ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਇਕ ਪਾਸੇ ਜਿਥੇ ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਭਰ 'ਚ ਸਫਾਈ ਮੁਹਿੰਮ ਚੱਲ ਰਹੀ ਹੈ, ਉਥੇ ਦੂਜੇ ਪਾਸੇ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ ਮੂਹਰੇ ਲੱਗੇ ਬਦਬੂ ਮਾਰਦੇ ਗੰਦੇ ਪਾਣੀ ਅਤੇ ਗੰਦਗੀ ਦੇ 'ਢੇਰ' ਸਫਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਕੂਲ ਸਟਾਫ ਵੱਲੋਂ ਇਸ ਮਾਮਲੇ ਸਬੰਧੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਤਾਂ ਕਰਵਾਇਆ ਗਿਆ ਹੈ ਪਰ ਸਮੱਸਿਆ ਦਿਨੋ-ਦਿਨ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਸਕੂਲ ਮੂਹਰਿਓਂ ਲੰਘਦੀਆਂ ਨਾਲੀਆਂ ਦੇ ਬੰਦ ਹੋਣ ਮਗਰੋਂ ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਬੱਚਿਆਂ ਨੂੰ 'ਨੱਕ' ਢੱਕ ਕੇ ਸਕੂਲ ਦੇ ਅੰਦਰ ਜਾਣਾ ਪੈਂਦਾ ਹੈ। ਇਥੇ ਹੀ ਬਸ ਨਹੀਂ ਸਕੂਲ ਦੀ ਸਾਫ-ਸਫਾਈ ਦਾ ਕੂੜਾ-ਕਰਕਟ ਅਤੇ ਹੋਰ ਗੰਦਗੀ ਦੀ ਸਮੱਗਰੀ ਵੀ ਇਥੇ ਹੀ ਸੁੱਟੀ ਜਾ ਰਹੀ ਹੈ, ਜਿਸ ਕਰਕੇ ਕੂੜੇ ਦੇ 'ਢੇਰ' ਵਧਦੇ ਜਾ ਰਹੇ ਹਨ।
'ਜਗ ਬਾਣੀ' ਵੱਲੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਇਸ ਸਕੂਲ 'ਚ 300 ਵਿਦਿਆਰਥੀ ਵਿਦਿਆ ਦਾ ਚਾਨਣ ਗ੍ਰਹਿਣ ਕਰਨ ਲਈ ਸਵੇਰ ਵੇਲੇ ਵੱਖ-ਵੱਖ ਕਲਾਸਾਂ 'ਚ ਪੜ੍ਹਨ ਲਈ ਆਉਂਦੇ ਹਨ ਪਰ ਇਨ੍ਹਾਂ ਗੰਦਗੀ ਦੇ 'ਢੇਰਾਂ' ਕੋਲੋਂ ਲੰਘਣ ਵੇਲੇ ਵਿਦਿਆਰਥੀਆਂ ਦੇ 'ਨੱਕ 'ਚ ਦਮ' ਆ ਜਾਂਦਾ ਹੈ, ਜਿਸ ਕਰਕੇ ਪੂਰਾ ਦਿਨ ਵਿਦਿਆਰਥੀਆਂ ਦਾ ਮੂੜ ਖਰਾਬ ਰਹਿੰਦਾ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਵਿਦਿਆਰਥੀਆਂ ਨੂੰ ਗੰਭੀਰ ਬੀਮਾਰੀਆਂ ਲੱਗਣ ਦਾ ਖਦਸ਼ਾ ਹੈ। ਸਕੂਲ ਦੇ ਸਟਾਫ ਨੇ ਇਸ ਸਬੰਧੀ ਗੱਲਬਾਤ ਕਰਨ 'ਤੇ ਕਿਹਾ ਕਿ ਸਕੂਲ ਦਾ ਮੂਹਰਲਾ ਪਾਸਾ ਨੀਵਾਂ ਹੋਣ ਕਾਰਨ ਥੋੜ੍ਹਾ-ਬਹੁਤਾ ਮੀਂਹ ਪੈਣ ਅਤੇ ਅਕਸਰ ਨਾਲਾ ਬੰਦ ਹੋਣ ਮਗਰੋਂ ਸਮੱਸਿਆ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਕੂਲ ਸਟਾਫ ਨੇ ਆਪਣੇ ਪੱਲਿਓਂ ਪੈਸੇ ਖਰਚ ਕਰ ਕੇ ਇਸ ਦੀ ਸਫਾਈ ਵੀ ਕਰਵਾਈ ਹੈ ਪਰ ਥੋੜ੍ਹੇ ਸਮੇਂ ਬਾਅਦ ਹੀ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਕੂਲ ਮੂਹਰਲੇ ਪਾਸੇ ਦੀ ਸਫਾਈ ਯਕੀਨੀ ਬਣਾਈ ਜਾਵੇ।
ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਪੈਸਿਆਂ ਵਾਲਾ ਬੈਗ ਖੋਹਿਆ
NEXT STORY