ਸੁਲਤਾਨਪੁਰ ਲੋਧੀ ( ਸੋਢੀ )— ਸੁਲਤਾਨਪੁਰ ਲੋਧੀ ਵਿਖੇ ਬੀਤੇ ਦਿਨੀਂ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਵਿਖੇ ਸੁਪਰ ਸਪੈਸ਼ਲਿਟੀ ਹਸਪਤਾਲ, ਜਲੰਧਰ-ਕਪੂਰਥਲਾ ਸੜਕ ਅਤੇ ਪਹਿਲਾਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਦੇ ਸਮਾਂਬੱਧ ਢੰਗ ਨਾਲ ਪੂਰਾ ਹੋਣ ਦੇ ਅਹਿਮ ਐਲਾਨ ਕੀਤੇ ਗਏ। ਇਸ ਸਬੰਧੀ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਸਭ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਸੀ ਪਰ ਮੀਡੀਆ ਦੇ ਇਕ ਹਿੱਸੇ ਵੱਲੋਂ ਇਸ ਸਬੰਧੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਜਿਸ 'ਚ ਨਵਤੇਜ ਸਿੰਘ ਚੀਮਾ ਦੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਉਨ੍ਹਾਂ ਨਾਲ ਨਰਾਜ਼ਗੀ ਦੀ ਗੱਲ ਦੱਸੀ ਗਈ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਜਿਦ ਬਣਾ ਕੇ ਮੁੱਖ ਮੰਤਰੀ ਦੀ ਮੀਟਿੰਗ 'ਚ ਨਾ ਜਾਣ ਦੀ ਚਰਚਾ ਕੀਤੀ ਗਈ। ਨਵਤੇਜ ਸਿੰਘ ਚੀਮਾ ਨੇ ਇਸ ਬਾਰੇ ਆਪਣਾ ਸਪੱਸ਼ਟੀਕਰਨ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦਾ ਪਿਓ-ਪੁੱਤ ਵਾਲਾ ਰਿਸ਼ਤਾ ਹੈ ਅਤੇ ਉਹ ਉਨਾਂ ਦਾ ਦਿਲੋਂ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੀ ਉਨ੍ਹਾਂ ਨੇ ਤਿੰਨ ਵਾਰ ਲਗਾਤਾਰ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ 'ਚ ਰਿਪੋਰਟ ਤੱਥਾਂ ਤੋਂ ਹਟ ਕੇ ਹੈ। ਜਿੱਥੋਂ ਤੱਕ ਮੀਟਿੰਗ 'ਚ ਜਾਣ ਦੀ ਗੱਲ ਹੈ ਤਾਂ ਜਦ ਵੀ ਕੈਬਨਿਟ ਦੀ ਮੀਟਿੰਗ ਚੱਲਦੀ ਹੋਵੇ ਤਾਂ ਉਸ 'ਚ ਕੋਈ ਵੀ ਵਿਧਾਇਕ ਸੰਵਿਧਾਨਕ ਤੌਰ 'ਤੇ ਸ਼ਾਮਲ ਨਹੀਂ ਹੋ ਸਕਦਾ ਸਗੋਂ ਪੰਜਾਬ ਮੰਤਰੀ ਮੰਡਲ ਦੇ ਮੰਤਰੀ ਹੀ ਉਸ ਮੀਟਿੰਗ 'ਚ ਮੁੱਖ ਮੰਤਰੀ ਦੇ ਨਾਲ ਬੈਠਕ 'ਚ ਸ਼ਾਮਲ ਹੋ ਸਕਦੇ ਹਨ। ਚੀਮਾ ਨੇ ਕਿਹਾ ਕਿ ਇਸੇ ਵਜਾ ਕਰਕੇ ਉਹ ਮੀਟਿੰਗ ਵਾਲੀ ਜਗਾ 'ਤੇ 12 ਵਜੇ ਤੋਂ ਬਾਅਦ ਪਹੁੰਚੇ ਸਨ ਤਾਂ ਕਿ ਕੈਬਨਿਟ ਮੀਟਿੰਗ ਦੀ ਕਾਰਵਾਈ ਪੂਰੀ ਹੋ ਜਾਵੇ। ਚੀਮਾ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਲਈ ਉਨ੍ਹਾਂ ਸ਼ਤਾਬਦੀ ਸਮਾਗਮਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੋਲ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ ਸੀ ਨਾ ਕਿ ਕਿਸੇ ਨਰਾਜ਼ਗੀ ਦੇ ਤੌਰ 'ਤੇ, ਜਿਸ ਨੂੰ ਮੁੱਖ ਮੰਤਰੀ ਨੇ ਇਸ ਕੈਬਨਿਟ ਮੀਟਿੰਗ 'ਚ ਮੰਨ ਲਿਆ ਅਤੇ ਇਸ ਦਾ ਉਨਾਂ ਰਸਮੀ ਐਲਾਨ ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਦੌਰਾਨ ਕੀਤਾ। ਮੁੱਖ ਮੰਤਰੀ ਨੇ ਬਕਾਇਦਾ ਪੱਤਰਕਾਰਾਂ ਨੂੰ ਵੀ ਦੱਸਿਆ ਕਿ ਇਹ ਉਨਾਂ ਦੇ ਸੁਲਤਾਨਪੁਰ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਮੰਗ ਸੀ, ਜਿਸ ਨੂੰ ਉਨ੍ਹਾਂ ਦੀ ਸਿਫਾਰਸ਼ 'ਤੇ ਕੈਬਨਿਟ ਨੇ ਮੰਨ ਲਿਆ ਹੈ, ਜਿਸ ਦੌਰਾਨ ਮੈਂ (ਨਵਤੇਜ ਸਿੰਘ ਚੀਮਾ) ਖੁਦ ਉਨਾਂ ਨਾਲ ਮੌਜੂਦ ਸੀ। ਇਸ ਕਰਕੇ ਕਿਸੇ ਵੀ ਤਰਾਂ ਦੀ ਨਰਾਜ਼ਗੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਚੀਮਾ ਨੇ ਕਿਹਾ ਕਿ ਇਸ ਰਿਪੋਰਟ 'ਚ ਸਥਿਤੀ ਨੂੰ ਹੋਰ ਸ਼ੱਕ 'ਚ ਪਾਉਣ ਲਈ ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਸਮੇਂ 'ਚ ਵੱਖ-ਵੱਖ ਮੰਤਰੀਆਂ ਦੇ ਦੌਰਿਆਂ 'ਤੇ ਮੇਰੀ (ਨਵਤੇਜ ਚੀਮਾ) ਦੀ ਗੈਰਹਾਜ਼ਰੀ ਨੂੰ ਮੰਤਰੀਆਂ ਨਾਲ ਨਾਰਾਜ਼ਗੀ ਦੱਸ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ, ਜਦਕਿ ਇਸ ਦੀ ਸੱਚਾਈ ਇਹ ਹੈ ਕਿ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਪ੍ਰਬੰਧ ਵੀ ਕਾਫੀ ਵੱਡੇ ਪੱਧਰ 'ਤੇ ਕਰਨੇ ਹਨ। ਇਸ ਕਰਕੇ ਹਰ ਮੌਕੇ 'ਤੇ ਜਦ ਵੀ ਕੋਈ ਮੰਤਰੀ ਸਾਥੀ ਆਵੇ, ਉਥੇ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਸਰਕਾਰ ਦੇ ਸਾਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਪਰ ਕਦੇ ਵੀ ਗੈਰਹਾਜ਼ਰੀ ਦਾ ਕਾਰਨ ਨਰਾਜ਼ਗੀ ਜਾਂ ਮਨ-ਮੁਟਾਵ ਨਹੀਂ ਰਿਹਾ।
ਚੀਮਾ ਨੇ ਕਿਹਾ ਕਿ ਜਿਥੋਂ ਤੱਕ ਇਸ ਰਿਪੋਰਟ 'ਚ ਨਸ਼ਿਆਂ ਖਿਲਾਫ ਆਵਾਜ਼ ਉਠਾਉਣ ਦੀ ਗੱਲ ਕੀਤੀ ਗਈ ਹੈ ਤਾਂ ਮਾਣਯੋਗ ਮੁੱਖ ਮੰਤਰੀ ਦੇ ਸੂਬਾ ਪੰਜਾਬ 'ਚ ਨਸ਼ੇ ਦੇ ਖਾਤਮੇ ਦੇ ਐਲਾਨ ਨੂੰ ਮੁੱਖ ਰੱਖ ਕੇ ਉਹ ਹਮੇਸ਼ਾ ਆਵਾਜ਼ ਬੁਲੰਦ ਰੱਖਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਹਲਕੇ ਦੀ ਗੱਲ ਹੋਵੇ ਜਾਂ ਗੁਆਂਢੀ ਹਲਕਿਆਂ ਦੀ ਪਰ ਇਸ ਪਿੱਛੇ ਕਿਸੇ ਵੀ ਤਰਾਂ ਦੀ ਸਿਆਸੀ ਖਾਰਬਾਜ਼ੀ ਨਹੀਂ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹਰ ਵਿਧਾਇਕ, ਮੰਤਰੀ ਅਤੇ ਆਮ ਨਾਗਰਿਕ ਦਾ ਫਰਜ਼ ਹੈ ਅਤੇ ਇਸ ਨੂੰ ਸਿਆਸੀ ਤਸਵੀਰ ਬਣਾ ਕੇ ਪੇਸ਼ ਕਰਨਾ ਗਲਤ ਹੈ।
ਭਾਈ ਲੌਂਗੋਵਾਲ ਨੇ ਕੈਪਟਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੰਨਣ ਦੀ ਕੀਤੀ ਅਪੀਲ
NEXT STORY