ਜਲੰਧਰ (ਜ. ਬ.)— ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਆਤਮ-ਸਮਰਪਣ ਕਰ ਚੁੱਕੇ ਗਗਨਦੀਪ ਸਿੰਘ ਦਾ 4 ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪੁਲਸ ਨੇ ਗਗਨਦੀਪ ਸਿੰਘ ਨੂੰ 3 ਵਾਰ ਅਦਾਲਤ 'ਚ ਪੇਸ਼ ਕਰਕੇ ਕੁੱਲ 11 ਦਿਨਾਂ ਲਈ ਰਿਮਾਂਡ 'ਤੇ ਲਿਆ ਸੀ ਪਰ ਉਸ ਕੋਲੋਂ ਕੀਤੀ ਪੁੱਛਗਿੱਛ ਉਪਰੰਤ ਸਿਰਫ ਇਕ ਆਡੀ ਕਾਰ ਅਤੇ 9 ਮਰਲੇ ਦਾ ਪਲਾਟ ਹੀ ਜ਼ਬਤ ਕੀਤਾ ਗਿਆ।
ਗਗਨਦੀਪ ਸਿੰਘ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵੀ ਪੁਲਸ ਦੇ ਹੱਥ ਕੋਈ ਖਾਸ ਸੁਰਾਗ ਨਹੀਂ ਲੱਗਾ ਹੈ। ਕੰਪਨੀ ਦੇ ਜਿਸ ਲੈਪਟਾਪ ਤੋਂ ਕਾਫੀ ਜਾਣਕਾਰੀਆਂ ਮਿਲਣ ਦੇ ਆਸਾਰ ਸਨ, ਉਸ ਬਾਰੇ ਵੀ ਪੁਲਸ ਦਾ ਕਹਿਣਾ ਹੈ ਕਿ ਉਸ 'ਚੋਂ ਨਿਵੇਸ਼ਕਾਂ ਦੇ ਨਾਂ ਆਦਿ ਦੀ ਲਿਸਟ ਮਿਲੀ ਹੈ ਪਰ ਫਿਰ ਵੀ ਪੁਲਸ ਅਜੇ ਤੱਕ ਮਾਰੀ ਗਈ ਠੱਗੀ ਦੇ ਕੁੱਲ ਪੈਸਿਆਂ ਦਾ ਖੁਲਾਸਾ ਨਹੀਂ ਕਰ ਰਹੀ, ਹਾਲਾਂਕਿ ਨਿਵੇਸ਼ਕਾਂ ਨੇ ਦਾਅਵਾ ਕੀਤਾ ਸੀ ਕਿ ਗਗਨਦੀਪ ਸਿੰਘ ਕੋਲ ਕੰਪਨੀ ਦੇ ਸਾਫਟਵੇਅਰ ਦਾ ਪਾਸਵਰਡ ਆਦਿ ਹੈ ਪਰ ਇਸ ਦੇ ਬਾਵਜੂਦ ਪੁਲਸ ਕੰਪਨੀ ਦੇ ਸਾਫਟਵੇਅਰ ਤੋਂ ਨਿਵੇਸ਼ਕਾਂ ਲਈ ਤਸੱਲੀਯੋਗ ਜਾਣਕਾਰੀਆਂ ਨਹੀਂ ਲੈ ਸਕੀ।
ਪੁਲਸ ਦੀ ਕਾਰਵਾਈ ਨੂੰ ਲੈ ਕੇ ਨਿਵੇਸ਼ਕ ਕਾਫੀ ਪ੍ਰੇਸ਼ਾਨ ਹਨ, ਜੋ ਥਾਣਿਆਂ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਨੂੰ ਉਥੋਂ ਵੀ ਕੋਈ ਉਚਿਤ ਜਵਾਬ ਨਹੀਂ ਮਿਲ ਰਿਹਾ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਇੰਨੀ ਵੱਡੀ ਠੱਗੀ ਦੇ ਮਾਮਲੇ 'ਚ ਗਗਨਦੀਪ ਸਿੰਘ ਅਤੇ ਉਸ ਦੇ ਜੀਜੇ ਰਣਜੀਤ ਸਿੰਘ ਨੇ ਖੁਦ ਆਤਮ-ਸਮਰਪਣ ਕੀਤਾ, ਜਦਕਿ ਫਰਾਰ ਚੱਲ ਰਹੇ ਤੀਜੇ ਮਾਲਕ ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰਾਂ ਨੂੰ ਪੁਲਸ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਵੀ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਜਾ ਰਿਹਾ, ਜਿਸ ਕਾਰਨ ਨਿਵੇਸ਼ਕਾਂ ਦੀ ਟੈਨਸ਼ਨ ਵਧਦੀ ਹੀ ਜਾ ਰਹੀ ਹੈ। ਹਾਲਾਂਕਿ ਪੁਲਸ ਕੋਰੋਨਾ ਪਾਜ਼ੇਟਿਵ ਪਾਏ ਗਏ ਰਣਜੀਤ ਸਿੰਘ ਦੀ ਨੈਗੇਟਿਵ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਕਿਉਂਕਿ ਉਸ ਦਾ ਦੋਬਾਰਾ ਤੋਂ ਕੋਰੋਨਾ ਦਾ ਟੈਸਟ ਕੀਤਾ ਗਿਆ ਹੈ।
ਏ. ਸੀ. ਪੀ. ਹਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਕੰਪਨੀ ਦੇ ਸੀ. ਏ. ਕੋਲੋਂ ਪੁੱਛਗਿੱਛ ਕੀਤੀ ਗਈ ਹੈ, ਫਿਲਹਾਲ ਕਿੰਨੇ ਕਰੋੜਾਂ ਰੁਪਏ ਦੀ ਨਿਵੇਸ਼ਕਾਂ ਨਾਲ ਠੱਗੀ ਵੱਜੀ ਹੈ, ਉਸ ਦੇ ਅੰਕੜੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਏ. ਸੀ. ਪੀ. ਨੇ ਕਿਹਾ ਕਿ ਸ਼ਿਕਾਇਤਕਰਤਾਵਾਂ ਨੂੰ ਉਹ ਵਾਰ-ਵਾਰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾ ਰਹੇ ਹਨ ਪਰ ਉਹ ਖੁਦ ਹੀ ਪੇਸ਼ ਨਹੀਂ ਹੋ ਰਹੇ, ਜਿਸ ਕਾਰਨ ਵੀ ਪਰੇਸ਼ਾਨੀ ਆ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਲੈਪਟਾਪ ਬਾਰੇ ਮੈਨੇਜੈਂਟ ਮੈਂਬਰਾਂ ਨੂੰ ਜ਼ਿਆਦਾ ਪਤਾ ਹੋਵੇਗਾ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੁਝ ਹੋਰ ਤੱਥ ਵੀ ਸਾਹਮਣੇ ਆ ਸਕਦੇ ਹਨ। ਜੇਕਰ ਗੱਲ ਪੁਲਸ ਦੀ ਕਰੀਏ ਤਾਂ ਕੁੱਲ ਮਿਲਾ ਕੇ ਇਸ ਮਾਮਲੇ 'ਚ ਉਸ ਦੀ ਕਾਰਵਾਈ ਸਿਫਰ ਹੁੰਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ ਪਾਵਰ ਕੰਪਨੀ ਨੇ ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ।
ਤੀਜੇ ਦੋਸ਼ੀ ਸਮੇਤ ਮੈਨੇਜਮੈਂਟ ਮੈਂਬਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ ਪੁਲਸ
ਇਸ ਕੇਸ 'ਚ ਨਾਮਜ਼ਦ ਕੰਪਨੀ ਦੇ ਤੀਜੇ ਦੋਸ਼ੀ ਗੁਰਮਿੰਦਰ ਸਿੰਘ ਸਮੇਤ ਮੈਨੇਜਮੈਂਟ ਮੈਂਬਰਾਂ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਆਸ਼ੀਸ਼ ਸ਼ਰਮਾ, ਪੁਨੀਤ ਵਰਮਾ ਅਤੇ ਨਤਾਸ਼ਾ ਨੂੰ ਅਜੇ ਤੱਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਇਸ ਕੇਸ 'ਚ ਸਿਰਫ 2 ਦੋਸ਼ੀ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਹੀ ਗ੍ਰਿਫ਼ਤਾਰ ਹੋਏ ਹਨ ਪਰ ਉਨ੍ਹਾਂ ਵੀ ਆਤਮ-ਸਮਰਪਣ ਹੀ ਕੀਤਾ ਸੀ। ਸ਼ੁਰੂ ਤੋਂ ਹੀ ਇਸ ਕੇਸ ਸਬੰਧੀ ਪੀੜਤ ਨਿਵੇਸ਼ਕ ਪੁਲਸ 'ਤੇ ਕਿਸੇ ਨਾ ਕਿਸੇ ਤਰੀਕੇ ਦੋਸ਼ ਲਾਉਂਦੇ ਆਏ ਹਨ। ਨਿਵੇਸ਼ਕ ਮੰਗ ਕਰ ਰਹੇ ਹਨ ਕਿ ਵਿਜੀਲੈਂਸ ਜਾਂ ਈ. ਡੀ. ਨੂੰ ਇਹ ਮਾਮਲਾ ਸੌਂਪਿਆ ਜਾਵੇ। ਇਸ ਤੋਂ ਪਹਿਲਾਂ ਵੀ ਇਹ ਮਾਮਲਾ ਥਾਣਾ ਨੰਬਰ 7 ਦੀ ਪੁਲਸ ਤੋਂ ਲੈ ਕੇ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸੌਂਪਣ ਦੀ ਮੰਗ ਉਠ ਚੁੱਕੀ ਹੈ, ਜਦਕਿ ਇਸ ਮਾਮਲੇ ਨੂੰ ਸੀ. ਐੱਮ., ਡੀ. ਜੀ. ਪੀ., ਵਿਜੀਲੈਂਸ ਮਹਿਕਮਾ ਅਤੇ ਈ. ਡੀ. ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਪੁਲਸ ਦੇ ਹੱਥ ਖਾਲੀ ਹਨ।
ਥਾਣੇ ਦੀ ਸ਼ੋਭਾ ਵਧਾ ਰਹੀਆਂ ਹਨ ਮਾਲਕਾਂ ਤੇ ਮੈਨੇਜਮੈਂਟ ਮੈਂਬਰਾਂ ਦੀਆਂ ਲਗਜ਼ਰੀ ਗੱਡੀਆਂ
ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਅਤੇ ਮੈਨੇਜਮੈਂਟ ਮੈਂਬਰਾਂ ਦੀਆਂ ਲਗਜ਼ਰੀ ਗੱਡੀਆਂ ਇਸ ਸਮੇਂ ਥਾਣਾ ਨੰਬਰ 7 ਦੀ ਸ਼ੋਭਾ ਵਧਾ ਰਹੀਆਂ ਹਨ। ਪੁਲਸ ਥਾਣੇ 'ਚ ਜੈਗੁਆਰ, ਆਡੀ, ਬੀ. ਐੱਮ. ਡਬਲਯੂ. ਵਰਗੀਆਂ ਗੱਡੀਆਂ ਖੜ੍ਹੀਆਂ ਹਨ, ਜਿਨ੍ਹਾਂ ਨੂੰ ਜਲਦ ਹੀ ਪ੍ਰਾਪਰਟੀ ਕੇਸ ਬਣਾਉਣ ਦੀ ਪੁਲਸ ਤਿਆਰੀ ਕਰ ਰਹੀ ਹੈ।
ਗਗਨਦੀਪ ਤੋਂ ਬਾਅਦ ਹੁਣ ਰਣਜੀਤ ਸਿੰਘ 'ਤੇ ਪੁਲਸ ਦੀ ਆਸ
ਗਗਨਦੀਪ ਦੇ 11 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਸ ਦੀ ਕਥਿਤ ਆਸ ਰਣਜੀਤ ਸਿੰਘ 'ਤੇ ਟਿਕੀ ਹੋਈ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਰਣਜੀਤ ਸਿੰਘ ਤੋਂ ਇਸ ਫਰਾਡ ਦੀ ਰਕਮ ਅਤੇ ਹੋਰ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ ਰਣਜੀਤ ਸਿੰਘ ਕੋਰੋਨਾ ਪਾਜ਼ੇਟਿਵ ਆਇਆ ਸੀ, ਜੋ ਅਜੇ ਹਸਪਤਾਲ ਵਿਚ ਹੈ। ਉਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਗੁਰਮਿੰਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋ ਸਕਦੀ ਹੈ ਵੱਡੀ ਰਿਕਵਰੀ!
ਸੂਤਰਾਂ ਦੀ ਮੰਨੀਏ ਤਾਂ ਇਸ ਕੇਸ 'ਚ ਫਰਾਰ ਗੁਰਮਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੀ ਰਿਕਵਰੀ ਹੋ ਸਕਦੀ ਹੈ। ਪੀੜਤਾਂ ਦਾ ਕਹਿਣਾ ਹੈ ਕਿ ਗੁਰਮਿੰਦਰ ਸਿੰਘ ਸੋਚੀ ਸਮਝੀ ਸਾਜ਼ਿਸ਼ ਤਹਿਤ ਕੰਪਨੀ 'ਚੋਂ ਬਾਹਰ ਕੱਢਿਆ ਗਿਆ ਜਦਕਿ ਸ਼ੁਰੂਆਤ ਵੀ ਗੁਰਮਿੰਦਰ ਸਿੰਘ ਤੋਂ ਹੀ ਕੀਤੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਗੁਰਮਿੰਦਰ ਸਿੰਘ ਤੋਂ ਬਾਅਦ ਸਾਜ਼ਿਸ਼ਕਰਤਾ ਗਗਨਦੀਪ ਅਤੇ ਰਣਜੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤਾਂ ਕਿ ਨਿਵੇਸ਼ਕ ਉਨ੍ਹਾਂ ਤੱਕ ਨਾ ਪਹੁੰਚ ਸਕਣ ਅਤੇ ਮਾਮਲਾ ਦਫਤਰ ਤੱਕ ਸੀਮਤ ਰਹਿ ਜਾਵੇ। ਇਹੀ ਕਾਰਣ ਸੀ ਕਿ ਐੱਫ. ਆਈ. ਆਰ. ਹੋਣ ਤੋਂ ਦੋ ਦਿਨ ਪਹਿਲਾਂ ਵ੍ਹਿਜ਼ ਪਾਵਰ ਕੰਪਨੀ 'ਚ ਹੋਏ ਹੰਗਾਮੇ ਦੌਰਾਨ ਦਫਤਰ ਵਿਚ ਸਿਰਫ ਰਣਜੀਤ ਸਿੰਘ ਹੀ ਰਹਿ ਗਿਆ ਸੀ, ਜਿਸ ਨੂੰ ਮੌਕੇ 'ਤੇ ਪਹੁੰਚੀ ਥਾਣਾ ਨੰ. 7 ਦੀ ਪੁਲਸ ਨੇ ਬਿਨਾਂ ਪੁੱਛਗਿੱਛ ਤੋ ਂਜਾਣ ਦਿੱਤਾ। ਜੇਕਰ ਥਾਣਾ ਨੰ. 7 ਦੇ ਇੰਚਾਰਜ ਲਾਪ੍ਰਵਾਹੀ ਨਾ ਦਿਖਾਉਂਦੇ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਕੰਪਨੀ ਵਿਚ ਨਿਵੇਸ਼ ਕਰਨ ਵਾਲਿਆਂ ਨਾਲ ਇੰਨੀ ਵੱਡੀ ਠੱਗੀ ਨਾ ਵੱਜਦੀ।
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਪੰਜ ਹੋਰ ਕੇਸਾਂ ਦੀ ਹੋਈ ਪੁਸ਼ਟੀ
NEXT STORY