ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਪੰਜਾਬ ਦਾ ਭਾਵੇਂ ਮਾਲਵਾ ਖੇਤਰ ਹੈ ਅਤੇ ਭਾਵੇਂ ਮਾਝਾ ਜਾਂ ਦੋਆਬਾ, ਕਿਤੇ ਵੀ ਟਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸੜਕਾਂ 'ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਵੱਧ ਰਹੇ ਹਾਦਸਿਆਂ ਦਾ ਕਾਰਨ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੀ ਹੈ ਪਰ ਸਭ ਆਪੋ-ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਜ਼ਿਆਦਾਤਰ ਹਾਦਸੇ ਸੜਕਾਂ 'ਤੇ ਚੱਲ ਰਹੇ ਓਵਰਲੋਡ ਵਾਹਨਾਂ ਦੇ ਕਾਰਨ ਹੀ ਵਾਪਰਦੇ ਹਨ ਪਰ ਇਸ ਦੇ ਬਾਵਜੂਦ ਨਾ ਤਾਂ ਕਾਨੂੰਨ ਦੇ ਰਖਵਾਲੇ ਕਾਨੂੰਨ ਦੀ ਸਹੀ ਪਾਲਣਾ ਕਰਦੇ ਹਨ ਅਤੇ ਨਾ ਹੀ ਓਵਰਲੋਡ ਵਾਹਨਾਂ ਦੇ ਚਾਲਕ ਕਾਨੂੰਨ ਦੇ ਡੰਡੇ ਦੀ ਪ੍ਰਵਾਹ ਕਰਦੇ ਹਨ। ਇਹ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਬੇਹੱਦ ਕੀਮਤੀ ਜਾਨਾਂ ਸੜਕ ਹਾਦਸਿਆਂ 'ਚ ਅਜਾਈਂ ਜਾ ਰਹੀਆਂ ਹਨ, ਜੇਕਰ ਕਾਨੂੰਨ ਦਾ ਡੰਡਾ ਸਖਤ ਹੋਵੇ ਤਾਂ ਗਲਤੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਪਰ ਇੱਥੇ ਤਾਂ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਅਤਿ ਗੰਭੀਰ ਮਾਮਲੇ ਸਬੰਧੀ 'ਜਗ ਬਾਣੀ' ਵੱਲੋਂ ਇਸ ਹਫ਼ਤੇ ਦੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਮੋਟਰ ਵ੍ਹੀਕਲ ਐਕਟ-2015 ਹੈ ਲਾਗੂ
ਪੰਜਾਬ ਵਿਚ ਭਾਵੇਂ ਮੋਟਰ ਵ੍ਹੀਕਲ ਐਕਟ-2015 ਲਾਗੂ ਹੈ ਅਤੇ ਇਸ ਐਕਟ ਤਹਿਤ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਫਿਰ ਵੀ ਸਰਕਾਰ ਅਤੇ ਪੁਲਸ ਵੱਲੋਂ ਸਖ਼ਤੀ ਨਹੀਂ ਕੀਤੀ ਜਾ ਰਹੀ, ਜਿੰਨੇ ਕਸੂਰਵਾਰ ਸੜਕਾਂ 'ਤੇ ਓਵਰਲੋਡ ਵਾਹਨ ਚਲਾਉਣ ਵਾਲੇ ਚਾਲਕ ਹਨ, ਉਨਾ ਹੀ ਕਸੂਰਵਾਰ ਪੁਲਸ ਪ੍ਰਸ਼ਾਸਨ ਵੀ ਹੈ।
ਵਾਹਨਾਂ 'ਚ ਸਾਮਾਨ ਲੱਦਣ ਦੀ ਕੋਈ ਸੀਮਾ ਨਹੀਂ
ਭਾਵੇਂ ਟਰੈਫਿਕ ਨਿਯਮਾਂ ਵਾਲੇ ਕਾਨੂੰਨ ਅਨੁਸਾਰ ਕਿਸੇ ਵੀ ਵਾਹਨ 'ਤੇ ਚਾਹੇ ਉਹ ਟਰੱਕ, ਟੈਂਪੂ, ਟਰਾਲੀ ਆਦਿ ਹੋਵੇ, ਉਸ 'ਚ ਬਾਡੀ ਤੋਂ ਉੱਪਰ ਕੁਝ ਵੀ ਸਾਮਾਨ ਨਹੀਂ ਰੱਖਿਆ ਜਾ ਸਕਦਾ ਹੈ। ਇਹ ਕਾਨੂੰਨੀ ਜੁਰਮ ਹੈ। ਬੱਸਾਂ, ਟਰੱਕਾਂ, ਕਾਰਾਂ, ਜੀਪਾਂ, ਟੈਂਪੂਆਂ, ਟੈਕਸੀਆਂ ਆਦਿ 'ਤੇ ਮਨਜ਼ੂਰਸ਼ੁਦਾ ਸੀਟਾਂ ਤੋਂ ਸਿਵਾਏ ਵਾਧੂ ਸਵਾਰੀਆਂ ਨੂੰ ਬੈਠਾਉਣਾ ਵੀ ਗੈਰ-ਕਾਨੂੰਨੀ ਹੈ ਪਰ ਇੱਥੇ ਨਾ ਤਾਂ ਵਾਹਨਾਂ 'ਚ ਸਾਮਾਨ ਲੱਦਣ ਵਾਲਿਆਂ ਦੀ ਕੋਈ ਸੀਮਾ ਹੈ ਅਤੇ ਨਾ ਹੀ ਸਵਾਰੀਆਂ ਚੜ੍ਹਾਉਣ ਵਾਲੇ ਕੋਈ ਗਿਣਤੀ-ਮਿਣਤੀ ਰੱਖਦੇ ਹਨ। ਬੱਸ ਤੂੜੀ ਵਾਂਗ ਭਰ ਕੇ ਤੁਰ ਪੈਂਦੇ ਹਨ ਅਤੇ ਕਾਨੂੰਨ ਦੀ ਪ੍ਰਵਾਹ ਕੋਈ ਨਹੀਂ ਕਰ ਕਰਦਾ।
ਓਵਰਲੋਡ ਵਾਹਨ ਬਣਦੇ ਨੇ ਹਾਦਸਿਆਂ ਦਾ ਮੁੱਖ ਕਾਰਨ
ਵਾਹਨਾਂ ਉੱਪਰ ਹੱਦ ਨਾਲੋਂ ਵੱਧ ਲੱਦ ਕੇ ਲਿਜਾਏ ਜਾ ਰਹੇ ਲੋਹੇ ਦੇ ਸਰੀਏ ਅਤੇ ਲੱਕੜਾਂ ਆਦਿ ਸੜਕ ਹਾਦਸਿਆਂ ਦਾ ਮੁੱਖ ਕਾਰਨ ਬਣਦੇ ਹਨ ਕਿਉਂਕਿ ਪਿੱਛੇ ਨੂੰ ਵਧੇ ਹੋਏ ਸਰੀਏ ਕਰ ਕੇ ਹਾਦਸੇ ਜ਼ਿਆਦਾ ਵਾਪਰਦੇ ਹਨ। ਰਾਤ ਵੇਲੇ ਤਾਂ ਅਜਿਹੇ ਵਾਹਨ ਸੜਕਾਂ 'ਤੇ ਹੋਰ ਵੀ ਖਤਰਨਾਕ ਸਾਬਤ ਹੁੰਦੇ ਹਨ। ਕਈ ਵਾਰ ਪਾਈਪਾਂ ਨਾਲ ਲੱਦੇ ਓਵਰਲੋਡ ਟਰੱਕ ਵੀ ਸੜਕਾਂ 'ਤੇ ਦਿਖਾਈ ਦਿੰਦੇ ਹਨ ਅਤੇ ਅਜਿਹੇ ਵਾਹਨਾਂ ਦੀ ਛੇਤੀ ਬਰੇਕ ਵੀ ਨਹੀਂ ਲੱਗਦੀ ਅਤੇ ਡਰਾਈਵਰ ਦੇ ਕੰਟਰੋਲ ਤੋਂ ਵੀ ਬਾਹਰ ਹੋ ਜਾਂਦੇ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਵਾਲੇ ਵਾਹਨਾਂ ਕਰ ਕੇ ਸੜਕਾਂ ਵੀ ਟੁੱਟਦੀਆਂ ਹਨ।
ਸੂਬੇ 'ਚ ਸੜਕ ਹਾਦਸਿਆਂ ਕਾਰਨ ਹਰ ਸਾਲ ਹੁੰਦੀਆਂ ਨੇ 5 ਹਜ਼ਾਰ ਮੌਤਾਂ
ਓਵਰਲੋਡ ਵਾਹਨਾਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਹਨ ਅਤੇ ਹੁਣ ਤੱਕ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ। ਬਹੁਤ ਸਾਰੇ ਲੋਕ ਜ਼ਖ਼ਮੀ ਵੀ ਹੋਏ ਹਨ। ਸੂਬੇ ਭਰ 'ਚ ਸੜਕ ਹਾਦਸਿਆਂ ਦੌਰਾਨ ਹਰ ਸਾਲ 5 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਕਰੀਬ 20 ਹਜ਼ਾਰ ਲੋਕ ਜ਼ਖ਼ਮੀ ਹੁੰਦੇ ਹਨ। ਇਨ੍ਹਾਂ 'ਚੋਂ ਅਨੇਕਾਂ ਮੌਤਾਂ ਓਵਰਲੋਡ ਵਾਹਨਾਂ ਕਾਰਨ ਹੀ ਹੋਈਆਂ ਹਨ।
ਸਰਕਾਰ ਦਾ 'ਸੜਕ ਸੁਰੱਖਿਆ ਹਫ਼ਤਾ' ਕਾਗਜ਼ਾਂ 'ਚ
ਸਰਕਾਰ ਜਨਵਰੀ ਦੇ ਮਹੀਨੇ ਹਰ ਸਾਲ ਖਾਨਾਪੂਰਤੀ ਕਰਨ ਲਈ 'ਸੜਕ ਸੁਰੱਖਿਆ ਹਫ਼ਤਾ' ਮਨਾਉਂਦੀ ਹੈ। ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਕਰਵਾ ਲਏ ਜਾਂਦੇ ਹਨ ਪਰ ਪ੍ਰਾਪਤੀ ਜ਼ੀਰੋ ਹੀ ਰਹਿੰਦੀ ਹੈ, ਜਦਕਿ ਟਰੈਫਿਕ ਨਿਯਮਾਂ ਵੱਲ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਕਦਮ ਉਠਾਉਣੇ ਚਾਹੀਦੇ ਹਨ।
ਲੋਕ ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਣ
ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਬੰਧਕ ਸਾਗਰ ਪਰੂਥੀ, ਵਣ ਵਿਭਾਗ ਦੇ ਬਲਾਕ ਅਫਸਰ ਹਰਦੀਪ ਸਿੰੰਘ ਹੁੰਦਲ, ਸਮਾਜ ਸੇਵਕ ਚਰਨਜੀਤ ਸਿੰਘ ਸੱਕਾਂਵਾਲੀ, ਨਰਿੰਦਰ ਸਿੰਘ ਬਰਾੜ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਸਕਰਨ ਸਿੰਘ ਲੱਖੇਵਾਲੀ, ਅਧਿਆਪਕ ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ ਅਤੇ ਪੰਜਾਬ ਪਬਲਿਕ ਸਕੂਲ ਲੱਖੇਵਾਲੀ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਨੇ ਕਿਹਾ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਅਤਿ ਗੰਭੀਰ ਚਿੰਤਾ ਵਾਲਾ ਵਿਸ਼ਾ ਹੈ ਅਤੇ ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਸਰਕਾਰ ਤੇ ਸਬੰਧਤ ਵਿਭਾਗ ਨੂੰ ਵੀ ਆਪਣੀ ਡਿਊਟੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਮਨੁੱਖ ਦਾ ਖੂਨ ਓਵਰਲੋਡ ਵਾਹਨਾਂ ਕਰ ਕੇ ਸੜਕਾਂ 'ਤੇ ਨਾ ਡੁੱਲ੍ਹੇ।
ਓਵਰਲੋਡ ਵਾਹਨ ਚਾਲਕਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ
ਸਿਵਲ ਅਤੇ ਪੁਲਸ ਪ੍ਰਸ਼ਾਸਨ ਓਵਰਲੋਡ ਵਾਹਨਾਂ ਨੂੰ ਸੜਕ 'ਤੇ ਨਹੀਂ ਰੋਕ ਰਿਹਾ ਅਤੇ ਦੋਵੇਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਪੁਲਸ ਵਾਲੇ ਉਂਝ ਤਾਂ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਵਾਲਿਆਂ ਦੇ ਚਲਾਨ ਕੱਟ ਦਿੰਦੇ ਹਨ ਪਰ ਓਵਰਲੋਡ ਵਾਹਨ ਚਾਲਕਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ, ਜੋ ਕਿ ਮਿਲੀਭੁਗਤ ਹੋਣ ਦਾ ਸਬੂਤ ਹੈ।
ਰਾਸ਼ਟਰੀ ਲੋਕ ਅਦਾਲਤ ਦੌਰਾਨ ਝਗੜਿਆਂ ਦੇ ਰਜ਼ਾਮੰਦੀ ਨਾਲ ਕਰਵਾਏ ਫੈਸਲੇ
NEXT STORY