀ ਪ੍ਰਧਾਨਗੀ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਸ਼ੀਪਾਲ ਤਹਿਸੀਲਦਾਰ ਬੰਗਾ ਰਾਹੀਂ ਮੰਗ ਪੱਤਰ ਭੇਜਿਆ। ਡਾ. ਨਿਰੰਜਣ ਪਾਲ ਨੇ ਦੱਸਿਆ ਕਿ ਇਸ ਬਿੱਲ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋਣਗੀਆਂ, ਜੋ ਕਿਸੇ ਦੇ ਹਿੱਤ 'ਚ ਨਹੀਂ ਹਨ।
ਕਾਠਗੜ੍ਹ, (ਰਾਜੇਸ਼)-ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਇਕਾਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਬਲਾਚੌਰ ਦੇ ਐੱਮ.ਐੱਲ.ਏ. ਦਰਸ਼ਨ ਲਾਲ ਮੰਗੂਪੁਰ ਨੂੰ ਇਕ ਮੰਗ ਪੱਤਰ ਦਿੱਤਾ, ਜੋ ਉਨ੍ਹਾਂ ਦੁਆਰਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਮਾਣਯੋਗ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਭੇਜਿਆ ਜਾਵੇਗਾ। ਇਸ ਦੌਰਾਨ ਬਲਾਕ ਕਾਠਗੜ੍ਹ, ਬਲਾਚੌਰ, ਸੜੋਆ ਤੇ ਜਾਡਲਾ ਦੇ ਡਾਕਟਰ ਮੌਜੂਦ ਸਨ, ਜਿਨ੍ਹਾਂ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਸੁਰਿੰਦਰ ਲਾਲ ਜੈਨਪੁਰੀ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਟਾਲ-ਮਟੋਲ ਵਾਲੀ ਨੀਤੀ ਛੱਡ ਦੇਣੀ ਚਾਹੀਦੀ ਹੈ ਤੇ ਜੋ ਵੋਟਾਂ ਦੌਰਾਨ ਵਾਅਦੇ ਕੀਤੇ ਸੀ, ਉਹ ਜਲਦੀ ਪੂਰੇ ਕਰਨੇ ਚਾਹੀਦੇ ਹਨ। ਤਜਰਬੇ ਦੇ ਆਧਾਰ 'ਤੇ ਯੋਗ ਐੱਮ.ਪੀ.ਐੱਲ.ਪੀ. ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਤੇ ਬਾਹਰਲਿਆਂ ਸੂਬਿਆਂ ਤੇ ਰਜਿਸਟਰਡ ਡਾਕਟਰਾਂ ਨੂੰ ਪੰਜਾਬ 'ਚ ਮਾਨਤਾ ਦਾ ਅਧਿਕਾਰ ਦਿੱਤਾ ਜਾਵੇ।
ਇਸ ਮੌਕੇ ਬਲਾਚੌਰ ਦੇ ਪ੍ਰਧਾਨ ਡਾ. ਮੰਗਤ ਰਾਏ, ਜਾਡਲਾ ਦੇ ਪ੍ਰਧਾਨ ਡਾ. ਅਵਤਾਰ ਸਿੰਘ, ਕਾਠਗੜ੍ਹ ਦੇ ਪ੍ਰਧਾਨ ਡਾ. ਰਜਿੰਦਰ ਲੱਕੀ, ਸੜੋਆ ਦੇ ਪ੍ਰਧਾਨ ਡਾ. ਜਸਵੀਰ ਗੜ੍ਹੀ, ਡਾ. ਹੈਪੀਮਾਨ, ਡਾ. ਸੁਰਿੰਦਰ ਕਟਾਰੀਆ, ਡਾ. ਜਗੀਰ ਸਿੰਘ, ਡਾ. ਰਾਮਪਾਲ ਚੀਮਾ, ਡਾ. ਪਵਨ ਕੁਮਾਰ, ਡਾ. ਰਾਜਪਾਲ ਚਾਹਲ, ਡਾ. ਚਰਨਜੀਤ ਆਦਿ ਹਾਜ਼ਰ ਸਨ।
2 ਬੱਚਿਆਂ ਦੇ ਪਿਉ ਨੇ ਕੀਤੀ ਖੁਦਕੁਸ਼ੀ
NEXT STORY