ਬਾਘਾਪੁਰਾਣਾ, (ਚਟਾਨੀ)- ਬੇਸਹਾਰਾ ਗਊਆਂ ਅਤੇ ਸਾਨ੍ਹਾਂ ਦੇ ਸ਼ਹਿਰ 'ਚ ਹਰਲ-ਹਰਲ ਕਰਦੇ ਫਿਰਦੇ ਝੁੰਡਾਂ ਤੋਂ ਅੱਗੇ ਸ਼ਹਿਰ ਵਾਸੀਆਂ ਨੂੰ ਨਿਜਾਤ ਦੁਆਉਣ ਲਈ ਪ੍ਰਸ਼ਾਸਨ ਅਜੇ ਯੋਜਨਾਵਾਂ ਉਲੀਕਣ 'ਚ ਹੀ ਰੁੱਝਿਆ ਹੋਇਆ ਸੀ ਕਿ ਹੁਣ ਘੋੜਿਆਂ ਅਤੇ ਖੱਚਰਾਂ ਨੇ ਆਪਣਾ ਧਾਵਾ ਬੋਲ ਦਿੱਤਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਗਲੀਆਂ 'ਚ ਹੁਣ ਥਾਂ-ਥਾਂ ਉਪਰ ਘੋੜਿਆਂ ਅਤੇ ਖੱਚਰਾਂ ਵੱਲੋਂ ਨਾਕਾਬੰਦੀ ਕੀਤੀ ਆਮ ਹੀ ਦੇਖੀ ਜਾ ਸਕਦੀ ਹੈ। ਤੁਰੇ ਜਾਂਦੇ ਰਾਹਗੀਰਾਂ ਅਤੇ ਵਾਹਨਾਂ ਮੂਹਰੇ ਆਣ ਖੜ੍ਹੇ ਹੁੰਦੇ ਇਹ ਘੋੜੇ ਉੱਚੀ ਆਵਾਜ਼ ਵਾਲੇ ਹਾਰਨਾਂ ਦੀ ਧੁੰਨ ਨੂੰ ਵੀ ਅਣਗੌਲਿਆ ਕਰ ਕੇ ਜਿਵੇਂ ਦੇ ਤਿਵੇਂ ਖੜ੍ਹੇ ਰਹਿੰਦੇ ਹਨ। ਘੋੜਿਆਂ ਦੇ ਪਿਛਲੇ ਪਾਸਿਓਂ ਹੋ ਕੇ ਲੰਘਣ ਵਾਲਿਆਂ ਨੂੰ ਇਨ੍ਹਾਂ ਦੇ ਦੁਲੱਤਿਆਂ ਦੀ ਮਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਅਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਦੇਖੀਆਂ ਜਾਂਦੀਆਂ ਹਨ। ਘੋੜਿਆਂ ਦੇ ਝੁੰਡਾਂ ਮਗਰ ਭੌਂਕਦੇ ਆਵਾਰਾ ਕੁੱਤਿਆਂ ਦੇ ਡਰ ਕਾਰਨ ਅਜਿਹੇ ਝੁੰਡ ਸੜਕਾਂ ਉਪਰ ਤੇਜ਼ ਰਫਤਾਰ ਨਾਲ ਦੌੜਦੇ ਹੋਏ ਰਾਹਗੀਰਾਂ ਨੂੰ ਲਿਤਾੜ ਸੁੱਟਦੇ ਹਨ। ਸਕੂਲ ਦੀ ਛੁੱਟੀ ਸਮੇਂ ਬੱਚਿਆਂ ਨੂੰ ਘੋੜਿਆਂ ਦੇ ਝੁੰਡਾਂ ਕਾਰਨ ਆਪਣੇ ਘਰਾਂ ਨੂੰ ਜਾਣ ਲਈ ਰਸਤੇ ਬਦਲਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘੋੜਿਆਂ ਨੂੰ ਖੁੱਲ੍ਹਾ ਛੱਡਣ ਵਾਲੇ ਇਨ੍ਹਾਂ ਦੇ ਵਾਰਿਸਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਘੋੜਿਆਂ ਨੂੰ ਚਰਾਉਣ ਲਈ ਖੁੱਲ੍ਹੀਆਂ ਥਾਵਾਂ ਵਾਲੀਆਂ ਚਰਾਦਾਂ 'ਚ ਹੀ ਛੱਡਣ ਅਤੇ ਘੱਟੋ-ਘੱਟ ਇਕ ਵਾਰਿਸ ਅਜਿਹੇ ਝੁੰਡ ਦੀ ਨਿਗਰਾਨੀ ਲਈ ਪੈਰਵੀ ਕਰੇ ਤਾਂ ਜੋ ਨਾ ਤਾਂ ਵਾਹਨਾਂ ਦੀ ਟੱਕਰ ਨਾਲ ਘੋੜੇ ਦਾ ਨੁਕਸਾਨ ਹੋਵੇ ਅਤੇ ਨਾਲ ਹੀ ਮਨੁੱਖੀ ਜਾਨਾਂ ਲਈ ਇਹ ਘੋੜੇ ਖਤਰਾ ਬਣ ਸਕਣ।
ਠੰਢ ਵਧੀ ਪਰ ਐੱਸ.ਸੀ. ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਗਰਮ ਵਰਦੀਆਂ
NEXT STORY