ਜਲੰਧਰ (ਖੁਰਾਣਾ)— ਪਿਛਲੇ ਕੁਝ ਸਮੇਂ ਤੋਂ ਜ਼ੋਮੈਟੋ ਅਤੇ ਸਵਿਗੀ ਵਰਗੀਆਂ ਕੰਪਨੀਆਂ ਦੇ ਆਉਣ ਨਾਲ ਆਨਲਾਈਨ ਖਾਣਾ ਮੰਗਵਾਉਣ ਦਾ ਟਰੈਂਡ ਕਾਫੀ ਵਧ ਗਿਆ ਹੈ। ਹੁਣ ਤਾਂ ਛੋਟੀ ਤੋਂ ਛੋਟੀ ਖਾਣ ਦੀ ਚੀਜ਼ ਮਤਲਬ ਇਕ ਕੁਲਫੀ ਵੀ ਮੰਗਵਾਉਣੀ ਹੋਵੇ ਤਾਂ ਉਹ ਵੀ ਜ਼ੋਮੈਟੋ ਆਦਿ 'ਤੇ ਆਰਡਰ ਕਰਕੇ ਤੁਹਾਡੇ ਘਰ ਆਸਾਨੀ ਨਾਲ ਪਹੁੰਚ ਜਾਵੇਗੀ। ਸ਼ਹਿਰ ਦੇ ਜ਼ਿਆਦਾਤਰ ਪਰਿਵਾਰਾਂ ਵਿਚ ਬੱਚਿਆਂ ਦੇ ਨਾਲ-ਨਾਲ ਵੱਡਿਆਂ 'ਚ ਵੀ ਆਨਲਾਈਨ ਖਾਣਾ ਮੰਗਵਾਉਣ ਦਾ ਕਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਦੇਖਣ ਵਿਚ ਤਾਂ ਇਹ ਸਿਸਟਮ ਕਾਫੀ ਸਹੂਲਤਜਨਕ ਦਿੱਸਦਾ ਹੈ ਕਿਉਂਕਿ ਕਈ ਪਰਿਵਾਰ ਘਰ 'ਚ ਸਬਜ਼ੀ ਆਦਿ ਬਣਾ ਕੇ ਸਿਰਫ ਤੰਦੂਰੀ ਰੋਟੀਆਂ ਆਨਲਾਈਨ ਆਰਡਰ ਕਰ ਦਿੰਦੇ ਹਨ ਅਤੇ ਥੋੜ੍ਹੇ ਜਿਹੇ ਪੈਸਿਆਂ 'ਚ ਹੀ ਬਾਹਰੀ ਖਾਣੇ ਦਾ ਆਨੰਦ ਲੈਂਦੇ ਹਨ।
ਇਥੋਂ ਤਕ ਤਾਂ ਠੀਕ ਹੈ ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਜ਼ੋਮੈਟੋ ਬੁਆਏਜ਼ ਸ਼ਹਿਰ ਦੇ ਉਨ੍ਹਾਂ ਢਾਬਿਆਂ ਤੋਂ ਵੀ ਡਿਲਿਵਰੀ ਲੈ ਰਹੇ ਹਨ, ਜਿਨ੍ਹਾਂ ਢਾਬਿਆਂ ਦੇ ਤੰਦੂਰ ਸ਼ਰੇਆਮ ਸੜਕ 'ਤੇ ਲੱਗੇ ਹੋਏ ਹਨ ਅਤੇ ਤੰਦੂਰਾਂ ਦੇ ਹੇਠਾਂ ਦੂਰ-ਦੂਰ ਤਕ ਅੱਧਾ-ਅੱਧਾ ਫੁੱਟ ਸੀਵਰੇਜ ਦਾ ਗੰਦਾ ਅਤੇ ਕਾਲਾ ਪਾਣੀ ਖੜ੍ਹਾ ਹੈ। ਇਸ ਗੰਦੇ ਪਾਣੀ ਨਾਲ ਨਾ ਸਿਰਫ ਆਲੇ-ਦੁਆਲੇ ਦੇ ਖੇਤਰ ਬਦਬੂਦਾਰ ਹਨ, ਸਗੋਂ ਮੱਖੀਆਂ ਅਤੇ ਮੱਛਰ ਵੀ ਬਹੁਤ ਹਨ ਤਾਂ ਤੁਹਾਨੂੰ ਉਸ ਢਾਬੇ ਦਾ ਖਾਣਾ ਖਾਣ ਤੋਂ ਬਾਅਦ ਕਿਵੇਂ ਮਹਿਸੂਸ ਹੋਵੇਗਾ।
ਸ਼ਨੀਵਾਰ ਦੀ ਦੁਪਹਿਰ 'ਜਗ ਬਾਣੀ' ਦੀ ਟੀਮ ਨੇ ਜਦੋਂ ਮਾਡਲ ਟਾਊਨ ਵਿਚ ਦੇਖਿਆ ਤਾਂ ਮਸੰਦ ਚੌਕ ਦੇ ਨਾਲ ਹੀ ਮਾਡਲ ਟਾਊਨ ਦੀ ਐਂਟਰੀ 'ਤੇ ਸਥਿਤ ਕਮਲ ਢਾਬੇ ਦੇ ਬਾਹਰ ਦੇ ਹਾਲਾਤ ਵੇਖ ਕੇ ਟੀਮ ਹੈਰਾਨ ਰਹਿ ਗਈ। ਕਮਲ ਢਾਬਾ ਜ਼ੋਮੈਟੋ ਆਦਿ 'ਤੇ ਰਜਿਸਟਰਡ ਹੈ ਪਰ ਇਸ ਢਾਬੇ ਦਾ ਤੰਦੂਰ ਸ਼ਰੇਆਮ ਸੜਕ 'ਤੇ ਹੀ ਲੱਗਾ ਹੋਇਆ ਹੈ। ਇਸ ਤੰਦੂਰ 'ਤੇ ਹੀ ਆਟਾ ਗੁੰਨ੍ਹਿਆ ਜਾਂਦਾ ਹੈ ਅਤੇ ਪੇੜੇ ਬਣਾਏ ਜਾਂਦੇ ਹਨ ਅਤੇ ਰੋਟੀਆਂ ਵੇਲ ਕੇ ਉਨ੍ਹਾਂ ਨੂੰ ਤੰਦੂਰ 'ਚ ਲਾਇਆ ਜਾਂਦਾ ਹੈ। ਸੜਕ 'ਤੇ ਹੋਣ ਕਾਰਨ ਇਸ ਆਟੇ ਅਤੇ ਰੋਟੀਆਂ 'ਤੇ ਕਿੰਨੀ ਮਿੱਟੀ ਪੈਂਦੀ ਹੋਵੇਗੀ, ਇਸ ਦਾ ਅੰਦਾਜ਼ਾ ਉਥੇ 10 ਮਿੰਟ ਖੜ੍ਹੇ ਹੋ ਕੇ ਹੀ ਲੱਗ ਜਾਂਦਾ ਹੈ।

'ਜਗ ਬਾਣੀ' ਦੀ ਟੀਮ ਨੇ ਦੇਖਿਆ ਕਿ ਜਿੱਥੇ ਕਮਲ ਢਾਬੇ ਵਾਲਿਆਂ ਨੇ ਸੜਕ 'ਤੇ ਹੀ ਤੰਦੂਰ ਲਗਾ ਕੇ ਰੱਖਿਆ ਸੀ, ਉਥੇ ਹੀ ਤੰਦੂਰ ਦੇ ਹੇਠਾਂ ਦੂਰ-ਦੂਰ ਤੱਕ ਕੱਚੀ ਸੜਕ 'ਤੇ ਹੀ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਸੀ। ਸੀਵਰੇਜ ਦੇ ਪਾਣੀ ਵਿਚ ਖੜ੍ਹੇ ਹੋ ਕੇ ਤੰਦੂਰਮੈਨ ਰੋਟੀਆਂ ਅਤੇ ਪਰਾਂਠੇ ਬਣਾ ਰਿਹਾ ਸੀ ਅਤੇ ਕੋਲ ਹੀ 2-3 ਜ਼ੋਮੈਟੋ ਬੁਆਏ ਡਿਲਿਵਰੀ ਲੈਣ ਦੀ ਉਡੀਕ ਕਰ ਰਹੇ ਸਨ।
ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਜ਼ੋਮੈਟੋ ਪ੍ਰਬੰਧਨ, ਜਿਸ ਨੇ ਕਮਲ ਢਾਬੇ ਨੂੰ ਆਪਣੀ ਐਪ 'ਤੇ ਰਜਿਸਟਰਡ ਕਰ ਰੱਖਿਆ ਹੈ, ਕੀ ਉਸ ਦੇ ਅਧਿਕਾਰੀਆਂ ਨੇ ਇਹ ਨਹੀਂ ਵੇਖਿਆ ਕਿ ਢਾਬੇ ਦਾ ਤੰਦੂਰ ਸੜਕ 'ਤੇ ਲੱਗਾ ਹੋਇਆ ਹੈ, ਜਿੱਥੇ ਸਾਰਾ-ਸਾਰਾ ਦਿਨ ਆਟਾ ਵੀ ਖੁੱਲ੍ਹਾ ਪਿਆ ਰਹਿੰਦਾ ਹੈ ਅਤੇ ਰੋਟੀਆਂ ਵੀ ਖੁੱਲ੍ਹੇ 'ਚ ਹੀ ਬਣਾਈਆਂ ਜਾਂਦੀਆਂ ਹਨ। ਇਹ ਠੀਕ ਹੈ ਕਿ ਜ਼ੋਮੈਟੋ ਸਸਤੀ ਰੋਟੀ ਅਤੇ ਸਸਤੀ ਸਬਜ਼ੀ ਗਾਹਕਾਂ ਤਕ ਪਹੁੰਚਾ ਰਿਹਾ ਹੈ ਪਰ ਢਾਬੇ ਦੀ ਸਫਾਈ ਨੂੰ ਵੇਖਣਾ ਤਾਂ ਉਸ ਦੀ ਮੈਨੇਜਮੈਂਟ ਦਾ ਪਹਿਲਾ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਖਾਣੇ ਦਾ ਆਰਡਰ ਕਰਨ ਵਾਲਾ ਵਿਅਕਤੀ ਸ਼ਾਇਦ ਹੀ ਕਮਲ ਢਾਬੇ ਦੀ ਅਸਲੀਅਤ ਅਤੇ ਸਾਫ-ਸਫਾਈ ਤੋਂ ਜਾਣੂ ਹੋਵੇ।
ਗਹਿਰੀ ਨੀਂਦ ਸੌਂ ਰਹੇ ਹਨ ਸਿਹਤ ਵਿਭਾਗ ਅਤੇ ਨਿਗਮ ਦੇ ਅਧਿਕਾਰੀ
ਇਸ ਸਭ ਦੇ ਲਈ ਜਿੱਥੇ ਜ਼ੋਮੈਟੋ ਪ੍ਰਬੰਧਨ ਸਿੱਧੇ ਤੌਰ 'ਤੇ ਦੋਸ਼ੀ ਹੈ, ਉਥੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਵੀ ਓਨੀ ਹੀ ਜ਼ਿੰਮੇਦਾਰੀ ਹੈ। ਇਹ ਦੋਵੇਂ ਵਿਭਾਗ ਅੱਜ-ਕੱਲ ਬਰਸਾਤੀ ਸੀਜ਼ਨ 'ਚ ਹੋਣ ਵਾਲੀਆਂ ਬੀਮਾਰੀਆਂ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਲਿਆਉਣ ਵਿਚ ਲੱਗੇ ਹੋਏ ਹਨ, ਕੀ ਉਨ੍ਹਾਂ ਨੂੰ ਅਜਿਹੇ ਢਾਬੇ ਨਜ਼ਰ ਨਹੀਂ ਆਉਂਦੇ, ਜਿਨ੍ਹਾਂ ਦੇ ਤੰਦੂਰ ਹੀ ਸੜਕਾਂ 'ਤੇ ਹੁੰਦੇ ਹਨ ਅਤੇ ਤੰਦੂਰ ਵੀ ਸੀਵਰੇਜ ਦੇ ਗੰਦੇ ਪਾਣੀ ਵਿਚ ਡੁੱਬੇ ਰਹਿੰਦੇ ਹਨ।
ਕਰੀਬ ਇਕ ਸਾਲ ਪਹਿਲਾਂ ਨਗਰ ਨਿਗਮ ਦੇ ਹੈਲਥ ਆਫੀਸਰ ਡਾ. ਕ੍ਰਿਸ਼ਨ ਸ਼ਰਮਾ ਨੇ ਮਾਡਲ ਟਾਊਨ ਸਥਿਤ ਇਸ ਕਮਲ ਢਾਬੇ ਦਾ ਚਲਾਨ ਕੱਟਿਆ ਸੀ ਅਤੇ ਦੱਸਿਆ ਸੀ ਕਿ ਸੜਕ 'ਤੇ ਲੱਗੇ ਤੰਦੂਰ 'ਚ ਬਣ ਰਹੀਆਂ ਰੋਟੀਆਂ ਅਤੇ ਤੰਦੂਰ ਦੇ ਆਲੇ-ਦੁਆਲੇ ਦੇ ਹਾਲਾਤ ਵੇਖ ਕੇ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ ਕਿ ਸ਼ਹਿਰ 'ਚ ਆਖਿਰ ਹੋ ਕੀ ਰਿਹਾ ਹੈ। ਚਲਾਨ ਕੱਟਣ ਤੋਂ ਬਾਅਦ ਵੀ ਸਾਲਾਂ ਤੋਂ ਢਾਬੇ ਦੇ ਬਾਹਰ ਮਾਹੌਲ ਗੰਦਾ ਹੀ ਰਹਿਣਾ ਨਿਗਮ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹਾ ਕਰਦਾ ਹੈ।

ਢਾਬੇ ਨੂੰ ਕਿਵੇਂ ਮਿਲਿਆ ਹੋਵੇਗਾ ਐੱਫ. ਐੱਸ. ਐੱਸ. ਏ. ਆਈ. ਲਾਇਸੈਂਸ
ਜ਼ੋਮੈਟੋ, ਸਵਿਗੀ ਵਰਗੀਆਂ ਆਨਲਾਈਨ ਕੰਪਨੀਆਂ ਦੇ ਨਾਲ ਕੰਮ ਕਰਨ ਦੀਆਂ ਸ਼ਰਤਾਂ 'ਚ ਇਹ ਸ਼ਾਮਲ ਹੁੰਦਾ ਹੈ ਕਿ ਉਸ ਕੋਲ ਜੀ. ਐੱਸ. ਟੀ. ਦਾ ਨੰਬਰ ਹੋਵੇ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ.) ਦਾ ਲਾਇਸੈਂਸ ਹੋਵੇ। ਢਾਬੇ ਦੇ ਕੋਲ ਜੀ. ਐੱਸ. ਟੀ. ਨੰਬਰ ਹੋਣਾ ਕੋਈ ਵੱਡੀ ਗੱਲ ਨਹੀਂ ਅਤੇ ਜੋ ਢਾਬਾ ਆਪਣਾ ਮੇਨ ਤੰਦੂਰ ਹੀ ਬਾਹਰ ਸੜਕ 'ਤੇ ਅਤੇ ਸੀਵਰੇਜ ਦੇ ਗੰਦੇ ਪਾਣੀ ਵਿਚ ਚਲਾ ਰਿਹਾ ਹੈ, ਉਸ ਦੇ ਕੋਲ ਫੂਡ ਸੇਫਟੀ ਅਤੇ ਸਟੈਂਡਰਡ ਦਾ ਲਾਇਸੈਂਸ ਹੋਣਾ ਕਾਫੀ ਵੱਡੀ ਗੱਲ ਹੈ, ਜੋ ਸਿਹਤ ਵਿਭਾਗ ਦੀ ਪੋਲ ਖੋਲ੍ਹਦਾ ਹੈ। ਕਿਸ ਅਧਿਕਾਰੀ ਨੇ ਐੱਫ. ਐੱਸ. ਐੱਸ. ਏ. ਆਈ. ਲਾਇਸੈਂਸ ਦਿੱਤਾ, ਉਸ ਨੇ ਕੀ ਵੇਖਿਆ, ਇਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਜਲੰਧਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਵੱਡੀ ਨਾਲਾਇਕੀ ਅਤੇ ਲਾਪ੍ਰਵਾਹੀ ਸਾਹਮਣੇ ਆ ਸਕਦੀ ਹੈ। ਜਿਨ੍ਹਾਂ ਅਧਿਕਾਰੀਆਂ ਦੇ ਮੋਢਿਆਂ 'ਤੇ ਲੋਕਾਂ ਦੇ ਸਿਹਤ ਦੀ ਜ਼ਿੰਮੇਵਾਰੀ ਹੈ, ਉਹ ਖੁਦ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਮਾਨਸੂਨ ਸੈਸ਼ਨ : ਕਾਂਗਰਸੀ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਦਿੱਤੀ ਚਿਤਾਵਨੀ
NEXT STORY