ਪਟਿਆਲਾ (ਪਰਮੀਤ) - ਪਟਿਆਲਾ ਜ਼ਿਲੇ 'ਚ ਪਿਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 68 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਮਰੀਜ਼ਾਂ ਦੀ ਕੁੱਲ ਗਿਣਤੀ 915 'ਤੇ ਪੁੱਜ ਗਈ ਹੈ। ਇਹ ਆਪਣੇ-ਆਪ 'ਚ ਰਿਕਾਰਡ ਹੈ ਕਿ ਰੋਜ਼ਾਨਾ ਵੱਡੀ ਗਿਣਤੀ 'ਚ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਲਈ ਇਸ ਮਹਾਮਾਰੀ ਵਾਲੀ ਸਥਿਤੀ ਨਾਲ ਨਜਿੱਠਣਾ ਟੇਢੀ ਖੀਰ ਸਾਬਤ ਹੋ ਰਿਹਾ ਹੈ। ਇਸ ਗੱਲੋਂ ਬੇਸ਼ੱਕ ਸ਼ੁਰੂਆਤੀ ਦੌਰ ਵਿਚ ਇਨ੍ਹਾਂ ਬੀਮਾਰੀਆਂ ਨੂੰ ਨੱਥ ਪਾਉਣ ਵਾਸਤੇ ਵੱਡੀ ਯੋਜਨਾਬੰਦੀ ਨਾਲ ਕੰਮ ਕੀਤਾ ਗਿਆ ਸੀ ਪਰ ਕੁਦਰਤ ਦੀ ਕਰੋਪੀ ਅੱਗੇ ਮਨੁੱਖੀ ਦੀ ਯੋਜਨਾਬੰਦੀ ਬੁਰੀ ਤਰ੍ਹਾਂ ਫੇਲ ਨਜ਼ਰ ਆਈ ਹੈ।
ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਸਭਾ 'ਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾਬੰਦੀ
ਇਸ ਦੌਰਾਨ ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਸਭਾ ਵੇਲੇ ਵਿਦਿਆਰਥੀਆਂ ਨੂੰ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਵਾਉਣ ਵਾਸਤੇ ਯੋਜਨਾਬੰਦੀ ਕੀਤੀ ਗਈ। ਇਸ ਤੋਂ ਇਲਾਵਾ ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਵੱਲੋਂ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਤੇ ਜ਼ਿਲਾ ਪ੍ਰੋਗਰਾਮ ਅਫਸਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਦੋਂ ਵੀ ਪ੍ਰਭਾਵਿਤ ਏਰੀਏ ਦਾ ਸਰਵੇ ਕੀਤਾ ਜਾਂਦਾ ਹੈ ਤਾਂ ਲੋਕਾਂ ਦੇ ਘਰਾਂ ਵਿਚ ਪਾਣੀ ਦੇ ਕੰਟੇਨਰਾਂ ਵਿਚ ਡੇਂਗੂ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਹਰ ਰੋਜ਼ ਸਵੇਰ ਦੀ ਪ੍ਰਾਰਥਨਾ ਸਮੇਂ ਬੱਚਿਆਂ ਨੂੰ ਆਪਣੇ ਘਰਾਂ 'ਚ ਮਾਤਾ-ਪਿਤਾ ਦੇ ਸਹਿਯੋਗ ਨਾਲ ਹਫਤੇ ਵਿਚ ਇਕ ਵਾਰ ਕੂਲਰਾਂ ਦਾ ਪਾਣੀ ਕੱਢਣ, ਫਰਿੱਜਾਂ ਦੀਆਂ ਟਰੇਆਂ ਨੂੰ ਸਾਫ ਕਰਨ ਅਤੇ ਘਰਾਂ 'ਚ ਆਲੇ-ਦੁਆਲੇ ਜਾਂ ਛੱਤਾਂ 'ਤੇ ਪਏ ਟੁੱਟੇ-ਫੁੱਟੇ ਭਾਂਡਿਆਂ ਨੂੰ ਖਾਲੀ ਕਰ ਕੇ ਮੂਧਾ ਮਾਰਨ ਸਬੰਧੀ ਜਾਗਰੂਕ ਕਰਨ। ਨਾਲ ਹੀ ਬੱਚਿਆਂ ਨੂੰ ਮੱਛਰਾਂ ਦੇ ਡੰਗ ਤੋਂ ਬਚਣ ਲਈ ਪੂਰਾ ਸਰੀਰ ਢਕਣ ਵਾਲੇ ਕੱਪੜੇ ਪਾ ਕੇ ਰੱਖਣ ਲਈ ਕਿਹਾ ਜਾਵੇ।
ਉਨ੍ਹਾਂ ਕਿਹਾ ਕਿਉਂਕਿ ਇਹ ਮੱਛਰ ਸਾਫ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਜ਼ਿਲਾ ਪ੍ਰੋਗਰਾਮ ਅਫਸਰ ਨੇ ਕਿਹਾ ਕਿ ਉਹ ਆਂਗਣਵਾੜੀ ਵਰਕਰਾਂ ਰਾਹੀ ਡੇਂਗੂ ਮੱਛਰਾਂ ਦੀ ਰੋਕਥਾਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਾਲ ਹੀ ਇਹ ਜਾਣਕਾਰੀ ਦਿੱਤੀ ਜਾਵੇ ਕਿ ਡੇਂਗੂ ਬੁਖਾਰ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਇਸ ਦੀ ਜਾਂਚ ਤੇ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫਤ ਕੀਤਾ ਜਾਂਦਾ ਹੈ।
ਮੀਟਿੰਗ 'ਚ ਜ਼ਿਲਾ ਸਿੱਖਿਆ ਸੈਕੰਡਰੀ ਤੋਂ ਡਿਪਟੀ ਡੀ. ਈ. ਓ. ਮਨਜੀਤ ਸਿੰਘ, ਜ਼ਿਲਾ ਸਿੱਖਿਆ ਵਿਭਾਗ ਪ੍ਰਾਇਮਰੀ ਤੋਂ ਡਿਪਟੀ ਡੀ. ਈ. ਓ. ਮਧੂ ਬਰੂਆ, ਇਸਤਰੀ ਤੇ ਬਾਲ ਵਿਭਾਗ ਤੋਂ ਸੀ. ਡੀ. ਪੀ. ਓ. ਮਧੂ ਬਾਲਾ, ਬਲਜੀਤ ਕੌਰ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਸੁਧਾ ਗਰੋਵਰ, ਸਹਾਇਕ ਸਿਹਤ ਅਫਸਰ ਡਾ. ਮਲਕੀਤ ਸਿੰਘ, ਜ਼ਿਲਾ ਐਪੀਡੋਮਾਲੋਜਿਸਟ ਡਾ. ਗੁਰਮਨਜੀਤ ਕੌਰ, ਸਕੂਲ ਹੈਲਥ ਅਫਸਰ ਡਾ. ਨਿਧੀ ਵਰਮਾ ਤੇ ਕ੍ਰਿਸ਼ਨ ਕੁਮਾਰ ਜ਼ਿਲਾ ਮਾਸ ਮੀਡੀਆ ਅਫਸਰ ਹਾਜ਼ਰ ਹੋਏ।
ਕੇਵਲ ਧਾਲੀਵਾਲ ਨੂੰ 'ਭਰਤ ਮੁਨੀ ਮੰਚ ਸਮਰਾਟ ਐਵਾਰਡ' ਪ੍ਰਦਾਨ
NEXT STORY