ਨਵਾਂਸ਼ਹਿਰ (ਤ੍ਰਿਪਾਠੀ) : ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ ਇਕ ਅਧਖੜ ਉਮਰ ਦੇ ਵਿਅਕਤੀ ਨੂੰ 1 ਦੇਸੀ ਪਿਸਤੌਲ ਅਤੇ 1 ਜ਼ਿੰਦਾ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਜਸਵੀਰ ਸਿੰਘ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਕਰੀਮਪੁਰ ਤੋਂ ਹੁੰਦੇ ਹੋਏ ਜੇਠੂਮਜਾਰਾ ਵੱਲ ਜਾ ਰਹੀ ਸੀ ਕਿ ਦੂਜੇ ਪਾਸੇ ਤੋਂ ਪੈਦਲ ਆ ਰਿਹਾ ਇਕ ਅਧਖੜ ਉਮਰ ਦਾ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਬਚਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਤੋਂ ਇਕ ਦੇਸੀ ਪਿਸਤੌਲ ਅਤੇ 1 ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਬਲਵੀਰ ਰਾਮ ਉਰਫ ਕੋਕਾ ਵਾਸੀ ਜੇਠੂ ਮਜਾਰਾ ਦੇ ਤੌਰ 'ਤੇ ਕੀਤੀ ਗਈ । ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ 'ਚ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
1 ਸਾਲ ਪਹਿਲਾਂ ਯੂ.ਪੀ. ਤੋਂ ਖਰੀਦਿਆ ਸੀ ਪਿਸਤੌਲ
ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੇ ਪੁਲਸ ਜਾਂਚ 'ਚ ਖੁਲਾਸਾ ਕੀਤਾ ਹੈ ਕਿ ਉਸ ਨੇ ਉਕਤ ਪਿਸਤੌਲ ਸ਼ੌਕਿਆ 1 ਸਾਲ ਪਹਿਲਾਂ ਯੂ.ਪੀ. ਦੇ ਇਕ ਵਿਅਕਤੀ ਤੋਂ ਲਿਆ ਸੀ, ਹੁਣ ਉਸ ਦੀ ਮੌਤ ਹੋ ਚੁੱਕੀ ਹੈ। ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY