ਲੁਧਿਆਣਾ (ਮੁੱਲਾਂਪੁਰੀ)-ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਸਦੀ ਧੀ ਪ੍ਰਿਯੰਕਾ ਗਾਂਧੀ ਨਾਲ ਪੰਜਾਬ ਦੇ ਸਾਬਕਾ ਵਜ਼ੀਰ ਅਤੇ ਤੇਜ਼-ਤਰਾਰ ਭਵਿੱਖ ਦੇ ਵੱਡੇ ਆਗੂ ਵਜੋਂ ਦੇਖੇ ਜਾ ਰਹੇ ਨਵਜੋਤ ਸਿੰਘ ਸਿੱਧੂ ਦੀ ਦਿੱਲੀ ’ਚ ਮਿਲਣੀ ਨੂੰ ਲੈ ਕੇ ਭਾਵੇਂ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ ਪਰ ਦਿੱਲੀ ਤੋਂ ਅਤਿ ਭਰੋਸੇਯੋਗ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਸਿੱਧੂ ਦੇ ਮੂੰਹ ਨੂੰ ਛੇਤੀ ਹੀ ਵੱਡਾ ਸਿਆਸੀ ਛੁਹਾਰਾ ਲੱਗਣ ਵਾਲਾ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਸਿੱਧੂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਗੱਲ ਲਗਭਗ ਮੁੱਕ ਚੁੱਕੀ ਹੈ ਅਤੇ ਫਿਰ ਉਸ ਤੋਂ ਬਾਅਦ ਇਸ ਸਾਲ ਦੇ ਅੰਤ ਵਿਚ ਅਤੇ ਜਾਂ ਚੜ੍ਹਦੇ ਸਾਲ ਪੰਜਾਬੀਆਂ ਅਤੇ ਆਮ ਲੋਕਾਂ ਦੇ ਜੋ ਦਿਲ ਦੀ ਗੱਲ ਹੈ, ਕਾਂਗਰਸ ਪਾਰਟੀ ਉਸ ’ਤੇ ਮੋਹਰ ਲਾ ਕੇ ਉਸਨੂੰ ਵੱਡੀ ਕੁਰਸੀ ਦੇ ਸਕਦੀ ਹੈ ਕਿਉਂਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੇ ਹਾਲਾਤ ਜ਼ਿਆਦਾ ਚੰਗੇ ਨਾ ਹੋਣ ਕਰ ਕੇ ਅਜੇ ਕਾਂਗਰਸ ਧੀਮੀ ਗਤੀ ਨਾਲ ਚੱਲਣ ਨੂੰ ਪਹਿਲ ਦੇਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ ’ਚੋਂ ਅਕਾਲੀ ਨੇਤਾਵਾਂ ਦਾ ਉਤਰਣਾ ਅਜੇ ਰੁਕ ਨਹੀਂ ਰਿਹਾ ਅਤੇ ‘ਆਪ’ ਵਾਲੇ ਵੀ ਝਾੜੂ ਦਾ ਤੀਲਾ-ਤੀਲਾ ਇਕੱਠਾ ਕਰਨ ਦੀ ਅਜੇ ਤਿਆਰੀ ’ਚ ਨਹੀਂ ਦਿਸ ਰਹੇ।
ਇਸ ਲਈ ਸੂਤਰਾਂ ਨੇ ਦੱਸਿਆ ਕਿ ਇਸ ਸਾਲ ਭਾਵੇਂ ਪੰਜਾਬ ਵਿਚ ਰਾਜਸੀ ਗਤੀਵਿਧੀਆਂ ਦੀ ਸਪੀਡ ਮੱਧਮ ਹੋਵੇਗੀ ਪਰ ਚੜ੍ਹਦੇ ਸਾਲ 2021 ਵਿਚ ਸਾਰੀਆਂ ਰਾਜਸੀ ਪਾਰਟੀਆਂ ਜ਼ਿੰਦਗੀ-ਮੌਤ ਦਾ ਸਵਾਲ ਬਣਾ ਸਕਦੀਆਂ ਹਨ ਪਰ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਕਾਂਗਰਸ ਇਸ ਸਾਲ ਦੇ ਅੰਤ ਵਿਚ ਜਾਂ ਨਵੇਂ ਸਾਲ ’ਚ ਜੇਕਰ ਸਿੱਧੂ ਨੂੰ ਥਾਪੜਾ ਦੇ ਦਿੱਤਾ ਗਿਆ ਤਾਂ ਪੰਜਾਬ ਵਿਚ ਆਪ ਅਤੇ ਅਕਾਲੀਆਂ ਦੇ ਮੁਕਾਬਲੇ ਕਾਂਗਰਸ ਸਿੱਧੂ ਨੂੰ ਆਪਣੇ ਰੱਥ ਦਾ ਰੱਥਵਾਨ ਬਣਾ ਕੇ ਜਾਂ ਰਾਜਸੀ ਟਿੱਕਾ ਲਾ ਕੇ 2022 ਵਿਚ ਰਾਜਸੀ ਜੱਫਾ ਭਰਨ ਲਈ ਮੈਦਾਨ ’ਚ ਉਤਾਰ ਸਕਦੀ ਹੈ। ਜੱਫਾ ਕਿਸ ਪਾਰਟੀ ਨਾਲ ਲੱਗੇਗਾ, ਉਹ ਸਭ ਕੁਝ ਅਜੇ ਭਵਿੱਖ ਦੇ ਗਰਭ ਵਿਚ ਪਲ ਰਿਹਾ ਹੈ।
19108 ਸਰਕਾਰੀ ਸਕੂਲ ਬਣਾਉਣਗੇ ਆਪਣਾ ਫੇਸਬੁੱਕ ਪੇਜ, ਅਪਲੋਡ ਕਰਨੀ ਹੋਵੇਗੀ ਅਚੀਵਮੈਂਟ
NEXT STORY