ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਗਰਬੀ ਨਿਵਾਸੀ ਵਿਧਵਾ ਬਲਜੀਤ ਕੌਰ ਹਾਲ ਅਬਾਦ ਕੈਨੇਡਾ ਨੇ ਕੁਝ ਵਿਅਕਤੀਆਂ ’ਤੇ ਕਥਿਤ ਮਿਲੀਭੁਗਤ ਕਰਕੇ ਉਸ ਦੀ ਅਤੇ ਉਸ ਦੇ ਬੇਟੇ ਦੇ ਨਾਂ ’ਤੇ ਪਿੰਡ ਦੌਧਰ ਗਰਬੀ ਵਿਖੇ ਸਥਿਤ ਜ਼ਮੀਨ ਨੂੰ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਹੜੱਪਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਮੁਲਜ਼ਮਾਂ ਕੁਲਵੰਤ ਸਿੰਘ, ਉਸ ਦੀ ਪਤਨੀ ਗੁਰਦੀਪ ਕੌਰ, ਗੁਰਚਰਨ ਸਿੰਘ ਤੇ ਗੁਰਦੇਵ ਕੌਰ ਸਾਰੇ ਨਿਵਾਸੀ ਪਿੰਡ ਭਿੰਡਰ ਕਲਾਂ ਖਿਲਾਫ ਧੋਖਾਦੇਹੀ ਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਸਿਟੀ ਮੋਗਾ ’ਚ ਮਾਮਲਾ ਦਰਜ ਕਰ ਕੇ ਪੁਲਸ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੀੜਤ ਵਿਧਵਾ ਬਲਜੀਤ ਕੌਰ ਤੇ ਉਸ ਦੇ ਬੇਟੇ ਸ਼ਰਮਨ ਸਿੱਧੂ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕਿਹਾ ਕਿ ਉਨ੍ਹਾਂ ਦੀ ਪਿੰਡ ਦੌਧਰ ਗਰਬੀ ਵਿਖੇ 18 ਕਿੱਲੇ ਜ਼ਮੀਨ ਹੈ ਅਤੇ ਉਨ੍ਹਾਂ ਨੇ ਪਰਮਿੰਦਰ ਸਿੰਘ ਨਿਵਾਸੀ ਸ਼ਿਵਾ ਇਨਕਲੇਵ ਬਾਘਾ ਪੁਰਾਣਾ ਨੂੰ ਆਪਣਾ ਮੁਖਤਿਆਰੇ ਖਾਸ ਬਣਾਇਆ ਹੋਇਆ ਹੈ, ਕਿਉਂਕਿ ਉਹ ਕੈਨੇਡਾ ਰਹਿੰਦੇ ਹਨ ਤੇ ਉਨ੍ਹਾਂ ਨੇ ਆਪਣੀ ਜ਼ਮੀਨ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਠੇਕੇ ’ਤੇ ਦਿੱਤੀ ਹੋਈ ਸੀ। ਗੁਰਪ੍ਰੀਤ ਸਿੰਘ ਮੁਖਤਿਆਰੇ ਖਾਸ ਪਰਮਿੰਦਰ ਸਿੰਘ ਨੂੰ ਸਮੇਂ-ਸਮੇਂ ਸਿਰ ਜ਼ਮੀਨ ਦਾ ਠੇਕਾ ਦਿੰਦਾ ਆ ਰਿਹਾ ਸੀ, ਜੋ ਉਨ੍ਹਾਂ ਨੂੰ ਮਿਲ ਜਾਂਦਾ ਸੀ।
ਇਹ ਵੀ ਪੜ੍ਹੋ : PhonePe ਯੂਜ਼ਰ ਹੋ ਜਾਣ ਚੌਕੰਨੇ! ਇਸ ਤਰ੍ਹਾਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਰਹੇ ਨੇ ਸਾਈਬਰ ਠੱਗ
ਉਨ੍ਹਾਂ ਕਿਹਾ ਕਿ ਸਾਲ 2022 ’ਚ ਸਾਡੀ ਜ਼ਮੀਨ ਦਾ ਸਾਢੇ 3 ਸਾਲ ਦਾ ਇਕੱਠਾ ਠੇਕਾ 21 ਲੱਖ ਰੁਪਏ ਸ਼ਰਮਨ ਸਿੱਧੂ ਦੇ ਵਿਆਹ ਸਮੇਂ ਉਸ ਦੀ ਸਾਲੀ ਦੇ ਖਾਤੇ ’ਚ ਪਾਏ ਗਏ ਸਨ। ਗੁਰਪ੍ਰੀਤ ਸਿੰਘ ਨਿਵਾਸੀ ਦੌਧਰ ਗਰਬੀ ਤੇ ਉਸ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ ਨੇ ਕਥਿਤ ਮਿਲੀਭੁਗਤ ਕਰ ਕੇ ਸਾਜਿਸ਼ ਤਹਿਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਨ੍ਹਾਂ ਦੀ ਜ਼ਮੀਨ ਨੂੰ ਵੱਖ-ਵੱਖ ਬੈਨਾਮਿਆਂ ਰਾਹੀਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਖੜ੍ਹਾ ਕਰ ਕੇ ਅਪਣੇ ਨਾਂ ਕਰਵਾ ਲਿਆ, ਜਿਸ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਲੱਗਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਇੰਡੀਆ ਆਈ ਤਾਂ ਮਾਲ ਪਟਵਾਰੀ ਕੋਲੋਂ ਜ਼ਮੀਨ ਦੀ ਜਮਾਂਬੰਦੀਆਂ ਲੈਣ ਦੇ ਲਈ ਦਰਖ਼ਾਸਤ ਦਿੱਤੀ ਤਾਂ ਉਸ ਨੂੰ ਇਸ ਜਾਅਲਸਾਜ਼ੀ ਦਾ ਪਤਾ ਲੱਗਾ ਕਿ ਕਥਿਤ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਜ਼ਮੀਨ ਹੜੱਪ ਲਈ ਹੈ। ਜਦੋਂ ਉਸ ਨੇ ਮੋਹਤਬਰਾਂ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਏ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਮਿਲੀਭੁਗਤ ਕਰ ਕੇ ਉਨ੍ਹਾਂ ਦੇ ਘਰੋਂ ਕੁਝ ਅਸਲ ਕਾਗਜ਼ਾਤ, ਜਿਨ੍ਹਾਂ ’ਚ ਉਸ ਦੇ ਮ੍ਰਿਤਕ ਪਤੀ ਤੇ ਲੜਕੇ ਦੇ ਸ਼ਨਾਖ਼ਤੀ ਕਾਰਡ ਸਨ, ਜਿੰਦਰੇ ਭੰਨ ਕੇ ਲੈ ਗਏ ਤੇ ਹੋਰ ਤਾਲੇ ਲਾ ਦਿੱਤੇ, ਜਿਸ ਦਾ ਪਤਾ ਉਸ ਨੂੰ ਦਸਤਾਵੇਜ਼ ਚੈੱਕ ਕਰਨ ’ਤੇ ਪਤਾ ਲੱਗਾ।
ਇਹ ਵੀ ਪੜ੍ਹੋ : ਮਨਮੋਹਨ ਸਿੰਘ ਦਾ ਜਿਸ ਚੀਜ਼ ਲਈ ਦੁਨੀਆ ਮੰਨਦੀ ਹੈ ਲੋਹਾ, ਜੈਸ਼ੰਕਰ ਨੇ ਹੁਣ ਉਸੇ 'ਤੇ ਚੁੱਕ ਦਿੱਤਾ ਸਵਾਲ
ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ 2 ਸਤੰਬਰ 2014 ਨੂੰ ਸਬ ਰਜਿਸਟਰਾਰ ਮੋਗਾ ਦੇ ਦਫਤਰ ’ਚ ਉਸ (ਬਲਜੀਤ ਕੌਰ) ਦੀ ਜਗ੍ਹਾ ਕਿਸੇ ਅਣਪਛਾਤੀ ਔਰਤ ਨੂੰ ਖੜ੍ਹਾ ਕਰ ਕੇ ਜ਼ਮੀਨ ਆਪਣੇ ਨਾਂ ਕਰਵਾ ਲਈ, ਜਿਸ ’ਚ ਬਤੌਰ ਗਵਾਹ ਨੰਬਰਦਾਰ ਗੁਰਜੰਟ ਸਿੰਘ ਦੌਧਰ ਸ਼ਰਕੀ ਤੇ ਲਖਵੀਰ ਸਿੰਘ ਦੌਧਰ ਸ਼ਰਕੀ ਸਨ। ਜਾਂਚ ਸਮੇਂ ਪਤਾ ਲੱਗਾ ਕਿ ਗੁਰਜੰਟ ਸਿੰਘ ਨੰਬਰਦਾਰ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਕਥਿਤ ਮੁਲਜ਼ਮਾਂ ਨੇ ਵਸੀਕਾ ਨੰਬਰ 3576, 3577 ਤੇ 3578 ਰਾਹੀਂ ਰਜਿਸਟਰੀਆਂ ਕਰਵਾਈਆਂ ਹਨ।
ਉਕਤ ਰਜਿਸਟਰੀਆਂ ਕਰਵਾਉਣ ਸਮੇਂ ਉਨ੍ਹਾਂ ਉਸ ਦੇ ਬੇਟੇ ਸ਼ਰਮਨ ਸਿੱਧੂ ਦੀ ਪਾਵਰ ਆਫ਼ ਅਟਾਰਨੀ ਦੇ ਅਧਾਰ ’ਤੇ ਉਸ ਦੀ ਜ਼ਮੀਨ ਦੀ ਵੀ ਰਜਿਸਟਰੀ ਸਮੇਤ ਮੋਟਰ ਕੁਨੈਕਸ਼ਨ ਕਰਵਾ ਲਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਸੀਆਈਏ ਸਟਾਫ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਉਪਰੰਤ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮਾਂ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਗ੍ਰਿਫਤਾਰੀ ਅਜੇ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਕਿਲੋ ਭੁੱਕੀ ਸਮੇਤ 2 ਵਿਅਕਤੀ ਕਾਬੂ
NEXT STORY