ਹੁਸ਼ਿਆਰਪੁਰ (ਜਸਵਿੰਦਰਜੀਤ)— ਪੰਜਾਬ 'ਚ ਸਾਲ 2004 ਤੋਂ ਬਾਅਦ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਹਾਸਲ ਕਰਨ ਵਾਲੇ ਕਰੀਬ ਡੇਢ ਲੱਖ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦਾ ਮਸਲਾ ਕਰਮਚਾਰੀਆਂ ਦੇ ਬੁਢਾਪੇ ਲਈ ਇਕਲੌਤੇ ਸਹਾਰੇ ਅਤੇ ਸਮਾਜਿਕ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ ਦੇ ਢੁਕਵੇਂ ਹੱਲ ਲਈ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਹਰ ਤਰ੍ਹਾਂ ਦੀ ਜੱਦੋਜਹਿਦ ਅਤੇ ਲਹੂ-ਵੀਟਵੇਂ ਸੰਘਰਸ਼ ਲਈ ਤਿਆਰ ਹੋ ਚੁੱਕੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਜਨਰਲ ਸਕੱਤਰ ਅਜੀਬ ਦਿਵੇਦੀ ਨੇ ਕਮੇਟੀ ਵੱਲੋਂ 16 ਨਵੰਬਰ ਨੂੰ ਮਾਝਾ ਜ਼ੋਨ ਦੀ ਅੰਮ੍ਰਿਤਸਰ ਵਿਖੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਕਰਵਾਈ ਜਾ ਰਹੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਮੌਜੂਦਾ ਸਰਕਾਰ 'ਤੇ ਦੋਸ਼ ਲਾÀੁਂਦਿਆਂ ਕਿਹਾ ਕਿ ਸਰਕਾਰ ਚੋਣਾਂ ਦੌਰਾਨ 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਤੋਂ ਭੱਜ ਰਹੀ ਹੈ। ਸਿੱਟੇ ਵਜੋਂ ਰਾਜ ਦੇ ਕਰੀਬ ਡੇਢ ਲੱਖ ਕਰਮਚਾਰੀਆਂ ਦਾ ਸਰਕਾਰ ਦੀ ਕਹਿਣੀ ਅਤੇ ਕਰਨੀ ਤੋਂ Îਿਵਸ਼ਵਾਸ ਖਤਮ ਹੋ ਰਿਹਾ ਹੈ। ਕਮੇਟੀ ਦਾ ਵਫਦ ਪਿਛਲੇ ਦਿਨੀਂ ਆਪਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਮਿਲ ਚੁੱਕਾ ਹੈ ਪਰ ਉਹ ਵੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਗੰਭੀਰ ਨਹੀਂ ਹਨ।
ਆਗੂਆਂ ਨੇ ਕਿਹਾ ਕਿ ਸੂਬੇ ਦੇ ਡੇਢ ਲੱਖ ਕਰਮਚਾਰੀਆਂ ਦੇ ਬੁਢਾਪੇ ਤੇ ਸਮਾਜਿਕ ਸੁਰੱਖਿਆ ਨਾਲ ਜੁੜੀ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਕਮੇਟੀ ਵੱਲੋਂ ਪੂਰੇ ਪੰਜਾਬ ਨੂੰ ਮਾਝਾ, ਦੋਆਬਾ ਅਤੇ ਮਾਲਵਾ ਤਿੰਨ ਜ਼ੋਨਾਂ 'ਚ ਵੰਡ ਕੇ ਤਕੜੇ ਸੰਘਰਸ਼ ਦਾ ਬਿਗਲ ਵਜਾਇਆ ਜਾ ਰਿਹਾ ਹੈ ਅਤੇ ਇਹ ਸੰਘਰਸ਼ ਸੂਬੇ ਦੇ ਹਰ ਬਲਾਕ ਤੱਕ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੀ ਇਕ ਰਿੱਟ ਪਟੀਸ਼ਨ ਉੱਤੇ ਬਹਿਸ ਕਰਦਿਆਂ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਸਪੱਸ਼ਟ ਕਰ ਚੁੱਕੀ ਹੈ ਕਿ ਪੈਨਸ਼ਨ ਨਾ ਤਾਂ ਕੋਈ ਬਖਸ਼ਿਸ਼ ਹੈ ਅਤੇ ਨਾ ਹੀ ਕੋਈ ਖੈਰਾਤ, ਜਿਹੜੀ ਨੌਕਰੀਦਾਤਾ ਦੀ ਮਨਮਰਜ਼ੀ ਦੀ ਮੁਥਾਜ ਹੋਵੇ ਅਤੇ ਨਾ ਹੀ ਪੈਨਸ਼ਨ ਕੋਈ ਤਰਸ ਸਹਾਇਤਾ ਰਾਸ਼ੀ ਹੈ, ਸਗੋਂ ਪਿਛਲੀ ਸੇਵਾ ਨਿਭਾਉਣ ਦੀ ਇਵਜ਼ 'ਚ ਦਿੱਤੀ ਜਾਣ ਵਾਲੀ ਰਾਸ਼ੀ ਹੈ। ਉਨ੍ਹਾਂ ਦੱਸਿਆ ਕਿ ਨਵੀਂ ਪੈਨਸ਼ਨ ਸਕੀਮ 'ਚ ਕਰਮਚਾਰੀ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਅਤੇ ਪੇ-ਕਮਿਸ਼ਨ ਨੂੰ ਵੀ ਨਹੀਂ ਲਾਗੂ ਕੀਤਾ ਜਾਣਾ ਅਤੇ ਕਰਮਚਾਰੀ ਦੀ ਪੈਨਸ਼ਨ ਲਈ ਤਨਖਾਹ ਵਿਚੋਂ ਕੱਟਿਆ ਜਾ ਰਿਹਾ 10 ਫੀਸਦੀ ਹਿੱਸਾ ਸ਼ੇਅਰ ਬਾਜ਼ਾਰ 'ਚ ਲਾਇਆ ਜਾ ਰਿਹਾ ਹੈ, ਜੋ ਕਰਮਚਾਰੀਆਂ ਨਾਲ ਵੱਡਾ ਧੱਕਾ ਹੈ। ਉਨ੍ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਗਿਣਤੀ 'ਚ 16 ਨਵੰਬਰ ਨੂੰ ਮਾਝਾ ਜ਼ੋਨ ਦੀ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਕਨਵੈਨਸ਼ਨ 'ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਵਰਿੰਦਰ ਵਿੱਕੀ, ਸੰਜੀਵ ਧੂਤ, ਤਿਲਕ ਰਾਜ, ਸੰਜੀਵ ਕੁਮਾਰ, ਰਾਜ ਕੁਮਾਰ, ਜਸਵੀਰ ਬੋਦਲ, ਅਨੁਪਮ ਰਤਨ, ਅਸ਼ੋਕ ਬੁੱਲ੍ਹੋਵਾਲ, ਨਵਤੇਜ ਸਿੰਘ ਆਦਿ ਉਚੇਚੇ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ ਅੰਡਰ-19 ਪੰਜਾਬ ਕ੍ਰਿਕਟ ਟੀਮ ਲਈ ਚੁਣੀ ਗਈ
NEXT STORY