ਪਟਿਆਲਾ/ਭਾਦਸੋਂ (ਬਲਜਿੰਦਰ, ਹਰਦੀਪ) - ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਆਪਣੇ ਜੱਦੀ ਜ਼ਿਲੇ ਵਿਚ ਕਣਕ ਦੀ ਖਰੀਦ ਦਾ ਕੰਮ ਪੱਛੜ ਚੁੱਕਾ ਹੈ। ਕਈ ਖਰੀਦ ਸੈਂਟਰਾਂ ਵਿਚ ਅਜੇ ਤੱਕ ਬਾਰਦਾਨਾ ਨਹੀਂ ਪਹੁੰਚਿਆ। ਵਿਸ਼ੇਸ਼ ਤੌਰ 'ਤੇ ਪਨਸਪ ਅਤੇ ਵੇਅਰ ਹਾਊਸ ਖਰੀਦ ਏਜੰਸੀਆਂ ਵੱਲੋਂ ਬਾਰਦਾਨਾ ਸਮੁੱਚੀਆਂ ਮੰਡੀਆਂ ਵਿਚ ਸਹੀ ਤਰੀਕੇ ਨਾਲ ਨਹੀਂ ਪਹੁੰਚਾਇਆ ਜਾ ਰਿਹਾ, ਜਿਸ ਕਾਰਨ ਮੁੱਖ ਮੰਤਰੀ ਦੇ ਆਪਣੇ ਜ਼ਿਲੇ ਵਿਚ ਖਰੀਦ ਪੂਰੀ ਤਰ੍ਹਾਂ ਪੱਛੜ ਕੇ ਰਹਿ ਗਈ ਹੈ। ਲੌਟ ਪ੍ਰਚੇਜ਼ ਸੈਂਟਰ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਉਥੇ ਸਮੁੱਚੀ ਮੰਡੀ 'ਚ ਕਣਕ ਦੀਆਂ ਢੇਰੀਆਂ ਲੱਗੀਆਂ ਹੋਈਆਂ ਹਨ। ਖਰੀਦ ਏਜੰਸੀ ਵੇਅਰ ਹਾਊਸ ਵੱਲੋਂ ਬਾਰਦਾਨਾ ਹੀ ਨਹੀਂ ਪਹੁੰਚਾਇਆ ਜਾ ਰਿਹਾ, ਜਿਸ ਕਾਰਨ ਇੱਥੇ ਖਰੀਦ ਨਾ ਦੇ ਬਰਾਬਰ ਹੈ।
ਇਸ ਮੌਕੇ ਸੁਰਜੀਤ ਸਿੰਘ, ਅਮਰ ਸਿੰਘ, ਮਹਿੰਦਰ ਸਿੰਘ, ਰਾਮ ਲਾਲ, ਹਰਫੂਲ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਮੇਜਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਰੁਲਣ ਲਈ ਮਜਬੂਰ ਹਨ। ਸਰਕਾਰ ਵੱਲੋਂ ਇਕ ਪਾਸੇ 24 ਘੰਟਿਆਂ 'ਚ ਖਰੀਦ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਕਿਸਾਨ ਪਿਛਲੇ ਇਕ ਹਫਤੇ ਤੋਂ ਜ਼ਿਆਦਾ ਤੋਂ ਇਥੇ ਮੰਡੀ ਵਿਚ ਰੁਲਣ ਲਈ ਮਜਬੂਰ ਹਨ। ਜਦੋਂ ਵੀ ਕਦੇ ਆ ਕੇ ਖਰੀਦ ਬਾਰੇ ਪੁੱਛਿਆ ਜਾਂਦਾ ਹੈ ਤਾਂ ਬਾਰਦਾਨਾ ਨਾ ਹੋਣ ਦੀ ਗੱਲ ਆਖ ਕੇ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ। ਇਕ ਪਾਸੇ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇ ਆਪਣੇ ਜ਼ਿਲੇ ਦੀਆਂ ਮੰਡੀਆਂ ਵਿਚ ਕਿਸਾਨ ਦਿਨਾਂਬੱਧੀ ਨਹੀਂ, ਸਗੋਂ ਹਫਤਿਆਂਬੱਧੀ ਰੁਲਣ ਲਈ ਮਜਬੂਰ ਹਨ।
ਇਸੇ ਤਰ੍ਹਾਂ ਪਨਸਪ ਅਤੇ ਵੇਅਰ ਹਾਊਸ ਖਰੀਦ ਏਜੰਸੀਆਂ ਵੱਲੋਂ ਬਾਰਦਾਨਾ ਨਾ ਭੇਜਣ ਦੀਆਂ ਕਈ ਸੈਂਟਰਾਂ ਤੋਂ ਸੂਚਨਾਵਾਂ ਆ ਰਹੀਆਂ ਹਨ। ਕਣਕ ਦੀ ਖਰੀਦ ਦਾ ਕੰਮ ਪੱਛੜਦਾ ਜਾ ਰਿਹਾ ਹੈ। ਦੂਜੇ ਪਾਸੇ ਲਿਫਟਿੰਗ ਦਾ ਰੇੜਕਾ ਵੀ ਅਜੇ ਵਿਚਕਾਰ ਹੀ ਹੈ। ਜ਼ਿਆਦਾ ਮੰਡੀਆਂ 'ਚੋਂ ਲਿਫਟਿੰਗ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਜਿਹੜੀਆਂ ਮੰਡੀਆਂ ਵਿਚ ਖਰੀਦ ਹੋਈ ਵੀ ਹੈ, ਉਥੇ ਕਣਕ ਇਸੇ ਤਰ੍ਹਾਂ ਪਈ ਹੈ। ਨਵੀਂ ਅਨਾਜ ਮੰਡੀ ਪਟਿਆਲਾ ਦੇ ਸ਼ੈੱਡਾਂ ਦੇ ਹੇਠਾਂ ਪੂਰੀ ਤਰ੍ਹਾਂ ਕਣਕ ਦੇ ਅੰਬਾਰ ਲੱਗੇ ਹੋਏ ਹਨ ਪਰ ਲਿਫਟਿੰਗ ਕਿਤੇ ਹੁੰਦੀ ਨਾਂਹ ਦੇ ਬਰਾਬਰ ਦਿਖਾਈ ਦੇ ਰਹੀ ਹੈ।
ਮੌਸਮ ਮਾਹਰਾਂ ਨੇ ਵਧਾਈ ਕਿਸਾਨਾਂ ਦੀ ਚਿੰਤਾ
ਮੌਸਮ ਮਾਹਰਾਂ ਵੱਲੋਂ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਕਣਕ ਦੀ ਢਿੱਲੀ ਖਰੀਦ ਦੇ ਕਾਰਨ ਜਿੱਥੇ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ, ਉਥੇ ਮੌਸਮ ਮਾਹਰਾਂ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ 16 ਤੇ 17 ਅਪ੍ਰੈਲ ਨੂੰ ਫਿਰ ਤੋਂ ਮੌਸਮ ਖਰਾਬ ਹੋ ਸਕਦਾ ਹੈ, ਜਿਸ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਇਕ ਵਾਰ ਫਿਰ ਤੋਂ ਵਧ ਗਈ ਹੈ।
ਇਕ ਦੋ ਦਿਨ 'ਚ ਪਹੁੰਚ ਜਾਵੇਗਾ ਬਾਰਦਾਨਾ : ਇੰਸ. ਅਮਿਤ ਕੁਮਾਰ
ਲੌਟ ਮੰਡੀ ਵਿਖੇ ਬਾਰਦਾਨਾ ਨਾ ਪਹੁੰਚਣ ਬਾਰੇ ਵੇਅਰ ਹਾਊਸ ਦੇ ਇੰਸਪੈਕਟਰ ਅਮਿਤ ਕੁਮਾਰ ਨੇ ਕਿਹਾ ਕਿ ਬਾਰਦਾਨਾ ਇਕ-ਦੋ ਦਿਨ ਵਿਚ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰ ਕੇ ਬਾਰਦਾਨਾ ਨਹੀਂ ਪਹੁੰਚ ਸਕਿਆ ਸੀ ਪਰ ਹੁਣ ਸਾਰਾ ਪ੍ਰਬੰਧ ਹੋ ਚੁੱਕਾ ਹੈ। ਖਰੀਦ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਲਚਕਾਣੀ 'ਚ 53 ਵਿਘੇ ਕਣਕ ਤੇ 63 ਵਿਘੇ ਨਾੜ ਸੜ ਕੇ ਸੁਆਹ
NEXT STORY